ਸਰੀ, ਬੀ.ਸੀ.- ਸਿੱਖ ਅਕੈਡਮੀ ਸਰੀ ਵਿਖੇ ਦਿਨ ਸ਼ਨੀਵਾਰ ਨੂੰ ਇਕ ਭਰਵੇਂ ਇਕੱਠ ਵਿਚ ਲੇਖਿਕਾ ਅਨਮੋਲ ਕੌਰ ਦਾ ਨਾਵਲ ‘ ਹੱਕ ਲਈ ਲੜਿਆ ਸੱਚ’ ਲੋਕ–ਲਿਖਾਰੀ ਸਾਹਿਤ ਸਭਾ ( ਉੱਤਰੀ-ਅਮਰੀਕਾ) ਵਲੋਂ ਉਲੀਕੇ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਹ ਨਾਵਲ 1982 ਤੋਂ ਬਾਅਦ ਪੈਦਾ ਹੋਏ ਪੰਜਾਬ ਦੇ ਹਾਲਾਤਾਂ ‘ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਵੀ ਲੇਖਿਕਾ ਦੀਆਂ ਕੁਝ ਕਿਤਾਬਾਂ ਪੰਜਾਬੀ ਸਾਹਿਤ ਜਗਤ ਵਿਚ ਆ ਚੁੱਕੀਆਂ ਹਨ। ਜਿਹਨਾਂ ਨੂੰ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਸਲਾਹਿਆ ਹੈ।ਇਸ ਸਮਾਗਮ ਦੀ ਸਟੇਜ਼ ਕਾਰਵਾਈ ਉੱਘੇ ਪੱਤਰਕਾਰ ਅਤੇ ਲੇਖਕ ਪ੍ਰੋ:ਗੁਰਵਿੰਦਰ ਸਿੰਘ ਨੇ ਸੰਭਾਲੀ। ਸਭਾ ਦੀ ਪ੍ਰੰਬਧਕੀ ਮੈਂਬਰ ਤੇ ਲੇਖਿਕਾ ਸੁਖਵਿੰਦਰ ਕੌਰ ਨੇ ਸਭਾ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਅਨਮੋਲ ਕੌਰ ਦੇ ਜੀਵਨ ਅਤੇ ਸਾਹਿਤ ਰਚਨਾ ਬਾਰੇ ਵੀਚਾਰ ਪ੍ਰਗਟ ਕਰਦੇ ਹੋਏ ਸਭ ਨੂੰ ਜੀ ਆਇਆਂ ਆਖਿਆ ਅਤੇ ਅਨਮੋਲ ਕੌਰ ਦੇ ਪਤੀ ਸਰਦਾਰ ਇਕਬਾਲ ਸਿੰਘ ਹੋਰਾਂ ਦਾ ਧੰਨਵਾਦ ਕੀਤਾ ਜੋ ਕਿ ਉਹ ਹਮੇਸ਼ਾ ਅਨਮੋਲ ਕੌਰ ਨੂੰ ਅਤੇ ਸਮੇਂ ਸਮੇਂ ‘ਤੇ ਸਭਾ ਨੂੰ ਵੀ ਸਹਿਯੋਗ ਦਿੰਦੇ ਹਨ।
ਸਮਾਗਮ ਦੀ ਅਰੰਭਤਾ ਸਿੱਖ ਅਰਦਾਸ ਨਾਲ ਹੋਈ ਜੋ ਸ੍ਰ. ਤਰਲੋਚਨ ਸਿੰਘ ਢਿਲੋਂ ਹੋਰਾਂ ਨੇ ਕੀਤੀ। ਇਸ ਮੌਕੇ ਡਾ. ਪੂਰਨ ਸਿੰਘ ਗਿੱਲ ਅਤੇ ਪ੍ਰੋ. ਪ੍ਰੀਤਮ ਸਿੰਘ ਔਲਖ ਨੇ ਨਾਵਲ ਬਾਰੇ ਪਰਚੇ ਪੜ੍ਹੇ। ਸ੍ਰ. ਰਜਿੰਦਰ ਸਿੰਘ ਢੱਟ ਜਿਹਨਾ ਨੇ ਨਾਵਲ ਦਾ ਮੁੱਖ ਬੰਦ ਵੀ ਲਿਖਿਆ ਹੈ, ਆਪਣੇ ਵੀਚਾਰ ਸਾਂਝੇ ਕੀਤੇ। ਬਠਿੰਡਾ ਤੋਂ ਆਏ ਨਾਮਵਰ ਕਾਲਮ-ਨਵੀਸ ਤੇ ਲੇਖਕ ਸ੍ਰ. ਹਰਵਿੰਦਰ ਸਿੰਘ ਖਾਲਸਾ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦਿਆਂ 1984 ਵੇਲੇ ਦੀ ਦਰਦਨਾਕ ਹੱਡਬੀਤੀ ਬਿਆਨ ਕੀਤੀ। ਹੋਰ ਵੀ ਨਾਮਵਰ ਬੁਲਾਰਿਆਂ ਨੇ ਆਪਣੇ ਵੀਚਾਰ ਸਾਂਝੇ ਕੀਤੇ ਅਤੇ ਲੇਖਿਕਾ ਅਨਮੋਲ ਕੌਰ ਨੂੰ ਤੇ ਲੋਕ-ਲਿਖਾਰੀ ਸਭਾ ਦੇ ਪ੍ਰਬੰਧਕਾਂ ਨੂੰ ਵਧਾਈ ਪੇਸ਼ ਕੀਤੀ।
ਸਮਾਗਮ ਵਿਚ ਸਾਹਿਤਕਾਰਾਂ ਤੇ ਬੁੱਧੀਜੀਵੀਆਂ ‘ਚ ਪ੍ਰਸਿੱਧ ਗ਼ਜ਼ਲਗੋ ਉਸਤਾਦ ਸ਼ਾਇਰ ਸ੍ਰ. ਹਰਭਜਨ ਸਿੰਘ ਬੈਂਸ, ਨਿਊਜ਼ ਰੀਪੋਰਟਰ ਤੇ ਲੇਖਕ ਸ੍ਰ. ਅਵਤਾਰ ਸਿੰਘ ਆਦਮਪੁਰੀ (ਸਿਆਟਲ) , ਪੰਜਾਬੀ ਪ੍ਰੈਸ ਕਲੱਬ ਬੀ. ਸੀ. ਦੇ ਪ੍ਰਧਾਨ ਤੇ ਨਾਮਵਰ ਕਵੀ ਗਿਆਨ ਸਿੰਘ ਕੋਟਲੀ, ਪੰਥ ਰਤਨ ਸ੍ਰ. ਰਘਬੀਰ ਸਿੰਘ ਬੈਂਸ, ਸਿੱਖ ਅਕੈਡਮੀ ਦੇ ਪ੍ਰਿੰਸੀਪਲ ਸ੍ਰ. ਬਲਦੀਪ ਸਿੰਘ ਹੇਅਰ, ਪ੍ਰੋ. ਇੰਦਰਜੀਤ ਕੌਰ ਸਿੱਧੂ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਸ੍ਰ. ਜੀਵਨ ਸਿੰਘ ਰਾਮਪੁਰੀ, ਸ੍ਰ ਜਗਦੇਵ ਸਿੰਘ ਜਟਾਣਾ, ਸ੍ਰ. ਧਰਮ ਸਿੰਘ, ਸ੍ਰ. ਸਤਨਾਮ ਸਿੰਘ ਜੌਹਲ, ਗੁਰਮੇਲ ਬੰਦੇਸ਼ਾ, ਸ੍ਰ. ਬਿਕਰ ਸਿੰਘ ਖੋਸਾ, ਸ੍ਰ. ਗੁਰਚਰਨ ਸਿੰਘ ਗਿੱਲ ‘ਮਨਸੂਰ’, ਮਨਜੀਤ ਕੌਰ ਗਿੱਲ (ਸਿਆਟਲ), ਸ੍ਰ. ਇੰਦਰਜੀਤ ਸਿੰਘ ਧਾਮੀ, ਸ੍ਰ. ਗੁਰਦੇਵ ਸਿੰਘ ਬਾਠ, ਨਾਟਕ ਲੇਖਿਕਾ ਅਤੇ ਨਿਰਦੇਸ਼ਕ ਜਸਪ੍ਰੀਤ ਕੌਰ , ਸ੍ਰ. ਜਰਨੈਲ ਸਿੰਘ ਆਰਟਿਸਟ, ਹਰਭਜਨ ਹਾਂਸ, ਨਾਟਕ ਅਤੇ ਫਿਲਮ ਨਿਰਦੇਸ਼ਕ ਗੁਰਦੀਪ ਸਿੰਘ ਭੁਲੱਰ, ਕਲਾਕਾਰ ਗੁਰਨਾਮ ਥਾਂਦੀ, ਚੜ੍ਹਦੀ ਕਲਾ ਵੀਕਲੀ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ, ਪੰਜਾਬ ਟਾਈਮਜ਼ ਦੇ ਐਡੀਟਰ ਅਮਰਪਾਲ ਸਿੰਘ , ਗੁਰਦੁਆਰਾ ਸੁੱਖ ਸਾਗਰ ਦੇ ਪ੍ਰਧਾਨ ਸ੍ਰ. ਹਰਭਜਨ ਸਿੰਘ ਅਟਵਾਲ ਅਤੇ ਹੋਰ ਪੰਤਵੰਤੇ ਮਹਿਮਾਨ ਸ਼ਾਮਲ ਸਨ।
ਇਹਨਾ ਤੋਂ ਇਲਾਵਾ ਬਹੁਤ ਸਾਰੇ ਸਰੋਤਿਆਂ ਅਤੇ ਕਮਿਊਨਿਟੀ ਦੀਆਂ ਜਾਣੀਆਂ-ਪਛਾਣੀਆਂ ਸਥਾਨਕ ਸ਼ਖਸੀਅਤਾਂ ਨੇ ਬਹੁਤ ਹੀ ਚਾਅ ਨਾਲ ਹਾਜ਼ਰੀ ਭਰੀ। ਅਖੀਰ ਵਿਚ ਅਨਮੋਲ ਕੌਰ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਦੋਹਾਂ ਪ੍ਰੀਵਾਰਾ ਦੇ ਮੈਬਰਾਂ ਦਾ ਧੰਨਵਾਦ ਕੀਤਾ।