ਜੱਸੀ ਜਸਰਾਜ ਉਰਫ਼ ਬਿੱਕਰ ਬਾਈ ਸੈਂਟੀਮੈਂਟਲ

ਯਾਰੋ ! ਟੁੱਕ ‘ਤੇ ਡੇਲੇ ਵਾਲੀ ਗੱਲ ਤਾਂ ਇਹੀ ਹੈ ਕਿ ਮੈਂ ਨਾ ਤਾਂ ਅੱਜ ਤੱਕ ਜੱਸੀ ਜਸਰਾਜ ਨੂੰ ਮਿਲਿਆ ਹਾਂ ਤੇ ਨਾ ਹੀ ਅਜੇ ਯਾਰੀ ਪਈ ਹੈ । ਓਹਦੇ ਨਾਲ਼ ਫੋਨ ‘ਤੇ ਹੀ ਵਿਚਾਰਾਂ ਹੋਈਆਂ ਹਨ, ਉਹ ਵੀ ਕੇਵਲ ਦੋ ਕੁ ਘੰਟੇ । ਓਦੂੰ ਪਹਿਲਾਂ ਓਹਦੀਆਂ ਕੁਝ ਵੀਡੀਓ ਦੇਖੀਆਂ ਸਨ, ਯੂ ਟਿਊਬ ‘ਤੇ । ਸੱਚੀ ਗੱਲ ਤਾਂ ਇਹ ਹੈ ਕਿ ਦੋ ਘੰਟਿਆਂ ਦੀ ਫੋਨੀ ਗੱਲਬਾਤ ਨਾਲ਼ ਹੀ ਪਤੰਦਰ ਨੇ ਮਨ ਮੋਹ ਲਿਆ । ਇਉਂ ਜਾਪਦੈ, ਜਿਵੇਂ ਵਰ੍ਹੇ ਪੁਰਾਣੀ ਯਾਰੀ ਹੋਵੇ, ਜਦ ਕਿ ਅਜੇ ਤਾਂ ਜਾਣ ਪਹਿਚਾਣ ਵੀ ਕੁਝ ਦਿਨ ਪੁਰਾਣੀ ਹੈ ।
ਸਿਆਣੇ ਕਹਿੰਦੇ ਐ ਪਈ ਏਨਾ ਵੀ ਸੱਚ ਨਾ ਬੋਲੀਏ ਕਿ ਚਾਰ ਬੰਦੇ ਮੋਢਾ ਦੇਣ ਨੂੰ ਵੀ ਨਾ ਬਚਣ ਪਰ ਜੱਸੀ ਤਾਂ, ਓਹ ਜਿਵੇਂ ਕਹਿੰਦੇ ਹੁੰਦੇ ਐ ਨਾ ਕਿ ਅੱਡੀਆਂ ਨੂੰ ਥੁੱਕ ਲਾਈ ਫਿਰਦੈ, ਪੰਜਾਬੀ ਗਾਇਕੀ ‘ਚ ਘੁਲੇ ਗੰਦ ਨੂੰ ਸਾਫ਼ ਕਰਨ ਲਈ । ਬਾਈ ਨੇ ਪੇਚਾ ਵੀ ਪਤਾ ਕਿੱਥੇ ਪਾਇਐ ? ਐਂ… ਪੰਜਾਬੀ ਗਾਇਕੀ ‘ਚ ਗੰਦ ਦੇ ਟੀਸੀ ਆਲੇ ਬੇਰ ਨੂੰ ਆਪਣੀ ਗੁਲੇਲ ਦਾ ਨਿਸ਼ਾਨਾ ਬਣਾਇਐ । ਨਹੀਂ ਸਮਝੇ… ਓਹੀ ਯਾਰ, ਜੀਹਨੂੰ ਜੱਸੀ ਛੋਟੂ ਕਹਿੰਦਾ ਹੁੰਦੈ… । ਅਜੇ ਵੀ ਨਹੀਂ ਸਮਝੇ… ਓਹੀ ਯਾਰ ਜੀਹਨੇ ਕੁਝ ਵਰ੍ਹੇ ਪਹਿਲਾਂ “ਪੱਚੀਆਂ ਪਿੰਡਾਂ ਦੀ ਸਰਦਾਰੀ” ਕਾਇਮ ਕੀਤੀ ਸੀ ਤੇ ਕੁਝ ਕੁ ਮਹੀਨੇ ਪਹਿਲਾਂ ਬੜਾ ਗੱਜ ਵੱਜ ਕੇ ਕਹਿੰਦਾ ਸੀ, “ਮੈਂ ਹੂੰ ਬਲਾਤ..” । ਹਾਂ ! ਹੁਣ ਸਮਝੇ ਹੋ, ਬਿਲਕੁੱਲ ਆਨੇ ਆਲੀ ਥਾਂ ‘ਤੇ ਪਹੁੰਚੇ ਹੋ, ਮੈਂ ਗੱਲ ਕਰ ਰਿਹਾ ਹਾਂ, ਹਨੀ ਸਿੰਘ ਦੀ । ਊਂ… ਏਨੀ ਗੱਲ ਵੀ ਸੋਚਣੀ ਬਣਦੀ ਐ ਪਈ ਕੀ ਇਹ ਬੰਦਾ ਆਪਣੇ ਨਾਂ ਪਿੱਛੇ “ਸਿੰਘ” ਲਗਾਉਣ ਦੇ ਕਾਬਿਲ ਵੀ ਹੈ ਜਾਂ ਨਹੀਂ ? ਕਿਉਂਕਿ “ਸਿੰਘ” ਸ਼ਬਦ ਦੀ ਗੱਲ ਕਰਦਿਆਂ ਸਾਡੀਆਂ ਅੱਖਾਂ ਸਾਹਮਣੇ ਅਜਿਹਾ ਬਹੁਤ ਕੁਝ ਘੁੰਮ ਜਾਂਦਾ ਹੈ, ਜੋ ਕਿ ਸਾਡੇ ਦਿਲੀ ਸਤਿਕਾਰ ਦੇ ਕਾਬਿਲ ਹੁੰਦਾ ਹੈ ।

ਹੁਣ ਜੱਸੀ ਜਸਰਾਜ ਦੇ ਹਨੀ ਸਿਓਂ ਨਾਲ਼ ਪਏ ਪੇਚੇ ਦੀ ਗੱਲ ਕਰੀਏ ਤਾਂ ਮੁੱਢ ਤਾਂ ਏਸ ਗੱਲ ਦਾ ਇਹੀ ਜਾਪਦਾ ਹੈ ਕਿ ਇਹ ਕਿੜ ਨਿੱਜੀ ਹੈ, ਪਰ ਜੱਸੀ ਵੀ ਕੰਮ ਅਜਿਹਾ ਕਰ ਰਿਹਾ ਹੈ, ਜਿਵੇਂ ਕਿ ਕੋਈ ਬਹੁਕਰ ਆਪਣੇ ਘਰ ‘ਚ ਮਾਰ ਰਿਹਾ ਹੁੰਦਾ ਹੈ ਪਰ ਸਫ਼ਾਈ ਸਾਰੇ ਮੁਹੱਲੇ ਜਾਂ ਪਿੰਡ ਦੀ ਹੋ ਰਹੀ ਹੁੰਦੀ ਹੈ । ਹਨੀ ਸਿੰਘ ਦੁਆਰਾ ਆਪਣੀ ਗਾਇਕੀ ਤੇ ਗਾਇਨ ਜਗਤ ‘ਚ ਆਪਣੀਆਂ ਗਤੀਵਿਧੀਆਂ ਕਾਰਨ ਪਾਏ ਗੰਦ ਬਾਰੇ ਜੱਸੀ ਜਸਰਾਜ ਕੋਈ ਲੁਕ ਛਿਪ ਕੇ ਜਾਂ ਇਸ਼ਾਰਿਆਂ ‘ਚ ਗੱਲ ਨਹੀਂ ਕਰਦਾ, ਸਗੋਂ ਸ਼ਰ੍ਹੇਆਮ ਬੜੀ ਬੁਲੰਦ ਆਵਾਜ਼ ‘ਚ ਉਸਦਾ ਵਿਰੋਧ ਕਰਦਾ ਹੈ ਤੇ ਗਾਇਕੀ ‘ਚ ਪਏ ਗੰਦ ਨੂੰ ਸਾਫ਼ ਕਰਨ ਦੇ ਹੀਲਿਆਂ ਬਾਰੇ ਆਪਣੇ ਅਹਿਦ ਨੂੰ ਦੁਹਰਾਉਂਦਾ ਹੈ । ਗਾਇਕੀ ਦੇ ਖੇਤਰ ‘ਚ ਹੋਰ ਵੀ ਬੜੇ ਗਲੇ ਹਨ, ਜੋ ਅਸ਼ਲੀਲਤਾ ਨੂੰ ਬੜੀਆਂ ਬੜਕਾਂ ਮਾਰ ਮਾਰ ਕੇ ਬਿਆਨ ਕਰਦੇ ਹਨ । ਉਨ੍ਹਾਂ ਦੀ ਵੀ ਇਸਤਰੀ ਜਾਗ੍ਰਿਤੀ ਮੰਚ ਵਾਲੀਆਂ ਬੀਬੀਆਂ ਨੇ ਵੀ ਬਹੁਤ ਮਿੱਟੀ ਪਲੀਤ ਕੀਤੀ ਸੀ, ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੋਇਆ ਤੇ ਜਿਵੇਂ ਸ਼ਾਇਦ ਕਹਾਵਤ ਵੀ ਐ ਨਾ ਕਿ ਕਿਸੇ ਨੇ ਕਿਸੇ ਨੂੰ ਕਿਹਾ “ਬੇਸ਼ਰਮਾ ! ਤੇਰੇ ਢੂਹੇ ‘ਤੇ ਪਿੱਪਲ ਉਗ ਆਇਆ, ਅੱਗੋਂ ਜੁਆਬ ਮਿਲਿਆ ਕਿ ਯਾਰ ਤਾਂ ਪਿੱਪਲ ਦੀ ਛਾਵੇਂ ਬਹਿੰਦੇ ਐ ।” ਸੋ, ਇੰਝ ਹੀ ਉਨ੍ਹਾਂ ਦੀ ਸਿਹਤ ‘ਤੇ ਵੀ ਕੋਈ ਅਸਰ ਨਾ ਹੋਇਆ । ਇੰਝ ਹੀ ਗਾਇਕੀ ਦੀ ਦੁਨੀਆਂ ‘ਚ ਹੋਰ ਗੰਦ ਪਾਉਣ ਵਾਲਿਆਂ ਬਾਰੇ ਜੱਸੀ ਦਾ ਕਹਿਣਾ ਇਹ ਹੈ ਕਿ ਪਿੰਡਾਂ ‘ਚ ਅਮਰੂਦਾਂ ਦੇ ਬਾਗ਼ ‘ਚ ਜੇ ਇੱਕ ਕਾਂ ਮਾਰ ਕੇ ਪੁੱਠਾ ਲਟਕਾ ਦਿਓ ਤਾਂ ਬਾਕੀ ਕਾਂ “ਕਾਂ” “ਕਾਂ” ਤਾਂ ਕਰੀ ਜਾਣਗੇ ਪਰ ਨੇੜੇ ਕੋਈ ਨਹੀਂ ਆਊਗਾ । ਜੱਸੀ ਕਹਿੰਦਾ ਹੈ ਕਿ ਅਸ਼ਲੀਲ ਗਾਇਕੀ ਨਾਲ਼ ਟੱਕਰ ਲੈਣ ਦੇ ਇਸ ਕਾਰਜ ‘ਚ ਕਿਸੇ ਵੀ ਵੱਡੇ ਗਾਇਕ ਦਾ ਹੱਥ ਉਸਦੇ ਸਿਰ ‘ਤੇ ਨਹੀਂ ਟਿਕਿਆ, ਜੋ ਉਸਨੂੰ ਹੌਸਲਾ ਦੇ ਕੇ ਅਗਾਂਹ ਵਧਣ ਲਈ ਹੋਕਰਾ ਮਾਰੇ ।

ਜੇਕਰ ਜੱਸੀ ਦੀ ਗਾਇਕੀ ਦੀ ਗੱਲ ਕਰਾਂ ਤਾਂ ਉਸਦੀ ਐਲਬਮ “ਤੇਜ਼ਾਬ 1984 – ਇੱਕ ਅਰਦਾਸ” ਯੂ ਟਿਊਬ ‘ਤੇ ਦੇਖੀ । ਵੀਡੀਓ ਦੇਖਦਿਆਂ ਕਰੀਬ 17 ਮਿੰਟ ਇਹੀ ਮਹਿਸੂਸ ਹੁੰਦਾ ਰਿਹਾ ਜਿਵੇਂ ਤੁਪਕਾ ਤੁਪਕਾ ਕਰਕੇ ਪਾਰਾ ਜਾਂ ਤੇਜ਼ਾਬ ਕੰਨਾਂ ‘ਚ ਪੈਂਦਾ ਜਾ ਰਿਹਾ ਹੋਵੇ । ਵਾਕਿਆ ਹੀ ਉਸਨੇ ਆਲ੍ਹਾ ਦਰਜੇ ਦੀ ਗਾਇਕੀ ਪੇਸ਼ ਕੀਤੀ ਹੈ । ਸੱਚ ਕਹਾਂ, ਦੇਖਣ ਤੇ ਸੁਣਨ ਯੋਗ ਹੈ ।
ਹੁਣ ਜੱਸੀ ਜਸਰਾਜ ਦੀ ਫਿਲਮ “ਬਿੱਕਰ ਬਾਈ ਸੈਂਟੀਮੈਂਟਲ” ਆਈ ਹੈ । ਇਸ ਫਿਲਮ ਦੀ ਅੰਦਰਲੀ ਕਹਾਣੀ ਤੋਂ ਪਹਿਲਾਂ ਫਿਲਮ ਦੀ ਅਸਲ ਕਹਾਣੀ ‘ਤੇ ਨਜ਼ਰ ਮਾਰੀ ਜਾਏ ਤਾਂ ਬਿੱਕਰ ਬਾਈ ਉਰਫ਼ ਬਿਕਰਮ ਸਿੰਘ ਇੱਕ ਅਜਿਹਾ ਨੌਜਵਾਨ ਹੈ, ਜੋ ਦੇਸ਼ ‘ਚ ਚੱਲ ਰਹੇ “ਸਿਸਟਮ” ਤੋਂ ਓਨ੍ਹਾਂ ਹੀ ਦੁਖੀ ਤੇ ਪ੍ਰੇਸ਼ਾਨ ਹੈ, ਜਿੰਨਾਂ ਕਿ ਹਰ ਦੇਸ਼ਵਾਸੀ ਅਸਲ ‘ਚ ਦੁਖੀ ਹੈ । ਇਸ ਸਿਸਟਮ ਨਾਲ਼ ਲੋਹਾ ਲੈਣ ਲਈ ਉਸਨੇ ਹਥਿਆਰ ਵੀ ਬੜਾ ਜ਼ਬਰਦਸਤ ਚੁਣਿਆ ਹੈ, “ਪਾਵਾ” । ਜੀ ਹਾਂ… ਮੰਜੇ ਦਾ ਪਾਵਾ । ਹੋਰ ਤਾਂ ਹੋਰ ਅੱਜ ਕੱਲ ਇਹ ਪਾਵਾ ਜੱਸੀ ਜਸਰਾਜ ਦੇ ਨਾਲ਼ ਨਾਲ਼ ਵਿਦੇਸ਼ਾਂ ਦੀ ਸੈਰ ਵੀ ਕਰਦਾ ਫਿਰ ਰਿਹਾ ਹੈ । ਹਾਲਾਂਕਿ ਆਸਟ੍ਰੇਲੀਆ ਵਰਗੇ ਬਹੁਤ ਸਾਰੇ ਮੁਲਕਾਂ ‘ਚ ਬਾਹਰੋਂ ਲੱਕੜ ਦੀਆਂ ਵਸਤੂਆਂ ਨਹੀਂ ਆ ਸਕਦੀਆਂ ਪਰ “ਪੰਜਾਬੀ ਪਾਵਾ” ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ‘ਚ ਸੈਰ ਕਰ ਰਿਹਾ ਹੈ । ਜੱਸੀ ਦਾ ਕਹਿਣਾ ਹੈ ਕਿ ਇਹ ਪਾਵਾ ਤਾਂ ਲੱਕੜ ਦਾ ਇੱਕ ਟੁਕੜਾ ਹੈ ਪਰ ਅਸਲ ‘ਚ ਇਨਸਾਨ ਕੋਲ ਸੋਚ ਦਾ ਪਾਵਾ, ਜਿਗਰੇ ਦਾ ਪਾਵਾ, ਮਿਹਨਤ ਦਾ ਪਾਵਾ ਜਾਂ ਲੇਖਕ ਕੋਲ ਕਲਮ ਦਾ ਪਾਵਾ ਹੋਣਾ ਜ਼ਰੂਰੀ ਹੈ, ਜਿਸ ਨਾਲ਼ ਉਹ ਸਮਾਜ ‘ਚ ਫੈਲੀਆਂ ਕੁਰੀਤੀਆਂ ਨਾਲ਼ ਟੱਕਰ ਲੈ ਸਕੇ ।

ਹੁਣ ਜੱਸੀ ਜਸਰਾਜ ਮੁਤਾਬਿਕ ਗੱਲ ਫਿਲਮ ਦੀ ਅੰਦਰਲੀ ਕਹਾਣੀ ਦੀ ਕੀਤੀ ਜਾਵੇ ਤਾਂ ਕਈ “ਵੱਡੀਆਂ ਤਾਕਤਾਂ” ਵੱਲੋਂ ਪ੍ਰਦੇਸਾਂ ‘ਚ ਉਸਦੀ ਫਿਲਮ ਦੇ ਰਾਹ ‘ਚ ਰੋੜੇ ਅਟਕਾਏ ਜਾ ਰਹੇ ਹਨ । ਜਿਨ੍ਹਾਂ ਨਾਲ਼ ਉਸਦੀ ਵਿਚਾਰਾਂ ਦੀ ਟੱਕਰ ਹੈ, ਜਿਹੜੀਆਂ ਸਮਾਜਿਕ ਬੁਰਾਈਆਂ ਨਾਲ਼ ਉਹ ਲੋਹਾ ਲੈ ਰਿਹਾ ਹੈ, ਉਹੀ ਲੋਕ ਆਪਣੀ ਤਾਕਤ ਦਾ ਇਸਤੇਮਾਲ ਕਰ, ਉਸਦੀ ਫਿਲਮ ਦੇ ਰਾਹ ‘ਚ ਸਭ ਤੋਂ ਵੱਡਾ ਅੜਿੱਕਾ ਬਣੇ ਹੋਏ ਹਨ । ਸਮੇਂ ਦਾ ਸੱਚ ਹੈ ਕਿ ਹਮੇਸ਼ਾ ਹੀ ਬੁਰਾਈ, ਚੰਗਿਆਈ ‘ਤੇ ਭਾਰੂ ਹੁੰਦੀ ਰਹੀ ਹੈ, ਭਾਵੇਂ ਅੰਤ ‘ਚ ਚੰਗਿਆਈ ਦੀ ਹੀ ਜਿੱਤ ਹੁੰਦੀ ਹੈ । ਜੇਕਰ ਇਸ ਫਿਲਮ ਨਾਲ਼ ਜੁੜੇ ਚੰਗੇ ਬੰਦਿਆਂ ਦੀ ਗੱਲ ਕੀਤੀ ਜਾਏ ਤਾਂ ਜੇਕਰ ਅੱਜ ਉਨ੍ਹਾਂ ਦੀ ਫਿਲਮ ‘ਤੇ ਬੁਰੀਆਂ ਤਾਕਤਾਂ ਵੱਲੋਂ ਰੋਕ ਲਾਉਣ ‘ਚ ਸਫ਼ਲਤਾ ਮਿਲ ਗਈ ਤੇ ਬਾਅਦ ‘ਚ ਚੰਗਿਆਈ ਦੀ ਜਿੱਤ ਹੋ ਵੀ ਗਈ ਤਾਂ ਮਾਇਕ ਤੌਰ ‘ਤੇ ਹੋਈ ਨਿਰਮਾਤਾ ਦੇ ਨੁਕਸਾਨ ਦੀ ਭਰਪਾਈ ਤਾਂ ਹੋਣੋ ਰਹੀ । ਜੇ ਕੇਰਾਂ ਫਿਲਮ ਰੋਕੀ ਗਈ ਤਾਂ ਮੁੜ ਜੋ ਮਰਜ਼ੀ ਹੋਈ ਜਾਏ, ਭਾਵੇਂ ਚੰਗਿਆਈ ਦੀ ਜਿੱਤ ਜਾਂ ਬੁਰਿਆਈ ਦੀ ਜਿੱਤ ਜਾਂ ਹਾਰ, ਨਿਰਮਾਤਾ ਦਾ ਤਾਂ ਸਮਝੋ ਟੱਲ ਵੱਜ ਗਿਆ । ਹੁਣ ਫੈਸਲਾ ਕਰਨਾ ਦਰਸ਼ਕਾਂ ਦੇ ਹੱਥ ਹੈ ਕਿ ਕੀ ਉਹ ਜੱਸੀ ਜਸਰਾਜ ਵਰਗੇ ਸੱਚ ਬੋਲਣ ਵਾਲੇ ਬੰਦੇ ਦਾ ਹੌਸਲਾ ਕਾਇਮ ਰੱਖਦੇ ਹਨ ਜਾਂ… !
****

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>