ਅਕਾਲ ਤਖ਼ਤ ਸਾਹਿਬ ਦੇ ਮਾਇਨੇ ਹਨ : ਸਮੇਂ ਤੋਂ ਆਜ਼ਾਦ ਸਿੰਘਾਸਨ, ਹਮੇਸ਼ਾਂ ਆਜ਼ਾਦ!
ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਮਸਲਿਆਂ ‘ਚ ਸਦੀਵੀ ਸੇਧ ਦੇਣ ਵਾਸਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 17ਵੀਂ ਸਦੀ ਵਿਚ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ। ਜੋ ਕਿ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਉਪਰ ਸਥਿਤ ਹੈ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਗਲਤੀਆਂ ਵਜੋਂ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਸੀ। ਅੱਜ ਗਿਆਨੀ ਗੁਰਬਚਨ ਸਿੰਘ ਜੀ ਇਸ ਅਹੁਦੇ ‘ਤੇ ਮੌਜੂਦ ਹਨ।
ਅਕਾਲੀ ਦਲ ਇਕ ਸਿਆਸੀ ਪਾਰਟੀ ਹੈ ਜੋ ਕਿ ਸਿੱਖਾਂ ਦੇ ਕੁਝ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ। ਦੂਸਰੇ ਸਿੱਖ ਅਤੇ ਪੰਜਾਬੀਆਂ ਦੀ ਨੁਮਾਇੰਦਗੀ ਪੰਜਾਬ ਕਾਂਗਰਸ ਜਾਂ ਕੁਝ ਹੋਰ ਸਿਆਸੀ ਪਾਰਟੀਆਂ ਕਰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਅਕਾਲੀ ਦਲ ਤੋਂ ਅਲਗ ਹੋਣੀ ਚਾਹੀਦੀ ਹੈ, ਇਸ ਦਾ ਮੁੱਖ ਕਾਰਜ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਿਆਂ ਤੇ ਹੋਰ ਸੰਸਥਾਵਾਂ ਦਾ ਪ੍ਰਬਧ ਕਰਨਾ ਹੈ। ਇਹ ਹੀ ਅਕਾਲ ਤਖ਼ਤ ਅਤੇ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕਰਦੀ ਹੈ। ਇਹ ਜਥੇਦਾਰ ਸ੍ਰੋ਼ਮਣੀ ਕਮੇਟੀ ਦੇ ਮੁਲਾਜ਼ਮ ਹੁੰਦੇ ਹਨ। ਅੰਗਰੇਜ਼ ਸਰਕਾਰ ਤੋਂ ਗੁਰਦੁਆਰਾ ਐਕਟ 1925 ‘ਚ ਬੜੀਆਂ ਕੁਰਬਾਨੀਆਂ ਬਾਅਦ ਪਾਸ ਕਰਵਾਇਆ ਗਿਆ ਸੀ। ਤਾਂ ਇਹ ਕਮੇਟੀ ਹੋਂਦ ‘ਚ ਆਈ ਸੀ। ਪਹਿਲੇ ਪ੍ਰਧਾਨ ਮਹਿਤਾਬ ਸਿੰਘ ਰਾਏ ਬਹਾਦਰ ਪਾਰਟੀ ਜਾਂ ਗਰੁੱਪ ਦੇ ਬਣੇ ਸਨ। ਅਗਾਂਹ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਮਤ ਮਿਲਿਆ ਸੀ, ਬਾਬਾ ਖੜਕ ਸਿੰਘ ਪ੍ਰਧਾਨ ਬਣੇ ਜੋ ਕਿ ਜੇਲ੍ਹ ਵਿਚ ਸਨ। ਮੀਤ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਕੰਮ ਚਲਾਇਆ। ੳੱਜ ਇਸ ਕਮੇਟੀ ਦਾ ਸਾਲਾ ਬਜਟ 665 ਕਰੋੜ ਰੁਪਏ ਹੈ, ਜੋ ਕਿ ਬਹੁਤ ਵੱਡੀ ਰਕਮ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ 77 ਕਰੋੜ ਰੁਪਏ ਦਾ ਹੈ ਇਹ ਦਿੱਲੀ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦਾ ਕੰਮ ਸੰਭਲਾਦੀ ਹੈ। ਪੰਜਾਬ ਸਰਕਾਰ ਦਾ ਸਾਲਾਨਾ ਬਜਟ 11,500 ਕਰੋੜ ਰੁਪਏ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਨਜ਼ਦੀਕੀ ਸਬੰਧ ਰਿਹਾ ਹੈ। ਅੱਜ 5 ਤਖ਼ਤ ਹਨ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ। ਅਕਾਲ ਤਖ਼ਤ ਅੰਮ੍ਰਿਤਸਰ ਦਾ ਜਥੇਦਾਰ ਚਾਰ ਹੋਰ ਤਖ਼ਾਂ ਦੇ ਜਥੇਦਾਰਾਂ ਦਾ ਮੁਖੀ ਹੁੰਦਾ ਹੈ। ਜਥੇਦਾਰਾਂ ਨੇ ਸਿੱਖ ਮਰਿਆਦਾ ਅਤੇ ਅਸੂਲਾਂ ਉਤੇ ਪਹਿਰਾ ਦੇਣਾ ਹੁੰਦਾ ਹੈ। ਇਹ ਪਹਿਰਾ ਤਾਂ ਹੀ ਦਿੱਤਾ ਜਾ ਸਕਦਾ ਹੈ ਅਗਰ ਜਥੇਦਾਰ ਸਾਹਿਬਾਨ ਸਿਆਸੀ ਦਬਾਅ ਤੋਂ ਮੁਕਤ ਹੋਣ। ਸਾਰੇ ਸਿੱਖ ਅਕਾਲੀ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ। ਧਰਮ ਸਿੱਖ ਹੈ ਪਰ ਸਿਆਸੀ ਪਾਰਟੀ ਜਾਂ ਵਿਚਾਰ ਵੱਖ ਵੱਖ ਹੋ ਸਕਦੇ ਹਨ। ਕਾਂਗਰਸੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ 10 ਅਪ੍ਰੈਲ 1973 ਨੂੰ ਗੁਰੁ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੇਸ ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੂੰ ਨਾਲ ਲੈ ਕੇ ਕੀਤਾ ਸੀ। ਜਥੇਦਾਰ ਅਜਨੋਹਾ ਸਾਹਿਬ ਬਹੁਤ ਹੀ ਸਿਆਣੀ ਸ਼ਖ਼ਸੀਅਤ ਵਾਲੇ ਤਜਰਬੇਕਾਰ ਧਾਰਮਿਕ ਜਥੇਦਾਰ ਸਨ। ਅਜਨੋਹਾ ਸਾਹਿਬ ਨੇ ਸਿਆਣਪ ਅਤੇ ਦਲੇਰੀ ਨਾਲ ਨਿਰਪੱਖ ਰਹਿੰਦ ਹੋਏ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕੀਤੀ। ਕੇਂਦਰ ਦੀ ਕਾਂਗਰਸੀ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਚਲਾਈ ਜਦੋ ਜਹਿਦ ਵਿਚ ਅੰਦਰਖਾਤੇ ਮਦਦ ਕੀਤੀ ਤਾਂ ਕਿ ਪੰਜਾਬ ਦੀ ਬਾਦਲ ਸਰਕਾਰ ਨੂੰ ਖ਼ਤਮ ਕੀਤਾ ਜਾ ਸਕੇ। ਫਿਰ ਇਹ ਲਹਿਰ ਕਾਂਗਰਸ ਦੇ ਹੱਥੋਂ ਨਿਕਲ ਗਈ। ਅਜਨੋਹਾ ਸਾਹਿਬ ਸੰਤ ਭਿੰਡਰਾਂਵਾਲਿਆਂ ਦਾ ਨਿਰਪੱਖਤਾ ਨਾਲ ਧਾਰਮਕ ਤੌਰ ‘ਤੇ ਸਾਥ ਦਿੰਦੇ ਰਹੇ। 1982 ‘ਚ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਅਕਾਲ ਚਲਾਣਾ ਕਰ ਗਏ। ਫਿਰ ਕਈ ਜਥੇਦਾਰ ਆਏ ਪਰ ਅਕਾਲ ਤਖਤ ਸਾਹਿਬ ਨੂੰ ਆਜ਼ਾਦੀ ਨਾਲ ਚਲਾ ਨਾ ਸਕੇ ਜਾਂ ਚਲਾਉਣ ਨਾ ਦਿੱਤਾ ਗਿਆ। ਹੌਲੀ ਹੌਲੀ ਬਾਦਲ ਧੜੇ ਦੀ ਤਾਕਤ ਵਧਦੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਆਣਪ ਅਤੇ ਚੁਸਤੀ ਵਾਲੀ ਸਿਆਸਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਧੜੇ ਦੇ ਕਾਬੂ ਨਾ ਆਉਣ ਦਿੱਤੀ। ਝਦੋਨ ਬਾਦਲ ਪ੍ਰਵਾਰ ਦਾ ਅਕਾਲੀ ਦਲ ਉਪਰ ਕਬਜ਼ਾ ਵਧ ਗਿਆ ਤਾਂ ਟੌਹੜਾ ਸਾਹਿਬ ਨੂੰ ਲਾਹ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਣਾਇਆ ਗਿਆ। ਹੁਣ ਅਵਤਾਰ ਸਿੰਘ ਮੱਕੜ ਪ੍ਰਧਾਨ ਬਣਾਏ ਹੋਏ ਹਨ। ਵਰਣਨਯੋਗ ਹੈ ਕਿ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ 665 ਕਰੋੜ ਰੁਪਏ ਹੈ। ਮਾਇਆ ਜ਼ਰੂਰੀ ਚੀਜ਼ ਹੈ ਜੋ ਜ਼ਿੰਦਗ਼ੀ, ਸਮਾਜ ਅਤੇ ਸਿਆਸਤ ਨੂੰ ਚਲਾਉਂਦੀ ਹੈ। ਪੈਸਾ ਗਰੀਬੀ, ਅਮੀਰੀ, ਗੁਲਾਮੀ ਨੂੰ ਜਨਮ ਦਿੰਦਾ ਹੈ ਅਤੇ ਇਨ੍ਹਾਂ ਦਾ ਖਾਤਮਾ ਵੀ ਪੈਸਾ ਹੀ ਕਰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਦਲਾਂ, ਇਨ੍ਹਾਂ ਦੇ ਨਿਕਟਵਰਤੀਆਂ ਅਤੇ ਚਮਚਿਆਂ ਨੇ ਆਪਣੀ ਨਿਜਵਾਦੀ, ਨਿਕਟਵਾਈ, ਸਰਮਾਏਦਾਰੀ ਸਿਆਸਤ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਉਪਰ ਕਬਜ਼ਾ ਕਰ ਲਿਆ ਹੈ। “ਮੁਕੰਮਲ ਤਾਕਤ ਮੁਕੰਮਲ ਕੁਰਪਸ਼ਨ ਵਧਾਉਂਦੀ ਹੈ।” ਇਨ੍ਹਾਂ ਨੇ ਅਕਾਲ ਤਖਲਤ ਸਾਹਿਬ ਦੀ ਸ਼ਕਤੀ, ਨਿਰਪੱਖਤਾ ਅਤੇ ਮਹਾਨਤਾ ਨੂੰ ਆਪਣੇ ਪੱਖੀ ਜਥੇਦਾਰਾਂ ਸਾਹਿਬਾਨਾਂ ਨੂੰ ਨਿਯੁਕਤ ਕਰਕੇ ਆਪਣੀ ਜੇਬ ਵਿਚ ਪਾਇਆ ਹੋਇਆ ਹੈ। ਇਹ ਬਾਦਲ ਸਾਹਿਬ ਅਤੇ ਇਨ੍ਹਾਂ ਦਾ ਪ੍ਰਵਾਰ ਕਿਸੇ ਵਕਤ ਕਾਂਗਰਸੀ ਹੁੰਦੇ ਸਨ, ਪਹਿਲੀ ਵਾਰ ‘ਗਿਦੜਬਾਹਾ’ ਤੋਂ ਕਾਂਗਰਸੀ ਟਿਕਟ ‘ਤੇ ਚੋਣ ਲੜੀ ਸੀ।
‘ਕੈਥੋਲਿਕ ਧਰਮ’ ਦੇ ਪੋਪ (ਮੁੱਖੀ) ਦੀ ਚੋਣ ਸਾਰੀ ਦੁਨੀਆਂ ਤੋਂ ਆਏ ਮੁਖੀ ਪਾਦਰੀ, ਇਟਲੀ ਦੇ ਸ਼ਹਿਰ ‘ਵੈਟੀਨਿਕ ਸ਼ਹਿਰ’ ਵਿਚ ਆ ਕੇ ਖੁਦ ਆਪ ਕਰਦੇ ਹਨ।ਇਹ ਪੋਪ ਸਾਰੀ ਦੁਨੀਆਂ ਦੇ ਕੈਥੋਲਿਕ ਧਰਮ ਦੇ ਲੋਕਾਂ ਦੀ ਧਾਰਮਕ ਨੁਮਾਇੰਦਗੀ ਕਰਦੇ ਹਨ ਅਤੇ ਸਮੇਂ ਅਨੁਸਾਰ ਸੇਧ ਦਿੰਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਅੱਜ ਬਾਦਲ ਪ੍ਰਵਾਰ ਅਤੇ ਇਸ ਦੇ ਨਿਕਟਵਰਤੀਆਂ ਦਾ ਕਬਜ਼ਾ ਹੈ, ਕੱਲ ਨੂੰ ਕੋਈ ਹੋਟ ਜੁੰਡਲੀ ਕਬਜ਼ਾ ਕਰ ਲਵੇਗੀ। ਫਿਰ ਗੁਰਬਚਨ ਸਿੰਘ ਵਰਗਾ ਆਪਣੇ ਪੱਖੀ ਜਥੇਦਾਰ ਥਾਪ ਦੇਵੇਗੀ। ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ। ਸਮੁੱਚੇ ਸਿੱਖ ਜਗਤ ਅਤੇ ਸਿੱਖ ਬੁਧੀਜੀਵੀਆਂ ਦੇ ਯੋਗਦਾਨ ਨਾਲ ਸਦੀਵੀ ਹੱਲ ਲੱਭਣ ਦੀ ਲੋੜ ਹੈ। 40 ਫ਼ੀਸਦੀ ਦੇ ਕਰੀਬ ਸਿੱਖ ਪੰਜਾਬ ਤੋਂ ਬਾਹਰ ਭਾਰਤ ਦੇ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਹਨ, ਉਨ੍ਹਾਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ। ਜਥੇਦਾਰਾਂ ਦੀਆਂ ਨਿਯੁਕਤੀਆਂ ਪੱਕੀਆਂ ਸਮਾਬੱਧ ਅਤੇ ਰਿਟਾਇਰ ਹੋਣ ਦਾ ਸਮਾਂ ਹੋਣਾ ਚਾਹੀਦਾ ਹੈ। ਸਮੇਂ ਦੀ ਲੋੜ ਮੁਤਾਬਕ ਤਬਦੀਲੀਆਂ ਕਰਨ ਦੀ ਲੋੜ ਹੈ ਤਾਂ ਕਿ ਪੱਕੀ ਤਰ੍ਹਾਂ ਸਦਾ ਵਾਸਤੇ ਨਿਜਵਾਦੀਆਂ ਅਤੇ ਗੁਲਾਮੀ ਤੋਂ ਅਕਾਲ ਤਖ਼ਤ ਸਾਹਿਬ ਨੂੰ ਬਚਾਕੇ ਸਿੱਖ ਸਿਧਾਂਤਾਂ ਨੂੰ ਤਵੱਜੋਂ ਦਿੱਤੀ ਜਾ ਸਕੇ।
-ਪ੍ਰੋ: ਜਸਵੀਰ ਸਿੰਘ ਉਭੀ ‘ਅਜਨੋਹਾ’