ਫਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਬਾਦਲ ਦਲੀਏ ਹਮੇਸ਼ਾਂ ਕਾਂਗਰਸ ਜਮਾਤ ਦੀ ਤਾ ਨਿਖੇਧੀ ਕਰਦੇ ਰਹਿੰਦੇ ਹਨ, ਪਰ ਜੋ ਬੀਜੇਪੀ ਅਤੇ ਕਾਂਗਰਸ ਹਿੰਦੂਤਵ ਜਮਾਤਾਂ ਦੀ ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਨਿਰੰਤਰ ਸਾਜਿਸ਼ਾਂ ਰਾਹੀ ਖ਼ਤਮ ਕਰਨ ਦੀ “ਕੌਮੀ ਨੀਤੀ” ਹੈ, ਉਸ ਕੌਮੀ ਨੀਤੀ ਦੀ ਵਿਰੋਧਤਾਂ ਕਿਉਂ ਨਹੀਂ ਕਰਦੇ ? ਅਜਿਹੀਆਂ ਅਣਮਨੁੱਖੀ, ਗੈਰ ਕਾਨੂੰਨੀ ਕਾਰਵਾਈਆਂ ਵਿਰੁੱਧ ਅਵਾਜ਼ ਕਿਉਂ ਨਹੀਂ ਉਠਾਉਦੇ ?”
ਇਹ ਸਵਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਅਤੇ ਬਾਦਲ ਦਲੀਆਂ ਨੂੰ ਜਨਤਕ ਤੌਰ ਤੇ ਕਰਦੇ ਹੋਏ ਇਕ ਪ੍ਰੈਸ ਨੋਟ ਰਾਹੀ ਜ਼ਾਹਿਰ ਕੀਤੇ । ਉਹਨਾਂ ਕਿਹਾ ਕਿ ਪਹਿਲਾ ਇਹ ਹਿੰਦੂਤਵ ਸੋਚ ਵਾਲੀਆਂ ਜਮਾਤਾਂ, ਕਾਂਗਰਸ, ਬੀਜੇਪੀ, ਆਰ.ਐਸ.ਐਸ. ਅਤੇ ਹੋਰ ਫਿਰਕੂਆਂ ਵੱਲੋਂ ਸਿੱਖਾਂ ਨੂੰ “ਅੱਤਵਾਦੀ” ਗਰਦਾਨਕੇ ਗੋਲੀਆਂ-ਬੰਦੂਕਾਂ ਰਾਹੀ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖਾਂ ਨੂੰ ਖ਼ਤਮ ਕਰਦੇ ਰਹੇ ਹਨ । ਹੁਣ ਇਹਨਾਂ ਨੇ ਆਪਣੀ ਕੌਮੀ ਨੀਤੀ ਨੂੰ ਅੱਗੇ ਵਧਾਉਦੇ ਹੋਏ ਪੰਜਾਬ ਦੇ ਸਰਹੱਦੀ ਸੂਬਿਆਂ ਦੀਆਂ ਸਰਹੱਦਾਂ ਉਤੇ ਸਿੱਖਾਂ ਨੂੰ ਸਮੱਗਲਰ ਗਰਦਾਨਕੇ ਅਣਮਨੁੱਖੀ ਕਾਰਵਾਈਆਂ ਕਰ ਰਹੇ ਹਨ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਥੇ “ਜੰਗਲ ਦਾ ਰਾਜ” ਹੈ ਅਤੇ ਸਿੱਖਾਂ ਲਈ ਇਥੇ ਕੋਈ ਕਾਨੂੰਨ, ਇਨਸਾਫ਼, ਅਦਾਲਤ ਅਤੇ ਜੱਜ ਨਹੀਂ ਹਨ । ਬੀਤੇ ਦੋ ਦਿਨ ਪਹਿਲੇ ਅੰਮ੍ਰਿਤਸਰ ਜਿਲ੍ਹੇ ਦੇ ਥਾਣਾ ਲੋਪੋਕੇ ਦੇ ਅਧੀਨ ਆਉਦੇ ਪਿੰਡ ਦੇ ਦੋ ਸਿੱਖ ਨੌਜ਼ਵਾਨਾਂ ਨੂੰ ਬੀ.ਐਸ.ਐਫ. ਨੇ ਸਮੱਗਲਰ ਕਹਿਕੇ ਮਾਰ ਮੁਕਾ ਦਿੱਤਾ ਹੈ । ਇਸ ਤੋ ਪਹਿਲੇ ਵੀ ਬੀ.ਐਸ.ਐਫ. ਦੀਆਂ ਬੀਬੀਆਂ ਨੇ ਸਿੱਖ ਨੌਜ਼ਵਾਨਾਂ ਨੂੰ ਅਜਿਹੇ ਗੈਰ ਦਲੀਲ ਦੋਸ਼ ਲਗਾਕੇ ਖ਼ਤਮ ਕੀਤਾ ਸੀ । ਹਰ ਦੂਸਰੇ-ਚੌਥੇ ਦਿਨ ਅਜਿਹੇ ਬਹਾਨੇ ਬਣਾਕੇ ਸਰਹੱਦੀ ਸੂਬਿਆਂ ਵਿਚ ਸਿੱਖਾਂ ਨੂੰ ਖ਼ਤਮ ਵੀ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਵਿਚ ਦਹਿਸ਼ਤ ਵੀ ਪਾਈ ਜਾ ਰਹੀ ਹੈ । ਸਿੱਖਾਂ ਨੂੰ ਇਸ ਤਰ੍ਹਾਂ ਬਹਾਨੇ ਬਣਾਕੇ ਸਰੀਰਕ ਤੌਰ ਤੇ ਖ਼ਤਮ ਕਰਨ ਦੀ ਇਜ਼ਾਜਤ ਇਥੋ ਦੀਆਂ ਫੋਰਸਾਂ ਜਾਂ ਹਕੂਮਤਾਂ ਨੂੰ ਕਿਸ ਨੇ ਦਿੱਤੀ ਹੈ ?
ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਹੈ ਕਿ ਜਦੋ ਮੰਦਭਾਵਨਾ ਅਧੀਨ ਸਿੱਖਾਂ ਨੂੰ ਸਾਜਿਸ਼ੀ ਢੰਗਾਂ ਰਾਹੀ ਖ਼ਤਮ ਕਰਨ ਦੀ ਸੋਚ ਉਤੇ ਅਮਲ ਹੁੰਦਾ ਹੈ, ਤਾਂ ਉਸ ਸਮੇਂ ਸ. ਬਾਦਲ ਅਤੇ ਬਾਦਲ ਦਲੀਆਂ ਵੱਲੋਂ ਆਪਣੇ ਹੋਣ ਵਾਲੇ ਕੌਮੀ, ਇਖ਼ਲਾਕੀ ਨੁਕਸਾਨ ਨੂੰ ਰੋਕਣ ਲਈ ਕੋਈ ਵੀ ਯਤਨ ਨਹੀਂ ਕੀਤਾ ਜਾਂਦਾ, ਬਲਕਿ ਢੀਠਤਾਂ ਨਾਲ ਸਿੱਖਾਂ ਅਤੇ ਮੁਸਲਮਾਨਾਂ ਦੇ ਕਾਤਲਾਂ ਨੂੰ ਸਿਆਸੀ ਤਾਕਤ ਰਾਹੀ ਅੱਗੇ ਲਿਆਉਣ ਲਈ ਸਰਕਾਰੀ ਮਸ਼ੀਨਰੀ ਅਤੇ ਪੰਜਾਬ ਦੇ ਖਜ਼ਾਨੇ ਦੀ ਖੂਬ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਇਹਨਾਂ ਕਾਤਲਾਂ ਦੇ ਇਕੱਠਾ ਨੂੰ ਕਾਮਯਾਬ ਕਰਨ ਲਈ ਉਚੇਚੇ ਪ੍ਰਬੰਧ ਕੀਤੇ ਜਾਂਦੇ ਹਨ । ਜਦੋ ਹੁਣ ਸਮੁੱਚੇ ਮੁਲਕਾਂ ਅਤੇ ਹਿੰਦ ਵਿਚ ਮਨੁੱਖੀ ਹੱਕਾ ਦਾ ਉਲੰਘਣ ਕਰਨ ਵਾਲੇ ਅਤੇ ਹਿਟਲਰ ਦੀ ਤਰ੍ਹਾਂ ਮਨੁੱਖੀ ਹੱਕਾ ਦਾ ਘਾਣ ਕਰਨ ਵਾਲਿਆਂ ਵਿਰੁੱਧ ਜੋਰਦਾਰ ਅਵਾਜ਼ ਬੁਲੰਦ ਹੋ ਰਹੀ ਹੈ, ਤਾਂ ਸ. ਬਾਦਲ ਤੇ ਬਾਦਲ ਦਲੀਏ ਅਜਿਹੇ ਜ਼ਾਲਮਾਂ ਨੂੰ ਗੈਰ ਕਾਨੂੰਨੀ ਅਤੇ ਗੈਰ ਇਖ਼ਲਾਕੀ ਤਰੀਕੇ, ਹੀਰੋ ਦੀ ਤਰ੍ਹਾਂ ਪੇਸ਼ ਕਰਨ ਵਿਚ ਲੱਗੇ ਹੋਏ ਹਨ । ਉਹਨਾਂ ਕਿਹਾ ਜਿਸ ਮੋਦੀ ਨੇ ਗੁਜਰਾਤ ਵਿਚ ਉਥੇ ਵੱਸਣ ਵਾਲੇ ਸਿੱਖਾਂ ਨੂੰ ਜ਼ਬਰੀ ਬੇਜ਼ਮੀਨੇ ਕੀਤਾ ਹੋਵੇ, ਮੁਸਲਿਮ ਕੌਮ ਦਾ ਕਤਲੇਆਮ ਕੀਤਾ ਹੋਵੇ ਅਤੇ ਉਹਨਾਂ ਦੀਆਂ ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਕੀਤੇ ਹੋਣ ਅਤੇ ਜੋ ਘੱਟ ਗਿਣਤੀ ਕੌਮਾਂ ਵਿਰੋਧੀ “ਹਿੰਦੂਤਵ ਸੋਚ” ਅਧੀਨ ਇਥੇ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਸਰਗਰਮ ਹੋਣ, ਉਸਦੀ ਤਾਨਾਸ਼ਾਹੀ ਸੋਚ ਨੂੰ ਸ. ਬਾਦਲ ਅਤੇ ਬਾਦਲ ਪਰਿਵਾਰ ਦੇ ਮੈਂਬਰ ਕਿਹੜੀ ਖੁਸ਼ੀ ਵਿਚ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ ? ਉਹਨਾਂ ਕਿਹਾ ਕਿ ਸਮੇਂ ਦੀ ਨਿਜ਼ਾਕਤ ਇਸ ਗੱਲ ਦੀ ਜੋਰਦਾਰ ਮੰਗ ਕਰਦੀ ਹੈ ਕਿ ਪੰਜਾਬ ਦੇ ਬਸਿੰਦੇ ਅਤੇ ਸਿੱਖ ਕੌਮ ਬਾਜ਼ ਨਜ਼ਰ ਰੱਖਦੇ ਹੋਏ ਹਰ ਘਟਨਾ ਉਤੇ ਪੜਚੋਲ ਕਰਨ ਕਿ ਕਿਹੜਾ ਆਗੂ ਅਤੇ ਕਿਹੜੀਆਂ ਜਮਾਤਾਂ ਮਨੁੱਖੀ ਹੱਕਾ ਦੀ ਇਮਾਨਦਾਰੀ ਨਾਲ ਰਾਖੀ ਕਰ ਰਹੀਆਂ ਹਨ ਅਤੇ ਕਿਹੜੀਆਂ ਮਨੁੱਖੀ ਹੱਕਾਂ ਨੂੰ ਕੁੱਚਲ ਰਹੀਆਂ ਹਨ । ਇਹ ਫੈਸਲਾ ਕਰਨ ਉਪਰੰਤ ਪੰਜਾਬ ਦੇ ਬਸਿੰਦੇ ਅਤੇ ਸਿੱਖ ਕੌਮ ਅਗਲਾ ਸਿਆਸੀ ਫੈਸਲਾ ਕਰਨ ਕਿ ਪੰਜਾਬ ਦੀ ਪਵਿੱਤਰ ਧਰਤੀ ਉਤੇ ਕਿਹੜੀਆਂ ਸਖਸ਼ੀਅਤਾਂ ਨੂੰ ਪ੍ਰਬੰਧ ਸੰਭਾਲਣਾ ਹੈ । ਸ. ਮਾਨ ਨੇ ਆਪਣੇ ਬਿਆਨ ਦੇ ਅੰਤ ਵਿਚ ਉਤਰਾਖੰਡ ਵਿਚ ਨਿਜ਼ਾਮ ਅਤੇ ਹੋਰ ਸਰਕਾਰਾਂ ਵੱਲੋਂ ਮਨੁੱਖੀ ਜਾਨਾਂ ਬਚਾਉਣ ਲਈ ਬਣਦੀ ਜਿੰਮੇਵਾਰੀ ਨਾ ਨਿਭਾਉਣ ਉਤੇ ਡੂੰਘਾਂ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਫ਼ੌਜ ਨੇ ਇਸ ਵਾਰੀ ਆਪਣੀ ਜਿੰਮੇਵਾਰੀ ਨੂੰ ਅੱਛੇ ਤਰੀਕੇ ਨਾਲ ਨਿਭਾਇਆ ਹੈ, ਜੋ ਪ੍ਰਸ਼ੰਸ਼ਾਯੋਗ ਉੱਦਮ ਹੈ । ਪਰ 1984 ਵਿਚ ਜਦੋ ਸਮੁੱਚੇ ਹਿੰਦ ਵਿਚ ਸਿੱਖ ਕੌਮ ਦਾ ਕਤਲੇਆਮ ਹੋ ਰਿਹਾ ਸੀ, ਸਿੱਖ ਬੀਬੀਆਂ ਨਾਲ ਜ਼ਬਰ-ਜਿ਼ਨਾਹ ਹੋ ਰਹੇ ਸਨ, ਸਿੱਖਾਂ ਦੇ ਘਰਾਂ, ਕਾਰੋਬਾਰਾਂ ਨੂੰ ਲੁੱਟਿਆ ਜਾ ਰਿਹਾ ਸੀ, ਉਸ ਸਮੇਂ ਇਹ ਫੌਜ ਆਪਣੀਆਂ ਬੈਰਕਾਂ ਵਿਚੋਂ ਬਾਹਰ ਕਿਉ ਨਾ ਆਈ ? ਉਸ ਸਮੇਂ ਮਨੁੱਖੀ ਹੱਕਾ ਦੇ ਹੋ ਰਹੇ ਘਾਣ ਨੂੰ ਫੌਜ ਨੇ ਕਿਉਂ ਨਾ ਰੋਕਿਆ ? ਇਹ ਦਾਗ ਅੱਜ ਵੀ ਫ਼ੌਜ ਉਤੇ ਉਸੇ ਤਰ੍ਹਾਂ ਲੱਗਾ ਹੋਇਆ ਹੈ ।