ਪਟਨਾ-ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦਿ ਯਾਦਵ ਨੇ ਕਿਹਾ ਕਿ ਨੀਤੀਸ਼ ਤਾਂ ਅਡਵਾਨੀ ਦਾ ਤੋਤਾ ਹੈ ਜੋ ਅਡਵਾਨੀ ਕਹਿੰਦਾ ਹੈ ਉਹੀ ਨੀਤੀਸ਼ ਬੋਲਦਾ ਹੈ। ਲਾਲੂ ਨੇ ਕਿਹਾ ਕਿ ਭਾਜਪਾ ਅਤੇ ਜਦਯੂ ਦੋਵੇਂ ਹੀ ਬਿਹਾਰ ਦੇ ਲੋਕਾਂ ਨੂੰ 17 ਸਾਲਾਂ ਤੋਂ ਠੱਗਦੇ ਆ ਰਹੇ ਹਨ ਅਤੇ ਹੁਣ ਵੀ ਨੀਤੀਸ਼ ਨੇ ਘਟ ਗਿਣਤੀ ਦੀਆਂ ਵੋਟਾਂ ਹਾਸਲ ਕਰਨ ਲਈ ਭਾਜਪਾ ਤੋਂ ਆਪਣਾ ਰਿਸ਼ਤਾ ਤੋੜਿਆ ਹੈ।
ਲਾਲੂ ਨੇ ਕਿਹਾ ਕਿ ਮੋਦੀ ਦਾ ਵਿਰੋਧ ਕਰਕੇ ਨੀਤੀਸ਼ ਆਪਣਾ ਅਕਸ ਇਕ ਧਰਮ ਨਿਰਪੱਖ ਨੇਤਾ ਵਜੋਂ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਨੀਤੀਸ਼ ਨੂੰ ਘੱਟ ਗਿਣਤੀਆਂ ਦੀ ਚਿੰਤਾ ਬਿਲਕੁਲ ਵੀ ਨਹੀਂ ਹੈ ਸਗੋਂ ਉਹ ਆਪਣਾ ਵੋਟ ਬੈਂਕ ਬਣਾਉਣਾ ਚਾਹੁੰਦਾ ਹੈ। ਲਾਲੂ ਨੇ ਕਿਹਾ ਕਿ ਨੀਤੀਸ਼ ਨੇ ਮੋਦੀ ਦਾ ਵਿਰੋਧ ਉਦੋਂ ਕੀਤਾ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੇ ਮੋਦੀ ਨੂੰ ਭਾਜਪਾ ਚੋਣ ਪ੍ਰਚਾਰ ਦੀ ਮੁਹਿੰਮ ਕਮੇਟੀ ਦੀ ਕਮਾਨ ਦੇਣ ਸਬੰਧੀ ਆਪਣੀ ਨਰਾਜ਼ਗੀ ਪ੍ਰਗਟਾਈ।
ਆਉਂਦੀਆਂ ਲੋਕਸਭਾ ਤੇ ਵਿਧਾਨ ਸਭਾ ਚੋਣਾਂ ਸਬੰਧੀ ਲਾਲੂ ਨੇ ਕਿਹਾ ਕਿ ਜਨਤਾ ਭਾਜਪਾ ਅਤੇ ਜਦਯੂ ਦੋਵਾਂ ਨੂੰ ਸਬਕ ਸਿਖਾਏਗੀ।