ਅੰਮ੍ਰਿਤਸਰ:- ਉੱਤਰਾਖੰਡ ਦੇ ਗੁਰਦੁਆਰਾ ਗੋਬਿੰਦਘਾਟ ਵਿਖੇ ਸਾਰੇ ਯਾਤਰੂਆਂ ਨੂੰ ਹੈਲੀਕਾਪਟਰਾਂ ਤੇ ਆਰਜੀ ਪੁਲ ਦੀ ਮਦਦ ਰਾਹੀਂ ਬਾਹਰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਿਨ੍ਹਾਂ ਯਾਤਰੂਆਂ ਦੇ ਵਾਹਨ ਗੋਬਿੰਦਘਾਟ ਵਿਖੇ ਹਨ ਉਹ ਵਾਹਨਾਂ ਸਮੇਤ ਬਾਹਰ ਆਉਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਲਈ ਪਹਾੜੀ ਦਾ ਇੱਕ ਹਿੱਸਾ ਕੱਟ ਕੇ ਰਸਤਾ ਬਣਾਇਆ ਜਾਵੇਗਾ ਜਿਸ ਨੂੰ ਸਰਕਾਰੀ ਤੇ ਗੈਰ ਸਰਕਾਰੀ ਸੂਤਰਾਂ ਅਨੁਸਾਰ ਇੱਕ ਹਫਤੇ ਦਾ ਸਮਾਂ ਲੱਗ ਸਕਦਾ ਹੈ।
ਇਹ ਜਾਣਕਾਰੀ ਜੋਸ਼ੀਮੱਠ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਟੀਮ ਦੇ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੇਂਦਿਆਂ ਦੱਸਿਆ ਹੈ ਕਿ ਅੱਜ ਸਭ ਤੋਂ ਵੱਧ ਯਾਤਰੂ ਗੁਰਦੁਆਰਾ ਜੋਸ਼ੀਮੱਠ ਤੋਂ ਆਪੋ-ਆਪਣੇ ਸਥਾਨਾਂ ਨੂੰ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੱਖ-ਵੱਖ ਸੇਵਾ ਸੰਗਠਨਾਂ ਦੇ ਸਹਿਯੋਗੀ ਵਾਹਨਾਂ ਰਾਹੀਂ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਰਾਹਤ ਕਾਰਜਾਂ ਦੀ ਸਫ਼ਲਤਾ ਕਾਰਨ ਹੀ ਇਹ ਯਾਤਰੂ ਸੁਰੱਖਿਅਤ ਆਪਣੇ ਪਰਿਵਾਰਾਂ ਨੂੰ ਮੁੜ ਮਿਲ ਸਕਣਗੇ। ਯਾਤਰੂਆਂ ਦੀ ਸੁਰੱਖਿਅਤ ਵਾਪਸੀ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ-ਪੁਰਖ ਅੱਗੇ ਅਰਦਾਸ ਕਰਦਿਆਂ ਸ਼ੁਕਰਾਨਾ ਕੀਤਾ ਹੈ ਕਿ ਵੱਡੀ ਗਿੱਣਤੀ ਵਿੱਚ ਯਾਤਰੂ ਆਪਣੇ ਪਰਿਵਾਰਾਂ ਵਿੱਚ ਮੁੜ ਆਏ ਹਨ।
ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਭਾਵੇਂ ਕੁਝ ਦਿਨ ਇਹਨਾਂ ਯਾਤਰੂਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ, ਪਰ ਅਕਾਲ-ਪੁਰਖ ਦੀ ਕ੍ਰਿਪਾ ਨਾਲ ਇਹ ਸਾਰੇ ਆਪਣੇ ਘਰਾਂ ਵਿੱਚ ਪੁੱਜ ਗਏ ਹਨ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜਾਂ ਲਈ ਭੇਜੀ ਟੀਮ ਨੇ ਵਧੀਆ ਢੰਗ ਨਾਲ ਬਿਨ੍ਹਾਂ ਭੇਦ-ਭਾਵ ਸੇਵਾ ਨਿਭਾਈ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਯਾਤਰੂ ਬਦਰੀਨਾਥ, ਕੇਦਾਰਨਾਥ, ਪਜੌਰੀ, ਗੰਗੋਤਰੀ ਵਾਲੇ ਖੇਤਰ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਵੀ ਰਾਹਤ ਕਾਰਜ ਪੂਰੇ ਜ਼ੋਰਾਂ ਨਾਲ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਦੀ ਯਾਤਰਾ ਗਏ ਸ਼ਰਧਾਲੂਆਂ ਤੇ ਜੋ ਕਹਿਰ ਵਾਪਰਿਆ ਹੈ। ਇਸ ਕਹਿਰ ‘ਚ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਤੇ ਮਾਲੀ ਨੁਕਸਾਨ ਵੀ ਵੱਡੀ ਪੱਧਰ ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਅੱਗੇ ਕਿਸੇ ਮਨੁੱਖ ਦਾ ਜ਼ੋਰ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਯਾਤਰੂਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਤੇ ਬਾਕੀ ਸ਼ਰਧਾਲੂਆਂ ਦੀ ਤੰਦਰੁਸਤੀ, ਚੜ੍ਹਦੀਕਲਾ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਗੁਰਦੁਆਰਾ ਝੰਡਾ-ਬੁੰਗਾ ਵਿਖੇ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦਾ ਭੋਗ 25 ਜੂਨ ਨੂੰ ਪਵੇਗਾ। ਉੱਤਰਾਖੰਡ ਵਿਖੇ ਪੀੜ੍ਹਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਵਿੱਚ ਸ.ਜਗਜੀਤ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈੇਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਹਰਪ੍ਰੀਤ ਸਿੰਘ ਮੀਤ ਮੈਨੇਜਰ ਅਤੇ ਡਾਕਟਰੀ ਸਹਾਇਤਾ ਲਈ ਡਾਕਟਰ ਅਮਨਦੀਪ ਸਿੰਘ ਬੰਗਾ ਦੀ ਅਗਵਾਈ ਵਾਲੀ ਟੀਮ ਲਗਾਤਾਰ ਸੇਵਾ ‘ਚ ਜੁੱਟੀ ਹੋਈ ਹੈ।