ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1985 ਦੇ ਦਿਨ ਬਖ਼ਸ਼ੀ ਗੋਪੀ ਚੰਦ ਮਲਹੌਤਰਾ ਦੇ ਘਰ ਪਿੰਡ ਹਰਿਆਲ ਰਾਵਲਪਿੰਡੀ ਵਿਚ ਹੋਇਆ। ਸਕੂਲ ਦੀ ਪੜ੍ਹਾਈ ਦੇ ਦੋਰਾਨ ਹੀ ਉਸ ਨੇ ਖੰਡੇ ਦੀ ਪਾਹੁਲ ਲੈ ਲਈ ਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਿਆ। ਕਾਲਸ ਦਾਖ਼ਲ ਹੋਣ ਵੇਲੇ ਤਕ ਉਸ ਦੀ ਸ਼ਖ਼ਸੀਅਤ ਵਿਚ ਇਕ ਆਗੂ ਜਨਮ ਲੈ ਚੁਕਾ ਸੀ। ਅੰਗਰੇਜ਼ੀ ਹਕੂਮਤ ਦੌਰਾਨ ਪੰਝਾਬ ਵਿਚ ਹੋਈ ਪਹਿਲੀ ਸਿਆਸੀ ਐਜੀਟੇਸ਼ਨ (1907) ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ ਪਾਏ ਗਏ ਹਿੱਸੇ ਦੀ ਉਸ ਨੇ ਹੀ ਅਗਵਾਈ ਕੀਤੀ ਸੀ। ਇਸ ਤੋਂ ਅਗਲੇ ਸਾਲ ਹੀ ਉਹ ਲਾਇਲਪੁਰ (ਹੁਣ ਫ਼ੈਸਲਾਬਾਦ) ਵਿਚ ਖਾਲਸਾ ਸਕੂਲ ਦਾ ਹੈੱਡਮਾਸਟਰ ਬਣ ਗਿਆ ਤੇ ਸਿਰਫ਼ 15 ਰੁਪੈ ਮਹੀਨਾ ਤਨਖ਼ਾਹ ’ਤੇ ਕੰਮ ਕਰਨਾ ਮਨਜ਼ੂਰ ਕੀਤਾ। ਇੱਥੋਂ ਹੀ ਉਸ ਨੇ ‘ਸੱਚਾ ਢੰਡੋਰਾ’ ਅਤੇ ਫਿਰ ‘ਪ੍ਰਦੇਸੀ ਖਾਲਸਾ’ ਨਾਂ ਦੀਆਂ ਅਖ਼ਬਾਰਾਂ ਕੱਢਣੀਆਂ ਸ਼ੁਰੂ ਕੀਤੀਆਂ।
1920 ਵਿਚ ਜਦ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਮਾਸਟਰ ਤਾਰਾ ਸਿੰਘ ਦਾ ਉਸ ਵਿਚ ਵੱਡਾ ਰੋਲ ਸੀ। ਉਹ ਸ਼ਰੋਮਣੀ ਕਮੇਟੀ ਦਾ ਪਹਿਲਾ ਸਕੱਤਰ ਵੀ ਸੀ (ਤੇ ਮਗਰੋਂ ਕਈ ਸਾਲ ਪ੍ਰਧਾਨ ਵੀ ਰਿਹਾ)। ਉਸ ਦੀ ਪਹਿਲੀ ਗ੍ਰਿਫ਼ਤਾਰੀ ‘ਚਾਬੀਆਂ ਦਾ ਮੋਰਚਾ’ (ਨਵੰਬਰ 1921) ਵਿਚ ਹੋਈ ਸੀ। ਇਸ ਮਗਰੋਂ ਤਕਰੀਬਨ ਹਰ ਮੋਰਚੇ ਵਿਚ ਉਹ ਜੇਲ੍ਹ ਗਿਆ ਤੇ ਕਈ ਸਾਲ ਜੇਲ੍ਹਾਂ ਵਿਚ ਕੱਟੇ।
ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਤੇ ਸਿੱਖ ਲੀਗ ਦੇ ਵੀ ਪ੍ਰਧਾਨ ਰਹੇ। ਉਨ੍ਹਾਂ ਨੇ ਨਹਿਰੂ ਰਿਪੋਰਟ (1928) ਦੇ ਖ਼ਿਲਾਫ਼ ਕੌਮ ਨੂੰ ਅਗਵਾਈ ਦਿੱਤੀ। ਫ਼ਿਰਕੂ ਫ਼ੈਸਲੇ (1932) ਦੇ ਖ਼ਿਲਾਫ਼ ਉਨ੍ਹਾਂ ਨੇ ‘ਜਹਾਦ’ ਖੜ੍ਹਾ ਕੀਤਾ। 1932 ਤੋਂ 1947 ਤਕ ਉਸ ਨੇ ਸਿੱਖ ਹੱਕਾਂ ਵਾਸਤੇ ਲਾਸਾਨੀ ਰੋਲ ਅਦਾ ਕੀਤਾ। ‘ਆਜ਼ਾਦ ਪੰਜਾਬ’ ਉਸ ਦੀ ਵਧੀਆ ਸਕੀਮ ਸੀ ਜੋ ਈਰਖਾਲੂ ਆਗੂਆਂ ਦੇ ਵਿਰੋਧ ਕਾਰਨ ਸਿਰੇ ਨਾ ਚੜ੍ਹ ਸਕੀ। 1940 ਤੋਂ ਮਗਰੋਂ ਉਸ ਨੇ ਖਾਲਿਸਤਾਨ ਦਾ ਨਾਅਰਾ ਲਾਇਆ ਪਰ ‘ਜੇ ਪਾਕਿਸਤਾਨ ਬਣੇ ਤਾਂ ਖਾਲਿਸਤਾਨ ਵੀ ਬਣੇ’ ਦਾ ‘ਨਫ਼ੀ’ ਦਾ ਨਾਅਰਾ ਯਕੀਨਨ ਨਾਕਾਮਯਾਬ ਹੋਣਾ ਹੀ ਸੀ। 1947 ਵਿਚ ਘਬਰਾ ਕੇ ਤੇ ਡਰ ਕੇ ਉਸ ਨੇ ਸਿੱਖਾਂ ਨੂੰ ਭਾਰਤ ਦਾ ਹਿੱਸਾ ਬਣਾਉਣਾ ਮਨਜ਼ੂਰ ਕੀਤਾ। ਇਹ ਗ਼ਲਤ ਹੈ ਕਿ ਅੰਗਰੇਜ਼ ਖਾਲਿਸਤਾਨ ਦੇਂਦੇ ਸਨ ਪਰ ਬਲਦੇਵ ਸਿੰਘ ਜਾਂ ਤਾਰਾ ਸਿੰਘ ਨੇ ਲੈਣ ਤੋਂ ਨਾਂਹ ਕੀਤੀ। ਹਾਂ ਇਹ ਜ਼ਰੂਰ ਸਹੀ ਹੈ ਕਿ ਮਾਸਟਰ ਤਾਰਾ ਸਿੰਘ ਤੇ ਬਾਕੀ ਆਗੂ ਅੰਗਰੇਜ਼ਾ ਦੇ ਧੱਕੇ ਤੋਂ ਘਬਰਾ ਗਏ ਤੇ ਬੌਂਦਲੇ ਹੋਇਆਂ ਨੇ ਪਾਕਿਸਤਾਨ ਵਿਚ ਜਾਣ ਤੋਂ ਬਚਣ ਲਈ ਭਾਰਤ ਵਿਚ ਸ਼ਾਮਿਲ ਹੋਣਾ ਮੰਨ ਲਿਆ।
1947 ਤੋਂ ਮਗਰੋਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੇ ਹੱਕਾਂ ਵਾਸਤੇ ਵੱਡੀ ਜੱਦੋਜਹਿਦ ਕੀਤੀ। ਜਦ ਸਾਰੇ ਸਾਥੀ ਵਜ਼ੀਰੀਆਂ ਅਤੇ ਤਾਕਤ ਵਾਸਤੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗ਼ਦਾਰੀ ਕਰਨ ਵਾਸਤੇ ਤਿਆਰ ਹੋ ਗਏ ਤਾਂ ਉਹ ਇੱਕਲਾ ਹੀ ਚੰਦ ਕੂ ਸਾਥੀਆਂ ਸਣੇ ਡੱਟਿਆ ਰਿਹਾ। ਉਸ ਨੇ ਪੰਜਾਬੀ ਸੂਬੇ ਵਾਸਤੇ ਜੇਲ੍ਹ ਕੱਟੀ। 1947 ਤੋਂ ਮਗਰੋਂ ਉਹ ਦਰਜਨ ਤੋਂ ਵਧ ਵਾਰ ਜੇਲ੍ਹ ਗਿਆ। ਉਸ ਨੇ ਪੰਜਾਬੀ ਸੂਬੇ ਵਾਸਤੇ ਮਰਨ ਵਰਤ ਰੱਖਿਆ। ਉਸ ਨੇ ਸਿੱਖ ਹੋਮਲੈਂਡ ਦਾ ਨਾਅਰਾ ਲਾਇਆ ਤੇ ਸਿੱਖਾਂ ਦੇ ਹੱਕਾਂ ਵਾਸਤੇ ਜੱਦੋਜਹਿਦ ਕੀਤੀ।
ਮਾਸਟਰ ਤਾਰਾ ਸਿੰਘ ਇਕ ਇੰਸਟੀਚਿਊਸ਼ਨ ਸੀ। ਉਸ ਨੇ ਸੈਂਕੜੇ ਨੌਜਵਾਨਾਂ ਨੂੰ ਪੰਥ ਦੀ ਅਗਵਾਈ ਵਾਸਤੇ ਤਿਆਰ ਕੀਤਾ। ਹੁਕਮ ਸਿੰਘ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ, ਗਿਆਨ ਸਿੰਘ ਰਾੜੇਵਾਲਾ, ਅਜੀਤ ਸਿੰਘ ਸਰਹੱਦੀ, ਬਲਦੇਵ ਸਿੰਘ, ਗੁਰਮੁਖ ਸਿੰਘ ਮੁਸਾਫ਼ਿਰ, ਬੂਟਾ ਸਿੰਘ, ਗੁਰਮੀਤ ਸਿੰਘ ਮੁਕਤਸਰ, ਉਮਰਾਓ ਸਿੰਘ ਜਲੰਧਰ, ਜਸਟਿਸ ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ ਸਾਰੇ ਉਸੇ ਦੇ ਬਣਾਏ ਹੋਏ ਆਗੂ ਸਨ ਪਰ ਸਾਰੇ ਹੀ ਇਕ-ਇਕ ਕਰ ਕੇ ਉਸ ਨੂੰ ਛੱਡ ਕੇ ਕੁਰਸੀਆਂ ਤੇ ਹੋਰ ਲਾਲਚਾਂ ਪਿੱਛੇ ਪੰਥ ਨੂੰ ਪਿੱਠ ਦਿਖਾ ਕੇ ਕਾਂਗਰਸ ਦੀ ਝੋਲੀ ਪੈ ਕੇ ਪੰਥ ਨਾਲ ਗ਼ਦਾਰੀ ਕਰਨ ਵਾਸਤੇ ਵੀ ਪੇਸ਼-ਪੇਸ਼ ਹੋਇਆ ਕਰਦੇ ਸਨ। ਪਰ ਆਫ਼ਰੀਨ ਸੀ ਉਹ ਸ਼ਖ਼ਸ ਜੋ ਵਾਰ-ਵਾਰ ਇਕੱਲਾ ਹੋਣ ਦੇ ਬਾਵਜੂਦ ਵੀ ਡੱਟ ਕੇ ਖੜ੍ਹਾ ਹੋ ਜਾਂਦਾ ਸੀ ਤੇ ਸਾਰੀ ਕੌਮ ਫਿਰ ਉਸ ਦੇ ਨਾਲ ਹੋ ਜਾਇਆ ਕਰਦੀ ਸੀ। ਇਹ ਵੀ ਕਮਾਲ ਹੈ ਕਿ 1957-58 ਵਿਚ ਜਦ ਸਾਰੇ ਉਸ ਨੂੰ ਛੱਡ ਹਏ ਤਾਂ ਉਸ ਨੇ 1960 ਦੀਆਂ ਸ਼ਰੋਮਣੀ ਕਮੇਟੀ ਚੋਣਾਂ ਵਿਚ 140 ਵਿਚੋਂ 136 ਸੀਟਾਂ ਜਿੱਤ ਕੇ ਦੁਨੀਆਂ ਭਰ ਵਿਚ ਇਕ ਰਿਕਾਰਡ ਕਾਇਮ ਕੀਤਾ ਜੋ ਅਜ ਤਕ ਕਿਸੇ ਦੇਸ਼ ਵਿਚ, ਕਿਸੇ ਪਾਰਟੀ ਨੇ ਵੀ ਕਿਸੇ ਵੀ ਚੋਣ ਵਿਚ ਤੋੜਨਾ ਤਾਂ ਕੀ ਬਰਾਬਰ ਵੀ ਨਹੀਂੰ ਕੀਤਾ।
ਇਕ ਇਹ ਵੀ ਕਮਾਲ ਹੈ ਕਿ ਬਹੁਤ ਸਾਰੇ ਵਰਕਰ ਮਾਸਟਰ ਤਾਰਾ ਸਿੰਘ ਦੇ ਹਮੇਸ਼ਾ ਵਫ਼ਾਦਾਰ ਰਹੇ। ਇਨ੍ਹਾਂ ਵਿਚ ਲੁਧਿਆਣਾ ਦੇ ਸੰਤ ਸਿੰਘ ਗੁਜਰਖਾਨੀ, ਰਾਮ ਨਾਰਾਇਣ ਸਿੰਘ ਦਰਦੀ, ਠੇਕੇਦਾਰ ਸੁਰਜਨ ਸਿੰਘ, ਕ੍ਰਿਪਾਲ ਸਿੰਘ ਭਿੱਖੀ ਵਗ਼ੈਰਾ; ਜਲੰਧਰ ਦੇ ਗਿਆਨੀ ਗੁਰਬਖ਼ਸ਼ ਸਿੰਘ, ਗੁਰਬਚਨ ਸਿੰਘ ਗ਼ਰੀਬ, ਕਲਿਆਣ ਸਿੰਘ ਨਿਧੜਕ, ਜੀਵਨ ਸਿੰਘ ਦੁੱਗਲ, ਜੈਮਲ ਸਿੰਘ ਵਗ਼ੈਰਾ; ਪਟਿਆਲਾ ਦੇ ਸਰਦਾਰਾ ਸਿੰਘ ਕੋਹਲੀ ਵਗ਼ੈਰਾ, ਅੰਮ੍ਰਿਤਸਰ ਦੇ ਅਵਤਾਰ ਸਿੰਘ ਛਤੀਰੀਆਂ ਵਾਲੇ, ਭਾਗ ਸਿੰਘ ਅਣਖੀ, ਪੂਰਨ ਸਿੰਘ ਜੋਸ਼, ਰਛਪਾਲ ਸਿੰਘ ਬੇਦੀ ਵਗ਼ੈਰਾ ਤੋਂ ਇਲਾਵਾ ਗੁਰਬਖ਼ਸ਼ ਸਿੰਘ ਐਡਵੋਕੇਟ ਗੁਰਦਾਸਪੁਰ, ਜੋਗਿੰਦਰ ਸਿੰਘ ਰੇਖੀ ਵਕੀਲ ਵੀ ਸ਼ਾਮਿਲ ਸਨ।ਮਾਸਟਰ ਤਾਰਾ ਸਿੰਘ 1909 ਵਿਚ ਸਿਆਸਤ ਵਿਚ ਆਇਆ ਅਤੇ 1967 ਵਿਚ ਉਸ ਨੇ ਚੜ੍ਹਾਓ ਕੀਤੀ। ਇਸ 58 ਸਾਲ ਵਿਚੋਂ 40 ਸਾਲ ਉਹ ਸਿੱਖ ਕੌਮ ਦਾ ‘ਵਾਹਿਦ’ ਆਗੂ ਬਣਿਆ ਰਿਹਾ। ਮਾਸਟਰ ਤਾਰਾ ਸਿੰਘ ਉਹ ਸ਼ਖ਼ਸ ਸੀ ਜਿਸ ਦੇ ਬੋਲ ਲੰਡਨ (ਅੰਗਰੇਜ਼ ਹਕੂਮਤ) ਅਤੇ ਦਿੱਲੀ (ਹਿੰਦੂ ਹਕੂਮਤ) ਦੇ ਤਖ਼ਤ ਨੂੰ ਹਿਲਾ ਦੇਂਦੇ ਸਨ। ਪੰਜਾਬ ਦੀ ਤੇ ਸਿੱਖਾਂ ਦੀ 1926 ਤੋਂ 1966 ਤਕ ਦੀ ਤਵਾਰੀਖ਼ ਦਰਅਸਲ ਮਾਸਟਰ ਤਾਰਾ ਸਿੰਘ ਦੀ ਜੀਵਨ ਕਹਾਣੀ ਹੀ ਹੈ।
ਮਾਸਟਰ ਤਾਰਾ ਸਿੰਘ ਪੰਥ ਦਾ ਵਫ਼ਾਦਾਰ ਸਿਪਾਹੀ ਸੀ; ਉਹ ਇਕ ਅਣਥੱਕ ਜਰਨੈਲ ਸੀ; ਉਹ ਇਕ ਮਹਾਨ ਸਟੇਟਸਮੈਨ ਸੀ। ਇਸ ਸਾਰੇ ਦੇ ਨਾਲ-ਨਾਲ ਉਹ ਇਕ ਲੇਖਕ ਵੀ ਸੀ। ਉਸ ਨੇ ਦੋ ਨਾਵਲ ‘ਪ੍ਰੇਮ ਲਗਨ’ ਅਤੇ ‘ਬਾਬਾ ਤੇਗ਼ਾ ਸਿੰਘ’ ਲਿਖੇ ਸਨ। ਉਸ ਦੀਆਂ ਲੇਖਾਂ ਦੀਆਂ ਕਿਤਾਬਾਂ ‘ਕਿਉ ਵਰਣੀ ਕਿਵ ਜਾਣਾ’ ‘ਪਿਰਮ ਪਿਆਲਾ’ ਵਗ਼ੈਰਾ ਅੱਜ ਵੀ ਓਨੀ ਹੀ ਕੀਮਤ ਰਖਦੀਆਂ ਹਨ ਜਿੰਨੀਆਂ 50 ਸਾਲ ਪਹਿਲਾਂ। ਉਸ ਨੇ ‘ਗ੍ਰਹਿਸਤ ਧਰਮ ਸਿਖਿਆ’ ਕਿਤਾਬ ਲਿਖ ਕੇ ਪਤੀ-ਪਤਨੀ ਦੇ ਰਿਸ਼ਤੇ ਦੀ ਗੰਢ ਨੂੰ ਪੀਡਿਆਂ ਕਰਨ ਦੇ ਗੁਰ ਸਮਝਾਏ; ਉਸ ਨੇ ਆਪਣੀ ਜੀਵਨੀ ‘ਮੇਰੀ ਯਾਦ’ ਵੀ ਲਿਖੀ ਸੀ; ਉਸ ਨੇ ਇਕ ਸਫ਼ਰਨਾਮਾ ਵੀ ਲਿਖਿਆਂ ਸੀ; ਉਸ ਨੇ ਦਰਜਨਾਂ ਟ੍ਰੈਕਟ ਤੇ ਸੈਂਕੜੇ ਲੇਖ ਵੀ ਲਿਖੇ।
ਤਵਾਰੀਖ਼ ਅਤੇ ਸਿੱਖ ਆਗੂਆਂ ਨੇ ਮਾਸਟਰ ਤਾਰਾ ਸਿੰਘ ਨਾਲ ਇਨਸਾਫ਼ ਨਹੀਂ ਕੀਤਾ। ਇਹ ਠੀਕ ਹੈ ਕਿ ਕੁਝ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਨਾਲ ਮਾਸਟਰ ਤਾਰਾ ਸਿੰਘ ਦਾ ਬੁੱਤ ਦਿੱਲੀ ਵਿਚ ਰਕਾਬ ਗੰਜ ਗੁਰਦੁਆਰਾ ਦੇ ਬਾਹਰ ਅਤੇ ਉਨ੍ਹਾਂ ਦੀ ਤਸਵੀਰ ਪਾਰਲੀਮੈਂਟ ਹਾਲ ਵਿਚ ਲੱਗੀਆਂ ਹੋਈਆਂ ਹਨ ਪਰ ਉਸ ਵਰਗੀ ਦੇਣ ਦੇਣ ਵਾਲੇ ਵਾਸਤੇ ਏਨਾ ਕੁਝ ਤੁੱਛ ਹੈ। ਮਾਸਟਰ ਤਾਰਾ ਸਿੰਘ ਦੇ ਨਾਂ ’ਤੇ ਇਕ ਯੁਨੀਵਰਸਿਟੀ ਬਣਾਈ ਜਾਣੀ ਚਾਹੀਦੀ ਹੈ, ਉਸ ਦੇ ਨਾਂ ’ਤੇ ਇਕ ਹਵਾਈ ਅੱਡੇ ਦਾ ਨਾਂ ਰੱਖਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਦੀ ਸਰਹੱਦ ’ਤੇ ਮਾਸਟਰ ਤਾਰਾ ਸਿੰਘ ਦਾ ਬੁੱਤ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮੁਲਕ ਵਿਚ ਆਉਣ ਵਾਲੇ ਨੂੰ ਤਾ ਲੱਗੇ ਕਿ ਇਹ ਸਰਹੱਦ ਸਤਲੁਜ ਤਕ ਬਣਨ ਦੀ ਥਾਂ ’ਤੇ ਵਾਹਗੇ ਤਕ ਕਿਸ ਨੇ ਬਣਵਾਈ ਸੀ। ਪਿਛਲੇ ਕੁਝ ਸਾਲਾਂ ਤੋਂ ਸਿੱਖ ਦੁਸ਼ਮਣ ਤਾਕਤਾਂ ਨੇ ਮਾਟਰ ਤਾਰਾ ਸਿੰਘ ਦੇ ਖ਼ਿਲਾਫ਼ ਘਿਣਾਉਣਾ ਪਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ 1947 ਵਿਚ ਖਾਲਿਸਤਾਨ ਮਿਲਦਾ ਸੀ ਪਰ ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ। ਦੂਜਾ ਇਹ ਕਿ 1936 ਵਿਚ ਡਾ: ਅੰਬੇਦਕਰ ਕਰੋੜਾਂ ਦਲਿਤਾਂ ਸਣੇ ਸਿੱਖ ਬਣਨਾ ਚਾਹੁੰਦੇ ਸਨ ਪਰ ਮਾਸਟਰ ਤਾਰਾ ਸਿੰਘ ਨੇ ਸਾਜ਼ਸ਼ ਕਰ ਕੇ ਇਸ ਵਿਚ ਰੁਕਾਵਟ ਪਾਈ ਸੀ। ਤੀਜਾ ਇਹ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਬਣਾਉਣ ਵਾਲਿਆਂ ਵਿਚ ਮਾਸਟਰ ਤਾਰਾ ਸਿੰਘ ਸ਼ਾਮਿਲ ਸੀ। ਇਹ ਤਿੰਨੇ ਪਰਚਾਰ ਕੋਰਾ ਝੂਠ ਤੇ ਕੁਫ਼ਰ ਹਨ। ਇਸ ਪਰਚਾਰ ਪਿੱਛੇ ‘ਥਰਡ ਏਜੰਸੀ’ ਅਤੇ ਆਰ.ਐਸ. ਐਸ. ਦਾ ਰੋਲ ਹੈ।
ਮਾਸਟਰ ਤਾਰਾ ਸਿੰਘ
This entry was posted in ਲੇਖ.