ਨਵੀਂ ਦਿੱਲੀ- ਕਾਂਗਰਸ ਨੇ 2014 ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣੀ ਪਾਰਟੀ ਵਿਚ ਵੱਡੀ ਪੱਧਰ ‘ਤੇ ਫੇਰ ਬਦਲ ਕੀਤਾ ਹੈ। ਰਾਹੁਲ ਗਾਂਧੀ ਨੇ ਨੇ ਨਵੀਂ ਟੀਮ ਬਣਾਉਂਦੇ ਹੋਏ ਸਾਬਕਾ ਕੇਂਦਰੀ ਮੰਤਰੀਆਂ ਅਜੈ ਮਾਕਨ ਅਤੇ ਸੀਪੀ ਜੋਸ਼ੀ ਨੂੰ ਅੰਬਿਕਾ ਸੋਨੀ ਤੇ ਗੁਰਦਾਸ ਕਾਮਤ ਦੇ ਨਾਲ ਜਨਰਲ ਸਕੱਤਰ ਨਿਯੁਕਤ ਕੀਤਾ ਹੈ ਜਦਕਿ ਗੁਲਾਮ ਨਬੀ ਆਜ਼ਾਦ ਅਤੇ ਆਸਕਰ ਫਰਨਾਂਡੇਜ਼ ਦੀ ਛੁੱਟੀ ਕਰ ਦਿੱਤੀ ਹੈ। ਪਾਰਟੀ ਨੇ ਵੱਡੀ ਪੱਧਰ ‘ਤੇ ਤਬਦੀਲੀ ਕਰਦਿਆਂ ਹੋਇਆਂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਅਹਿਮਦ ਪਟੇਲ ਨੂੰ ਆਪਣਾ ਸਿਆਸੀ ਸੱਕਤਰ ਬਣਾਈ ਰੱਖਿਆ ਹੈ ਪਰੰਤੂ ਅੰਬਿਕਾ ਸੋਨੀ ਨੂੰ ਜਨਰਲ ਸਕੱਤਰ ਨਿਯੁਕਤ ਕਰਦੇ ਹੋਏ ਕਾਂਗਰਸ ਪ੍ਰਧਾਨ ਦੇ ਦਫ਼ਤਰ ਦਾ ਇੰਚਾਰਜ ਬਣਾਈ ਰੱਖਿਆ ਹੈ।
ਰਾਹੁਲ ਗਾਂਧੀ ਦੇ ਨਜ਼ਦੀਕੀ ਸਮਝੇ ਜਾਂਦੇ ਮਧੂਸੂਦਨ ਮਿਸਤਰੀ ਨੂੰ ਉਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ ਜਦਕਿ ਦਿਗਵਿਜੈ ਸਿੰਘ ਨੂੰ ਆਂਧਰ ਪ੍ਰਦੇਸ਼, ਕਰਨਾਟਕਾ ਅਤੇ ਗੋਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹੋਰਨਾਂ ਰਾਜਾਂ ਦੇ ਇੰਚਾਰਜਾਂ ਜਗਮੀਤ ਸਿੰਘ ਬਰਾੜ, ਜਗਦੀਸ਼ ਟਾਈਟਲਰ ਅਤੇ ਗੁਲਚੈਨ ਸਿੰਘ ਚਰਕ ਨੂੰ ਫਿਰ ਤੋਂ ਨਿਯੁਕਤ ਨਹੀਂ ਕੀਤਾ ਗਿਆ।
ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਕੁਝ ਅਹੁਦੇ ਖਾਲੀ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਭਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀਆਂ ਪੀਕੇ ਬੰਸਲ ਅਤੇ ਅਸ਼ਵਿਨੀ ਕੁਮਾਰ ਦੇ ਮੰਤਰੀ ਪਰਿਸ਼ਦ ਤੋਂ ਅਸਤੀਫੇ ਦੇ ਦੇਣ ਕਰਕੇ ਕੁਝ ਅਹੁਦੇ ਖਾਲੀ ਹੋ ਗਏ ਹਨ।