ਰੁਮਾਲੀ

”…….ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ ………ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ ………ਤੁਰੀ ਜਾਂਦੀ ਡੋਲੀ ਵਿਚੋਂ ਨਿਕਲ ਕੇ ਬਾਹਾਂ ਮਾਰਦੀ ਛਿੰਦੋ , ਪਿਓ ਦੇ ਬਲਦੇ ਸਿਵੇ ਵੱਲ ਨੂੰ ਨੱਠਦੀ ਬਰਾਤੀਆਂ ਨੇ ਕਈ ਵਾਰ ਸੰਭਾਲੀ ……ਅਗਲੇ ਸਾਈਂ ਦੂਜੇ ਦਿਨ ਈ ਉਹਨੂੰ ਤੁਹਾਡੇ ਬੂਹੇ ਬਿਠਾ ਗਏ , ਅਖੇ ਉਹਨੂੰ ਕੋਈ ਬਾਹਰਲੀ ਕਸਰ ਐ…….ਉਸੇ ਦਿਨ ਤੋਂ ਦੋਨੋਂ ਮਾਵਾਂ ਧੀਆਂ ਸੁਦੈਣਾਂ ਹਾਰ ਦਿਨ ਕਟੀ ਕਰਦੀਆਂ ……। ”

( ਇਸੇ ਕਹਾਣੀ ਵਿਚੋਂ )

——————–

ਉਸ ਨੂੰ ਸਿਆਣ ਕੇ ਕਿਸੇ ਨੇ ਆਵਾਜ਼ ਮਾਰੀ – “ਓਏ ………ਗੀਬਿਆ । ”

ਗੀਬੇ ਨੇ ਅਬੜਵਾਹੇ ਉਸ ਵਲ ਦੇਖਿਆ ਤੇ ਮੁਰਾਦਪੁਰੀਏ ਮੋਹਣੇ ਨੂੰ ਪਛਾਣ ਗਿਆ ।ਆਪਣੇ ‘ ਗਰਾਈ ’ ਭਲਵਾਨ ਨੂੰ ਦੇਖਦਿਆ ਸਾਰ ਗੀਬੇ ਦੇ ਚਿਹਰੇ ’ਤੇ ਅਜੀਬ ਜਿਹੀ ਰੰਗਤ ਆ ਕੇ ਪਲਾਂ ਅੰਦਰ ਅਲੌਪ ਹੋ ਗਈ । ਉਹਦੇ ਮੂੰਹੋਂ ਆਪ-ਮੁਹਾਰੇ ਮੋਹਣੇ ਦਾ ਨਾਂ ਨਿਕਲਦਾ-ਨਿਕਲਦਾ ਮਸਾਂ ਰੁਕਿਆ । ਉਹਦਾ ਜੀਅ ਕੀਤਾ ਕਿ ਡੱਡਿਆ ਕੇ ਮੋਹਣੇ ਦੇ ਗਲੇ ਜਾ ਲੱਗੇ ਅਤੇ ‘ਜੁੱਗਾਂ ’ ਪਿਛੋਂ ਮਿਲੇ ਕਿਸੇ ਆਪਣੇ ਸਾਹਮਣੇ ਆਪਣੇ ਦੁੱਖਾਂ ਦੀ ਪਟਾਰੀ ਖੋਲ੍ਹ ਦੇਵੇ । ਪਰ ਪਤਾ ਨਹੀਂ ਕੀ ਸੋਚ ਕੇ ਉਸ ਨੇ ਫਿਰ ਨਿਰਮੋਹ ਹੋਇਆ ਮਨ ਕਰੜਾ ਕਰ ਲਿਆ । ਬੜੇ ਹੀ ਨਾਟਕੀ ਢੰਗ ਨਾਲ ਮੋਹਣੇ ਉਤੇ ਤਿਲ੍ਹਕਵੀਂ ਜਿਹੀ ਨਜ਼ਰ ਮਾਰ ,ਉਸ ਦੇ ਮੂੰਹ ਦੂਜੇ ਪਾਸੇ ਭੁਆ ਲਿਆ ਅਤੇ ਰੌਸ਼ਨਆਰਾ ਰੋਡ ਉਤੇ ਲੱਗੀਆਂ ਟਰੱਕਾਂ ਦੀਆਂ ਕਤਾਰਾਂ ਅੰਦਰ ਗੁਆਚ ਗਿਆ ।

ਮੋਹਣੇ ਨੇ ਉਸ ਨੂੰ ਦੂਜੀ ਆਵਾਜ਼ ਮਾਰੀ ਹੈ ਕਿ ਨਹੀਂ , ਉਹ ਉਸ ਦੇ ਪਿਛੇ ਪਿਛੇ ਆਇਆ ਹੈ ਕਿ ਨਹੀਂ , ਜੀਬੇ ਨੇ ਪਿਛਾਂਹ ਪਰਤ ਕੇ ਬਿਲਕੁਲ ਨਾ ਦੇਖਿਆ । ਬੱਸ ਰਵਾਂ-ਰਵੀ ਦਫ਼ਤਰੋਂ ਲਿਆਂਦੀਆਂ ਬਿਲਟੀਆਂ ਮਰੋੜਦਾ ਆਪਣੀ ਗੱਡੀ ਦੇ ਸਟੇਰਿੰਗ ‘ਤੇ ਜਾ ਬੈਠਾ । ਲੱਦੇ ਹੋਏ ਟਰੱਕ ਦੇ ਰੱਸੇ ਕੱਸ ਕੇ ਹਟੇ ,ਉਸ ਦੇ ਕਲੀਨਰ ਨੇ ਸਾਰੇ ਟਾਇਰਾਂ ਦੀ ਹਵਾ ਲੋਹੇ ਦੇ ਲੀਵਰ ਨਾਲ ਥਾਪੜੀ ,ਸਟਪਨੀ ਦੇਖੀ ਅਤੇ ਦੂਜੀ ਖਿੜਕੀਓਂ ਅੰਦਰ ਆਉਂਦਿਆਂ ਸਾਰ ਬੋਲਿਆ , “ਚਾਲੋ, ਉਸਤਾਦ ! ”

ਟੂਲ ਦੀ ਕੁੰਡੀ ਲਾਹ ਕੇ ਗੀਬੇ ਨੇ ਗੁੱਛਾ ਹੋਈਆਂ ਬਿਲਟੀਆਂ ਸਿੱਧੀਆਂ ਕਰ ਕੇ ਤਾਰ ਅੰਦਰ ਪਰੋਈਆਂ ਅਤੇ ਸਾਂਭ ਲਈਆਂ । ਮਾਰਵਾੜੀ ਅਗਰਬੱਤੀ ਬਾਲ ,ਸਾਹਮਣੇ ਲੱਗੀ ਅਧਨੰਗੀ ’ ਜ਼ੀਨਤ ਆਮਾਨ ’ ਦੀ ਫ਼ਰੇਮ ਕੀਤੀ ਫੋਟੋ ਥੱਲੇ ਧੂਫ਼ਦਾਨੀ ਉਤੇ ਟੰਗ ਦਿੱਤੀ । ਡੈਸ਼ਬੋਰਡ ‘ਤੇ ਪਈ ਜ਼ਰਦੇ ਦੀ ਪੁੜੀ ਵਿਚੋਂ ਥੋੜਾ ਤਮਾਕੂ ਖੱਬੇ ਹੱਥ ਦੀ ਤਲੀ ਉਤੇ ਝਾੜ ਕੇ ਸੱਜੇ ਹੱਥ ਦੇ ਅੰਗੂਠੇ ਨਾਲ ਰਗੜਿਆ । ਤਲੀ ਉਪਰਲਾ ਘੱਟਾ ਥਪੇੜ ਕੇ ,ਉਸ ਨੇ ਸੱਜੇ ਹੱਥ ਦੀਆਂ ਦੋਹਾਂ ਉਂਗਲਾਂ ਨਾਲ ਬੁੱਲ੍ਹ ਪਿਛਾਂਹ ਕੀਤਾ ਅਤੇ ਸਾਰਾ ਮਾਵਾ ਹੇਠਲੇ ਜਬਾੜੇ ਅਤੇ ਬੁੱਲ ਵਿਚਕਾਰ ਢੇਰੀ ਕਰ, ਕੁੱੜਤਣ ਤਾਕੀਓਂ ਬਾਹਰ ਪਿਚਕਾਰ ਦਿੱਤੀ ।

ਦੋਨੋਂ ਹੱਥ ਜੋੜ ,ਅੱਖਾਂ ਮੀਟ , ਗੀਬੇ ਨੇ ਕਿਸੇ ਇਸ਼ਟ ਨੂੰ ਬੰਦਨਾ ਕੀਤੀ । ਅਡੋਲ ਖੜੇ ਟਰੱਕ ਦ ਕਲੱਚ ਦਬਾ ਕੇ ਸਟਾਰਟਰ ਨੱਪ ਦਿੱਤਾ । ਥੋੜੀ ਜਿਹੀ ਘੁਰ-ਘੁਰ ਪਿਛੋਂ ਇੰਜਣ ਚਲ ਪਿਆ । ਇਕ ਵਾਰ ਫਿਰ ਉਸ ਨੇ ਦੋਨੋਂ ਹੱਥ ਜੋੜ , ਪਹਿਲਾ ਗੀਅਰ ਪਾ ,ਕਿਸੇ ਇਸ਼ਟ ਨੂੰ ਬੰਦਨਾ ਕਰ ਕੇ ਅੱਖਾਂ ਖੋਲ੍ਹੀਆਂ ਹੀ ਸਨ ਕਿ ਗੱਡੀ ਸਾਹਮਣੇ ਖੜਾ ਮੋਹਣਾ ਉਸ ਨੂੰ ਫਿਰ ਦਿਸ ਪਿਆ ।

ਛਿੰਨ ਭਰ ਖੜਾ ਰਹਿਣ ਪਿਛੋਂ ਮੋਹਣੇ ਨੇ ਗੀਬੇ ਨੂੰ ਇਉਂ ਹੱਥ ਮਾਰਿਆ , ਜਿਵੇਂ ਆਖ ਰਿਹਾ ਹੋਵੇ,“ ਚੱਲ ਲੈ ,ਬੱਚੂ……..ਜਿਵੇਂ ਚਲਣਾ ! ”

ਕੋਈ ਚਾਰਾ ਨਾ ਚਲਦਾ ਦੇਖ ,ਗੀਬੇ ਨੇ ਸੀਟ ਤੋਂ ਬਾਹਰ ਛਾਲ ਮਾਰੀ ਅਤੇ ਮੋਹਣੇ ਨੂੰ ਜਾ ਜੱਫੀ ਪਾਈ ।

“ਬੜਾ ਬੇਮੁਖ ਹੋ ਗਿਐਂ ! ” ਮੋਹਣੇ ਨੇ ਟਕੋਰ ਮਾਰੀ ।

“ਸੌਂਹ ਗੁਰੂ ਦੀ ਪਛਾਣਿਆ ਈ ਨਹੀਂ ਸੀ ……..ਨਹੀਂ ਤਾਂ ……..” ਗੀਬੇ ਨੇ ਪਰਦਾ ਪਾਉਣ ਦਾ ਯਤਨ ਕੀਤਾ ।

“……..ਨਹੀਂ ਤਾਂ , ਗੱਡੀ ਉਪਰੋਂ ਲੰਘਾ ਦੇਣੀ ਸੀ । ” ਮੋਹਣੇ ਨੇ ਗੀਬੇ ਨੂੰ ਅਗਾਊਂ ਦੀ ਵਗਲ੍ਹ ਲਿਆ ।

ਹਾਰੇ ਹੋਏ ਜੁਆਰੀਏ ਵਾਂਗ ਹਸਦੇ ਗੀਬੇ ਨੇ ਮੋਹਣੇ ਨੂੰ ਚਾਹ ਪਾਣੀ ਪੁੱਛਿਆ , ਪਰ ਆੜਤੀਆਂ ਤੋਂ ਆਲੂਆਂ ਦੇ ਪੈਸੇ ਲੈਣ ਦੀ ਕਾਹਲ ਅੰਦਰ ਹੋਣ ਕਾਰਨ ਮੋਹਣੇ ਨੇ  ‘ ਕੰਮ ਦੀ ਗੱਲ ’ ਕਰਨ ਲਈ ਭੂਮਿਕਾ ਬੰਨ੍ਹਣੀ ਚਾਲੂ ਕਰ ਦਿੱਤੀ , “ ਕਿਥੇ ਰਿਹੈਂ ਚੌਦਾਂ-ਪੰਦਰਾਂ ਸਾਲ ? ”

“ਐਹਨਾਂ ……….ਗੱਡੀਆਂ ‘ਤੇ ਈ,ਹੋਰ ਕਿਥੇ ਰਹਿਣਾ ਸੀ , ” ਗੀਬੇ ਨੇ ਸੱਚ ਆਖ ਦਿੱਤਾ ।

“ਇਹ ਘਰੋਂ ਘਾਟੋਂ ਉਜਾੜਦੀਆਂ ਤਾਂ ਨਹੀਂ ਲੋਕਾਂ ਨੂੰ ਤੇਰੀ ਤਰ੍ਹਾਂ । ਇਹ ਤਾਂ ਸਗੋਂ ਗੱਠਦੀਆਂ ,ਗੱਠਦੀਆਂ । ਜੇ , ਤੂੰ ਜ਼ਰਾ ਉਪਰਲੇ ਜੋੜੀਂ ਈ ਹੋ ਗਿਆ ਸੀ ਤਾਂ ਸੌਹਰਿਆ ਕਿਤੇ , ਬੁੜੀ ਦੀ ਸੁੱਥਣ ਨੂੰ ਟਾਕੀਆਂ-ਟੂਕੀਆਂ ਲੁਆ ਦੇਂਦਾ , ਉਸ ਵਿਚਾਰੀ ਦਰ-ਦਰ ਭਾਂਡੇ ਮਾਂਜਦੀ ਫਿਰਦੀ ਆ ਲੋਕਾਂ ਦੇ ,” ਮੋਹਣੇ ਨੂੰ ਗੀਬੇ ਨੂੰ ਮੋਢਿਓਂ ਫੜ ਕੇ ਹਿਲਾਈਆ ।

ਫਿਰ ਮੋਹਣੇ ਨੇ ਉਸ ਦੇ ਘਰ ਦੀ ‘ਸੁੱਖ-ਸਾਂਦ ’ ਦੱਸਣੀ ਚਾਲੂ ਰੱਖੀ ,”…….ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ ………ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ ………ਤੁਰੀ ਜਾਂਦੀ ਡੋਲੀ ਵਿਚੋਂ ਨਿਕਲ ਕੇ ਬਾਹਾਂ ਮਾਰਦੀ ਛਿੰਦੋ , ਪਿਓ ਦੇ ਬਲਦੇ ਸਿਵੇ ਵੱਲ ਨੂੰ ਨੱਠਦੀ ਬਰਾਤੀਆਂ ਨੇ ਕਈ ਵਾਰ ਸੰਭਾਲੀ ……ਅਗਲੇ ਸਾਈਂ ਦੂਜੇ ਦਿਨ ਈ ਉਹਨੂੰ ਤੁਹਾਡੇ ਬੂਹੇ ਬਿਠਾ ਗਏ , ਅਖੇ ਉਹਨੂੰ ਕੋਈ ਬਾਹਰਲੀ ਕਸਰ ਐ…….ਉਸੇ ਦਿਨ ਤੋਂ ਦੋਨੋਂ ਮਾਵਾਂ ਧੀਆਂ ਸੁਦੈਣਾ ਹਾਰ ਦਿਨ ਕਟੀ ਕਰਦੀਆਂ ।”

ਨੀਵੀਂ ਪਾਈ ਖੜੋਤੇ ਗੀਬੇ ਦੀਆਂ ਖੁਸ਼ਕ ਅੱਖਾਂ ਸਾਹਮਣੇ , ਮੋਹਣੇ ਦੀਆਂ ਦਸੀਆਂ ਗੱਲ੍ਹਾਂ ‘ਚੋਂ ਉਭਰੀ ਧੁੰਦਲੀ ਜਿਹੀ ਤਸਵੀਰ ਘੁੰਮਣ ਲੱਗੀ । ਉਸ ਦੀ ਬੱਜਰ ਹੋਈ ਸੋਚ ਭਿੰਨ ਭਿੰਨ ਤਰ੍ਹਾਂ ਦੇ ਨਿਰਣੇ ਕਰਨ ਦੀਆਂ ਦਿਸ਼ਾਵਾਂ ਦੇਖਣ ਲੱਗੀ ।

ਪਰ ਮੋਹਣੇ ਨੇ ਧੋਬੀ-ਪਟਕਾ ਮਾਰਨ ਤੋਂ ਪਹਿਲਾਂ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਅੱਗੇ ਆਖਣਾ ਚਾਲੂ ਰਖਿਆ, “ਮੈਂ ਤਾਂ ਭਲਵਾਨਾਂ , ਪੁਰਾਣੀ ਸਾਂਝ ਕਰਕੇ ਈ ਤੈਨੂੰ ਖ਼ਬਰਦਾਰ ਕਰਦਾਂ, ਨਹੀਂ ਤਾਂ ਕੌਣ ਕਿਸੇ ਡੁੱਬਦੇ ਨੂੰ ਬਚਾਉਂਦੈ ਅੱਜਕੱਲ੍ਹ……….ਐਉਂ ਕਰ ,ਤੂੰ ਪਿੰਡ ਦਾ ਗੇੜਾ-ਗੁੜਾ ਰਖਿਆ ਕਰ, ਨਹੀਂ ਤਾਂ ਸ਼ਰੀਕਾਂ ਨੇ ਬੁੜ੍ਹੀ ਮਾਰ ਕੇ ਕੋਰੇ ‘ਤੇ ਈ ‘ਗੂਠਾ ਲੁਆ ਲੈਣਾ…….ਤੇਰੇ ਪੱਲੇ ਘਰ ਦੀਆਂ ਚਾਰ ਕੜੀਆਂ ਵੀ ਨਹੀਂ ਆਉਣ ਦੇਣੀਆਂ………ਸਰਕਾਰੇ ਦਰਬਾਰੇ , ਪਹਿਲਾਂ ਈ ਤੈਨੂੰ ਮਾਰ-ਮੁੱਕਾ ਚੁੱਕਾ ਸਮਝੀ ਬੈਠੇ ਆ ਸਾਰੇ ……..।”

“………ਆਹ ਗੇੜਾ ਲਾ ਕੇ ਮੈਂ ਜ਼ਰੂਰ-ਬਰ-ਜ਼ਰੂਰ ਪਿੰਡ ਆਉਂ ,” ਆਖਦਿਆਂ ਗੀਬੇ ਦੀਆਂ ਅੱਖਾਂ ਅੰਦਰ ਥੋੜ੍ਹੀ ਜਿਹੀ ਨਮੀਂ ਉਤਰ ਆਈ ।

ਪਰ ਮੋਹਣੇ ਨੇ ਪੁੱਛ ਕੀਤੀ, “ਆਹ ਗੱਡੀ ਆਪਣੀ ਆਂ, ਜਾਂ ਕਿਸੇ ਮਾਲਕ ਦੀ । ”

“……..ਹਾਂ……..ਹਾਂ ,ਆਪਣੀ ਈ ਆਂ, ਨਕਦ ਖ਼ਰੀਦੀ ਆ…….ਸੌਂਹ ਗੁਰੂ ਦੀ ,” ਉਤਰ ਦੇਂਦਿਆਂ ਗੀਬੇ ਦੀਆਂ ਅੱਖਾਂ ਵਿਚ ਆਈ ਹੋਈ ਨਮੀਂ ਫਿਰ ਅਲੋਪ ਹੋ ਗਈ ।

ਪਰ ਮੋਹਣੇ ਨੇ ਗੀਬੇ ਦੇ ਵਿਗੜੇ ਹੋਏ ਹੁਲੀਏ ਤੋਂ ਉਸ ਦੀ ਖਾਧੀ ਸੌਂਹ ਦੀ ‘ ਸੱਚਾਈ ’ ਨੂੰ ਪਛਾਣਦਿਆਂ ਆਖਿਆ , “ ਜੇ ਗੱਡੀ ਈ ਚਲਾਉਣੀ ਹੋਈ ਤਾਂ ਅਸੀ ਵੀ ਪਾਉਣੀ ਆਂ , ਉਹ ‘ਤੇ ਲੱਗ ਜਾਈਂ  ।”

ਢੱਠੇ ਹੋਈ ਘੁਲਾਟੀਏ ਵਾਂਗ ਗੀਬੇ ਨੇ ਅਲਵਿਦਾ ਕਹਿਣ ਲਈ ਆਪਣੇ ਦੋਨੋਂ ਹੱਥ ਵਧਾਏ ।

ਮੋਹਣੇ ਨੇ ਤਦ ਬੜੀ ਗਰਮ-ਜੋਸ਼ੀ ਨਾਲ ਉਸ ਦੇ ਹੱਥ ਘੁਟਦਿਆਂ ਆਖਿਆ , “ਘਾਬਰੀਂ ਨਾ ਗਿਰਾਈਂ, ਬਾਪੂ ਤੇਰੇ ਨੇ ਆਪਣੀ ਲਾਚਾਰੀ ਸਾਥੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੱਸੀ । ……..ਤੁਹਾਡੇ ਸਾਰੇ ਖੇਤ ਸਾਡੇ ਕੋਲ ਈ ਗਹਿਣੇ ਆਂ ………ਜੇ ਅੱਧੇ-ਪਚੱਦੇ ਛਡਾਉਣ ਲਈ ਦੋ-ਚਾਰ ਬੈ ਵੀ ਕਰਨੇ ਪੈਣ ,ਤਾਂ ਵੀ ਅਸੀਂ ……….। ”

ਅਸਲੀ ਗੱਲ ਸੁਣਨ ਤੋਂ ਪਹਿਲਾਂ ਹੀ ਗੀਬਾ ਹੌਲੀ-ਹੌਲੀ ਤੁਰਦਾ ਮੁੜ ਆਪਣੀ ਸੀਟ ‘ਤੇ ਜਾ ਬੈਠਾ । ਅੱਖਾਂ ਮੀਟ, ਦੋਨੋਂ ਹੱਥ ਜੋੜ ,ਕਿਸੇ ਇਸ਼ਟ ਨੂੰ ਬੰਦਨਾ ਕੀਤੇ ਬਿਨਾਂ ਹੀ , ਉਸ ਨੇ ਕਲੱਚ ਦਬਾ ਕੇ ਸਟਾਰਟਰ ਨੱਪ ਦਿੱਤਾ । ਥੋੜ੍ਹੀ ਜਿਹੀ ਘੁਰ-ਘੁਰ ਪਿੱਛੋਂ ਇੰਜਨ ਚਲ ਪਿਆ ।ਕੱਚੇ ਖੜਾ ਟਰੱਕ ਪੱਕੀ ‘ਤੇ ਚੜ੍ਹ , ਆਪਣੇ ਰਾਹ ਹੋ ਤੁਰਿਆ ।

ਰੌਸ਼ਨਆਰਾ ਰੋਡ ਤੋਂ ਜਮਨਾ ਪੁਲ ਤਕ ਆਉਂਦਿਆਂ ਰਾਹ ਦੀ ਭੀੜ ਤੇ ਚੌਂਕਾਂ ਦੀਆਂ ਲਾਲ-ਪੀਲੀਆਂ ਬੱਤੀਆਂ ਅੰਦਰ ਗੀਬੇ ਨੂੰ ਮੋਹਣਾ ਬਿਲਕੁਲ ਨਾ ਦਿਸਿਆ । ਪਰ ਪੁਲ ਦੀ ਛੱਤ ‘ਤੇ ਬਣੀ ਰੇਲ ਦੀ ਪਟੜੀ ਤੋਂ ਲੰਘਦੀ ਕਿਸੇ ਤੇਜ਼ ਰਫਤਾਰ ਮੇਲ ਗੱਡੀ ਦੀ ਸ਼ੂਕਦੀ ਠੱਕ-ਠੱਕ ਸੁਣਦਿਆਂ ਸਾਰ ,ਉਸ ਦੀ ਸਿਲ੍ਹਾਬੀ ਚੇਤਨਾ ‘ਤੇ ਆਪਣੇ ਪਿੰਡ ਮੁਰਾਦਪੁਰ-ਝੱਜੀਂ ਅਤੇ ਆਸ ਪਾਸ ਪੈਦੀਆਂ ਛਿੰਜਾਂ ਅੰਦਰ ਵਜਦੇ ਢੋਲਾਂ ਦਾ ਡੱਗਾ ਵੱਜਣ ਲੱਗ ਪਿਆ , ਜਿਥੇ ਉਹਦਾ ਰੁਮਾਲੀ ਦਾ ਘੋਲ ਦੇਖਣ ਬੜੇ ਚਾਅ ਨਾਲ ਲੋਕ ਦੂਰੋਂ ਆਇਆ ਕਰਦੇ ਸਨ , ਅਤੇ ਜਿਨ੍ਹਾਂ ਅੰਦਰ ਕਈ ਵਰ੍ਹੇ ਕੋਈ ਵੀ ‘ ਮਾਂ ਦਾ ਲਾਲ ’ ਉਸ ਦੀ ਕੰਢ ਨਹੀਂ ਸੀ ਲਾ ਸਕਿਆ । ਦੋ ਇਕ ਵਾਰ ਜਿੱਤੀ ਖੜੀ ਰੁਮਾਲੀ ਭਾਵੇਂ ਪਹਿਲਵਾਨਾਂ ਨੁੰ ਰੜਕਦੀ ਸੀ , ਪਰ ਆਪਣੇ ਹੀ ਪਿੰਡ ਦੀ ਚੜ੍ਹਦੀ ਪੱਤੀ ਦੇ ਕਾਲਜ ਪੜ੍ਹਦੇ ਮੋਹਣੇ ਤੋਂ ਸਿਵਾ ਗੀਬੇ ਨੂੰ ਕਦੀ ਕਿਸੇ ਨਹੀਂ ਸੀ ਟੋਹਿਆ । ਗੀਬੇ ਦੇ ਅਖਾੜੇ ਇਕ ਅੱਧ ਵਾਰ ਜ਼ੋਰ ਕਰਨ ਗਿਆ ਮੋਹਣਾ ਉਸ ਨੂੰ ਲੱਗਦੇ ਦਾਆਂ ਦਾ ਭੇਤ ਲੈ ਆਇਆ ਸੀ ,ਅਤੇ ਦੂਜੇ ਹੀ ਵਰ੍ਹੇ ਉਸ ਦੀ ਕੰਡ ਲਾ ਰੁਮਾਲੀ ਜਿੱਤ ਝੱਜਾਂ ਤੋਂ ਮੁਰਾਦਪੁਰ ਲੈ ਗਿਆ ਸੀ ।

ਅਗਲੇ ਦੋ-ਤਿੰਨ ਸਾਲ , ‘ਕੱਲ ਦੇ ਛੋਕਰੇਂ ਹੱਥੋਂ ਹੋਈ ਨਿਮੋਸ਼ੀ ਧੋਣ ਲਈ ਗੀਬੇ ਨੇ ਪੂਰਾ ਤਾਣ ਲਾਇਆ ਸੀ ।ਗੁੱਥੇ ਹੋਏ ਭਰਵੇਂ ਸਰੀਰ ਨੂੰ ਆਉਂਦੇ ਕਈ ਸਾਕ ਵੀ ਮੋੜੇ ਸਨ , ਪਰ ਵੱਡੀ ਛਿੰਜ ਅੰਦਰ ਖੁੱਸੀ ਰੁਮਾਲੀ ਮੁੜ ਉਸ ਦੇ ਹੱਥ ਨਹੀਂ ਸੀ ਲੱਗੀ । ਅੰਤ ਨੂੰ ਆਪਣੀ ਹਾਰ ਮੰਨ ਕੇ ਗੀਬਾ ਆਪਣੇ ਵਿਰੁੱਧ , ਪਿਉ ਨੂੰ ਵੰਡੇ ਮਿਲੇ ਦਸਾਂ ਖੇਤਾਂ ਦੀ ਵਾਹੀ ਅੰਦਰ ਜੁਟ ਗਿਆ ਸੀ ।

ਸ਼ਾਹਦਰਾ ਲੰਘਦਿਆਂ , ਗੀਬੇ ਦੀਆਂ ਅੱਖਾਂ ਸਾਹਮਣੇ ਜਾਨ ਮਾਰ ਕੇ ਕੀਤੀ ਖੇਤੀ ਅੰਦਰ , ਉਸ ਤੋਂ ਛੋਟੀਆਂ ਪੰਜ ਭੈਣਾਂ ਦੇ ਮਿੱਟੀ ਹੋਏ ਲੀਰਾਂ ਵਿਚ ਹੰਢਾਉਂਦੇ , ਸੁਡੌਲ ਸਰੀਰ ਘੁੰਮਣ ਲੱਗੇ । ਜਿਨ੍ਹਾਂ ਦਾ ਸਿਰ ਕੱਜਣ ਲਈ ਉਹ ਇਕ ਰਾਤ ਬਾਪੂ ਨਾਲ ਸਲਾਹ ਕਰ ਕੇ , ਯੂਪੀਓਂ ਗਈ ਜ਼ੈਲਦਾਰਾਂ ਦੀ ਗੱਡੀ ‘ਤੇ ‘ ਨੌਕਰ ’ ਹੋ ਗਿਆ ਸੀ । ਡੁੱਬਦੇ ਸੂਰਜ ਦੀ ਲਾਲ ਵਰਗੀ ਭਾਅ ਮਾਰਦਾ ਉਹ ਪਿਉ ਦਾ ਰੋਅਬ-ਦਾਅਬ,ਚੌੜਾ ਚਿਹਰਾ , ਘਰੋਂ ਤੁਰਨ ਲੱਗੇ ਗੀਬੇ ਨੂੰ ਥਾਪੀ ਦੇਂਦਿਆਂ ਸਾਰ, ਕਿਸੇ ਸੰਸੇ ਕਾਰਨ ਵੀਰਾਨ ਕੱਲਰੀ ਧਰਤੀ ‘ਤੇ ਜੰਮੀ ਸਿਰੜੀ ਵਾਂਗ ਮੁਰਝਾ ਗਿਆ ਸੀ ।

ਜਿਉਂ ਜਿਉਂ ਉਸ ਦੀ ਗੱਡੀ ਦਿੱਲੀਓਂ ਦੂਰ ਦੌੜੀ ਜਾ ਰਹੀ ਸੀ , ਤਿਉਂ ਤਿਉਂ ਗੀਬੇ ਨੂੰ ਆਪ ਗਲ ਘੁੱਟ ਕੇ ਮਾਰੇ ਚੌਦਾਂ-ਪੰਦਰਾਂ ਸਾਲਾਂ ਦਾ ਵਿਯੋਗ ਖਾਈ ਜਾ ਰਿਹਾ ਸੀ । ਭੈਣਾਂ ਦੇ ਹੱਥ ਪੀਲੇ ਕਰਨ ਲਈ ਕਮਾਈ ਕਰਨ ਘਰੋਂ ਨਿਕਲਿਆ ਇਕਲੌਤਾ ਗੀਬਾ , ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਗੱਡੀ ਬਦਲਦਾ, ਸ਼ਾਹਜਹਾਨਪੁਰੇਂ ਕਲਕੱਤੇ ਅਤੇ ਕਲਕਤਿਉਂ ਮੁੜ ਦਿੱਲੀ ਪਹੁੰਚ ਗਿਆ ਅਤੇ ਨਾਲ ਨਾਲ ਸਟੇਅਰਿੰਗ ‘ਤੇ ਬੈਠਣ ਦੀ ਪੂਰੀ ਜਾਂਚ ਵੀ ਸਿੱਖ ਗਿਆ ਸੀ ।

ਕਈ ਵਾਰ ਉਸ ਦਾ ਜੀਅ ਕੀਤਾ ਕਿ ਸਭ ਕੁਝ ਛੱਡ ਛੁਡਾ ਕੇ ਮੁੜ ਪਿੰਡ ਪਹੁੰਚ ਆਪਣੇ ਜੱਦੀ-ਪੁਸ਼ਤੀ ਧੰਦੇ ਵਿਚ ਜੁਟ ਜਾਵੇ ,ਪਰ ਜਦੋਂ ਵੀ ਉਸ ਦੇ ਆਪਦੇ ਖੇਤਾਂ ਦੀ ਖੁਸ਼ਬੋ ਉਸ ਦੀਆਂ ਨਸਾਂ ਅੰਦਰ ਪ੍ਰਵੇਸ਼ ਕਰਨ ਦਾ ਜਤਨ ਕਰਦੀ ,ਜ਼ਰਦਾ,ਨਸਵਰ, ਅਫੀਮ,ਚਰਸ ਜਾਂ ਬੋਤਲ ਦੀ ਹਵਾੜ੍ਹ , ਉਸ ਦੇ ਅੰਦਰ ਵਾ-ਵਰੋਲੇ ਦੀ ਤਰ੍ਹਾਂ ਘੁੰਮ ਜਾਂਦੀ । ਇਸ ਤਰ੍ਹਾਂ ਹਵਾ ਅੰਦਰ ਤਾਰੀਆਂ ਲਾਉਂਦੇ ਗੀਬੇ ਨੇ ਕਰੀਬਨ ਪੰਦਰਾਂ ਸਾਲ ਹੰਢਾ ਲਏ , ਜਿਨ੍ਹਾਂ ਦੇ ਨਿਸ਼ਾਨ ਗੀਬੇ ਦੀ ਮੁੱਲਾਂ-ਕੱਟ ਦਾੜ੍ਹੀ ਅੰਦਰ ਉੱਗੇ ਪ੍ਰਤੱਖ ਦਿਸ ਰਹੇ ਸਨ । ਮੁੱਸ ਫੁਟਣ ਵੇਲੇ ਦਾ ਗੋਲ-ਭਰਵਾਂ ਚਿਹਰਾ , ਢਾਬਿਆਂ ਪਿਛਵਾੜੇ ਅਠਿਆਨੀ ਚੁਆਨੀ ਵਟਦੀਆਂ ਚਿਪਕੀਆਂ ਖਾਖਾਂ ਵਾਂਗ ਢਲ ਗਿਆ ਸੀ । ਡੌਲੇ , ਛਾਤੀ ਅਤੇ ਪਿੱਠ ਦੇ ਗੁੱਲੀਦਾਰ ਪੱਠੇ ਥੋਥੇ ਹੁੰਦੇ ਆਖ਼ਰ ਤੋਟ-ਲੱਗੇ ‘ਫੀਮੀਆਂ ਦੀ ਤਰ੍ਹਾਂ ਲਮਕ ਚੁੱਕੇ ਸਨ , ਪਰੰਤੂ ਪਿੰਨੀਆਂ ,ਪੱਟਾਂ ਅਤੇ ਨੰਗੇ ਡੌਲਿਆਂ ‘ਤੇ ਉਕਰੀਆਂ ਮੋਰਨੀਆਂ ਤੋਂ ਲੰਘ ਚੁਕੇ ਕਾਫ਼ਲੇ ਦੀ ਪੈੜ ਜ਼ਰੂਰ ਦੇਖੀ ਜਾ ਸਕਦੀ ਸੀ , ਜਿਸ ਨੂੰ ਦੇਖ ਕੇ ਹੀ ਸ਼ਾਇਦ ਮੋਹਣੇ ਨੇ ਗੀਬੇ ਨੂੰ ਪਛਾਣ ਲਿਆ ਸੀ । ਮੋਹਣੇ ਦਾ ਚੇਤਾ ਆਉਂਦਿਆਂ ਸਾਰ ਇਕ ਵਾਰ ਉਸ ਦੀਆਂ ਭਵਾਂ ਤਣ ਗਈਆਂ ।……ਬਾਬੇ ਦੇ ਵੇਲੇ ਦੀ ਪੁਰਾਣੀ ਗੱਡ ‘ਤੇ ਧਰੀ ਥੋੜ੍ਹੀ ਜਿਹੀ ਜਿਣਸ ਦੇ ਕੋਲੋਂ ਲੰਘਦੀ ਮੋਹਣੇ ਦੀ ਲੱਦੀ ਟਰਾਲੀ ਵਲ ਦੇਖਦਾ ,ਮਨੋ-ਮਨੀ ਝੂਰਦਾ ,ਗੀਬਾ ਕਈ ਵਾਰ ਪਿਉ ਨੂੰ ਦੋ ਇਕ ਖੇਤ ਵੇਚ ਕੇ ਟਰੱਕ ਲੈਣ ਲਈ ਆਖ ਚੁੱਕਾ ਸੀ ।

ਜਿਉਂ ਜਿਉਂ ਗੀਬੇ ਦੇ ਅੰਦਰ ਮੋਹਣੇ ਦੀ ਟਰਾਲੀ ਤੋਂ ਤਿਗੁਣੀ ਉੱਚੀ ਗੱਡੀ, ਆਪਣੇ ਘਰ ਦੇ ਬੂਹੇ ਅੱਗੇ ਖੜੀ ਕਰ ਕੇ ,ਅਖਾੜੇ , ਅਤੇ ਖੇਤੀ ਅੰਦਰ ਲੱਗੀ ਕੰਡ ਦਾ ਬਦਲਾ ਲੈਣ ਦਾ ਵਿਚਾਰ ਭਰਦਾ ਗਿਆ , ਤਿਉਂ ਤਿਉਂ ਖੇਤੀ-ਵਾਹੀ ਉਸ ਦੀ ਰੁਚੀ ਘੱਟਦੀ ਗਈ । ਮੰਡੀ ਗਈ ਉਸ ਦੀ ਮਾਸਾ ਕੁ ਢੇਰੀ ਲਾਗੇ ਆਪਣੇ ਲੱਗੇ ਢੇਰ ‘ਤੇ ਚੜ੍ਹ ਢੱਕਾਂ ‘ਤੇ ਹੱਥ ਰਖੀ ਖੜਾ ਖੰਘੂਰਦਾ ਮੋਹਣਾ ,ਗੀਬੇ ਨੂੰ ਹੁਣ ਵੀ ਸਾਹਮਣੇ ਖੜਾ ਘੂਰਦਾ ਨਜ਼ਰੀਂ ਆ ਰਿਹਾ ਸੀ ….।

ਇਸ ਨਹਿਸ਼ ਦ੍ਰਿਸ਼ ਨੂੰ ਆਪਣੀ ਸੋਚ ਲੜੀ ‘ਚੋਂ ਵਗਾਹ ਮਾਰਨ ਲਈ ਗੀਬੇ ਨੇ ਨਾਲ ਬੈਠੇ ਊਂਘਦੇ ਕਲੀਨਰ ਨੂੰ ਪੁੱਛਿਆ , “ਰੋਟੀ ਕਿਥੇ ਖਾਣੀਆਂ……..ਓਏ ਛੋਟੂ ? ”

“ਗਾਜ਼ੀਆਬਾਦ………”  ਆਖ ਕੇ ਕਲੀਨਰ ਨੇ ਆਲਸ ਛੰਡ ਦਿੱਤੀ ਅਤੇ ਸੁਚੇਤ ਹੋ ਕੇ ਬੈਠ ਗਿਆ ।

ਪਰ ਗੀਬੇ ਦੇ ਸਾਹਮਣੇ ਫਿਰ ਉਸ ਦੇ ਘਰ ਦੀ ਨਿੱਕੀ ਜਿਹੀ ਕੋਠੜੀ ਅੰਦਰ ਸਹਿਕਦੀਆਂ , ਉਸ ਦੀਆਂ ਪੰਜ ਭੈਣਾਂ ਆ ਖੜੀਆਂ ਹੋਈਆਂ , ਜਿਨ੍ਹਾਂ ਨੂੰ ਕੋਈ ਜਣਾ ਭੁਆ ਕੇ ਬਾਹਰ ਸੁੱਟੀ ਜਾ ਰਿਹਾ ਸੀ । ਉਸਨੇ ਧਿਆਨ ਨਾਲ ਕੁੜੀਆਂ ਦੀਆਂ ਗੁੱਤਾਂ ਤਕ ਆਉਂਦੇ ਹੱਥ ਨੂੰ ਪਛਾਣਨ ਦਾ ਯਤਨ ਕੀਤਾ , ਪਰ ਉਸ ਦੇ ਕੁਝ ਹੱਥ-ਪੱਲੇ ਨਾ ਪਿਆ । ਸਭ ਤੋਂ ਨਿੱਕੀ ਛਿੰਦੋ ਕੇ ਕੁਰਲਾਉਂਦੇ ਮਾਸੂਮ ਚਿਹਰੇ ਵਲ ਵਧਦੀਆਂ ਤਿੱਖੀਆਂ ਨੌਹਦਰਾਂ ਉਤੇ ਗੀਬੇ ਨੇ ਪੂਰੇ ਜ਼ੋਰ ਦੀ ਠੁੱਡਾ ਕੱਢ ਮਾਰਿਆ ………।

“…….ਏ………ਹੇਏ, ਕਾ ਕਰਵਤ ਓ………ਉਸਤਾਦ ! ”

ਸਾਧਾਰਨ ਰਫ਼ਤਾਰ ਨਾਲ ਚਲਦੀ ਗੱਡੀ, ਐਕਸੀਲੇਟਰ  ਦੇ ਅਚਾਨਕ ਪੂਰੇ ਦੱਬ ਜਾਣ ਨਾਲ ਛਾਲ ਮਾਰ ਕੇ ਕੱਚੇ ਲਹਿ ਗਈ । “………ਆਜ ਕੋਨੋ ਯਾਦ ਆਵਤ ਹੋ  ਉਸਤਾਦ ,ਗਾੜ੍ਹੀ ਸੁਸਰੀ ਕਬੈ ਜੂਈਆਂ ਚਾਲੈ ਚਲਬਤ ਹੋ,  ਕਬੈ ਰੇਲਾਂ ਚਾਲੇ ……..। ਅਬੈ ਮਨੂਆਂ ਰਾਜੀ ਨਹੀਂ ਤਾਂ ਲਾਊਂ ਔਰ ਦਾਰੂ-ਛੀਂਟ………ਸੈਹਰ ਮਾਂ ਸੇ……?”  ਕਲੀਨਰ ਨੇ ਗੀਬੇ ਨੂੰ ਲੱਗੀ ਬਿਮਾਰੀ ਦੀ ਗੋਲੀ ਯਾਦ ਕਰਵਾਈ ।

ਗੀਬੇ ਨੇ ਕਲੀਨਰ ਵਲ ਸਰਸਰੀ ਮੁਸਕਾਨ ਖਿਲਾਰ ਕੇ ਲੜਖੜਾਉਂਦੀ ਗੱਡੀ ਮੁੜ ਪੱਕੀਏ ਚਾੜ੍ਹ ਲਈ ਅਤੇ ਪੂਰਨ ਸਾਵਧਾਨੀ ਨਾਲ ਆਪਣੀ ਮੰਜ਼ਲ ਵਲ ਠਿੱਲ੍ਹ ਪਿਆ।

ਗਾਜ਼ੀਆਬਾਦ ਲੰਘ ਕੇ , ਚੁੰਗੀਓਂ ਬਾਹਰ ਜਰਨੈਲੀ ਸੜਕ ‘ਤੇ ਉੱਸਰੇ ਢਾਬਿਆਂ ਤੋਂ ਰੋਟੀ ਪਾਣੀ ਦੀ ਨਿਸ਼ਾ ਕਰ ਕੇ , ਗੀਬਾ ਜਦੋਂ ਮੁੜ ਸਟੇਅਰਿੰਗ ‘ਤੇ ਬੈਠਾ , ਤਾਂ ਉਸ ਨੂੰ ਜਾਪਿਆ ਕਿ ਹੁਣ ਉਹ ਅਹਿਮਦੀਆਂ ਦੀ ਗੱਡੀ ਦਾ ਚਾਲਕ ਗੋਰਖਪੁਰ ਜ਼ਿਲ੍ਹੇ ਦੇ ਅਮੀਨਾਬਾਦ ਦਾ ਅਲੀ ਮੁਹੰਮਦ ਵਾਲਿਦ ਪੀਰ ਮੁਹੰਮਦ ਨਹੀਂ ਰਿਹਾ, ਸਗੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਦਾਰ ਗਰੀਬ ਸਿੰਘ ਸਪੁੱਤਰ ਜਾਗੀਰ ਸਿੰਘ ਬਣ ਕੇ ਆਪਣੀ ਸਟੀਲ ਹੈੱਡ ਨੱਪੀ ਪੰਦਰਾਂ ਸਾਲ ਪਹਿਲਾਂ ਤਿਆਗੇ ਪਿੰਡ ਮੁਰਾਦਪੁਰ ਝੱਜੀਂ ਪਹੁੰਚ ਰਿਹਾ ਹੈ ।

ਅਗਲੇ ਹੀ ਪਲ ਉਸ ਨੂੰ ਜਾਪਿਆ ਕਿ ਉਸ ਦੇ ਵਿਰੁਧ ਮਾਂ ਦੀਆਂ ਅੱਖਾਂ ਦੀ ਬੁਝਣ ਲਗੀ ਜੋਤ , ਆਪਣੇ ਚਿਰ-ਗੁਆਚੇ ਪੁੱਤਰ ਨੂੰ ਜੱਫੀ ਅੰਦਰ ਲੈਂਦਿਆਂ ਸਾਰ ਪਰਤ ਆਈ ਹੈ ।

ਅਗਲੇਰੇ ਹੀ ਪਲ ਉਸ ਨੂੰ ਲੱਗਾ ਕਿ ਉਸ ਦੇ ਪਿਓ ਵੇਲੇ ਦਾ ਖੇਤਾਂ ਸਿਰ ਚੜ੍ਹਿਆ ਸਾਰੇ –ਦਾ-ਸਾਰਾ ਕਰਜ਼ਾ ਮੋੜ , ਉਹ ਮੋਹਣੇ ਹੱਥੋਂ ਫੜੇ ਅਸ਼ਟਾਮ-ਕਾਗਜ਼ਾਂ ਨੂੰ ਹਵਾ ਅੰਦਰ ਲਹਿਰਾਉਂਦਾ ਆਪਣੇ ਬੰਨਿਆਂ ‘ਤੇ ਇੰਜ ਘੁੰਮ ਰਿਹਾ ਹੈ ਜਿਵੇਂ ਛਿੰਜਾਂ ਵਿੱਚ ਜਿੱਤੀ ਰੁਮਾਲੀ ਫੜੀ ਉਹ ਪਿੜਾਂ ਅੰਦਰ ਘੁੰਮਿਆ ਕਰਦਾ ਸੀ ।

———————————-

ਪਤਾ : ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ,

ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)

ਮੋਬਾਇਲ : 094655-74866

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>