ਅੰਮ੍ਰਿਤਸਰ:- ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ 297ਵਾਂ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਲਿਆ ਗਿਆ। ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਵੱਲੋਂ ਬੀਰ-ਰਸ ਵਿੱਚ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਰਾਜਦੀਪ ਸਿੰਘ ਵੱਲੋਂ ਕੀਤੀ ਗਈ।
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਰੌਸ਼ਨੀ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਥਾਪੜਾ ਪ੍ਰਾਪਤ ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨੇ ਨੰਦੇੜ ਸਾਹਿਬ ਦੀ ਧਰਤੀ ਤੋਂ ਚੱਲ ਕੇ ਸਰਹਿੰਦ ਫ਼ਤਹਿ ਕਰਨ ਤੀਕ ਰਸਤੇ ਵਿੱਚ ਕਪਾਲਮੋਚਨ, ਸਢੌਰਾ, ਲੋਹਗੜ੍ਹ, ਸਮਾਣਾ ਆਦਿ ਜੰਗਾਂ ‘ਚ ਦੁਸ਼ਮਣ ਨੂੰ ਹਰਾ ਕੇ ਚੱਪੜਚਿੜੀ ਦੇ ਮੈਦਾਨ ‘ਚ ਸਰਹਿੰਦ ਦੇ ਸੂਬੇਦਾਰ ਵਜੀਦ ਖਾਂ ਨੂੰ ਮਾਰ ਮੁਕਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੇ ਪ੍ਰਕਾਸ਼ ਤੇ ਸ਼ਹੀਦੀ ਦਿਹਾੜਿਆਂ ਤੋਂ ਇਲਾਵਾ ਭਗਤਾਂ ਤੇ ਸ਼ਹੀਦਾਂ ਦੇ ਇਤਿਹਾਸਕ ਦਿਹਾੜੇ ਸ਼੍ਰੋਮਣੀ ਕਮੇਟੀ ਮਨਾ ਕੇ ਫਖ਼ਰ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਜ਼ਾਲਮਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰੀ ਉਪਰੰਤ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ। ਏਥੋਂ ਤੱਕ ਕਿ ਉਹਨਾਂ ਦੇ ਚਾਰ ਸਾਲਾ ਸਪੁੱਤਰ ਭਾਈ ਅਜੈ ਸਿੰਘ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ, ਪਰ ਸਿੱਦਕੀ ਸਿੱਖ ਨੇ ਇੱਕ ਵਾਰ ਵੀ ਸੀਅ ਨਹੀਂ ਕੀਤੀ ਤੇ ਜ਼ਾਲਮਾਂ ਹੱਥੋਂ ਸ਼ਹੀਦ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਪ੍ਰਸਿੱਧ ਢਾਡੀ ਭਾਈ ਗੁਰਮੁਖ ਸਿੰਘ ਝਾਮਕਾ ਤੇ ਭਾਈ ਗੁਰਪ੍ਰੀਤ ਸਿੰਘ ਭੰਗੂ ਦੇ ਢਾਡੀ ਜਥਿਆਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਅਧਾਰਤ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਸਟੇਜ ਦੀ ਸੇਵਾ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ਵੱਲੋਂ ਨਿਭਾਈ ਗਈ।
ਇਸ ਮੌਕੇ ਸ.ਦਲਮੇਘ ਸਿੰਘ, ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਰਣਜੀਤ ਸਿੰਘ ਐਡੀ: ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਬਿਜੈ ਸਿੰਘ ਤੇ ਸ.ਗੁਰਬਚਨ ਸਿੰਘ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਗੁਰਿੰਦਰ ਸਿੰਘ ਤੇ ਸ.ਜਤਿੰਦਰ ਸਿੰਘ ਐਡੀ:ਮੈਨੇਜਰ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੰਮੂਹ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ ‘ਚ ਸਿੱਖ ਸੰਗਤਾਂ ਹਾਜ਼ਰ ਸਨ।