ਫਤਹਿਗੜ੍ਹ ਸਾਹਿਬ – “ਦਸਤਾਰ ਅਤੇ ਕੇਸ ਸਿੱਖ ਕੌਮ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਕਰਨ ਅਤੇ ਮੁਸ਼ਕਲਾਤਾਂ ਵਾਲੇ ਸੰਘਰਸ਼ ਵਿਚੋਂ ਲੰਘਣ ਉਪਰੰਤ ਪ੍ਰਾਪਤ ਹੋਏ ਹਨ । ਦਸਤਾਰ ਸਿੱਖ ਕੌਮ ਦੀ ਇੱਜ਼ਤ-ਮਾਣ ਦੀ ਪ੍ਰਤੀਕ ਹੈ । ਕਿਸੇ ਸਿੱਖ ਦੀ ਦਸਤਾਰ ਦੀ ਕੋਈ ਦੂਸਰਾ ਸਿੱਖ ਹੀ ਬੇਅਦਬੀ ਕਰੇ, ਇਸ ਤੋ ਵੱਡੀ ਗਿਰਾਵਟ ਅਤੇ ਨਮੋਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ? ਪਰ ਅਸੀ ਸ. ਪ੍ਰਕਾਸ਼ ਸਿੰਘ ਬਾਦਲ ,ਸ੍ਰੀ ਅਵਤਾਰ ਸਿੰਘ ਮੱਕੜ ਅਤੇ ਹੋਰ ਧਾਰਮਿਕ ਤੇ ਸਿਆਸੀ ਆਗੂਆਂ ਤੋਂ ਇਹ ਪੁੱਛਣਾ ਚਾਹਵਾਂਗੇ ਕਿ ਜਦੋ ਬੀਤੇ ਸਮੇਂ ਵਿਚ ਅੰਮ੍ਰਿਤਸਰ ਦੇ ਕੱਥੂਨੰਗਲ ਵਿਖੇ ਸਿੱਖ ਕੌਮ ਦਾ ਸਾਂਝੇ ਤੌਰ ਤੇ ਬਾਬਾ ਬੁੱਢਾ ਜੀ ਦਾ ਦਿਹਾੜਾ ਮਨਾ ਰਹੇ ਸੀ, ਉਸ ਸਮੇਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਬਾਦਲ ਦਲੀਆਂ ਵੱਲੋਂ ਮੇਰੀ ਦਸਤਾਰ ਲਾਹੁੰਦੇ ਹੋਏ, ਆਪਣੇ ਐਸ.ਓ.ਆਈ. ਦੇ ਗੁੰਡਿਆਂ ਤੋਂ ਜੋਰ-ਜ਼ਬਰ ਕਰਵਾਇਆ ਸੀ, 6 ਜੂਨ 2013 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 84 ਦੇ ਘੱਲੂਘਾਰੇ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਮੇਂ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਸਾਡੇ ਕਾਰਜਕਾਰਨੀ ਮੈਂਬਰ ਸ. ਸੁਖਜਿੰਦਰ ਸਿੰਘ ਕਾਜਮਪੁਰ ਦੀ ਦਸਤਾਰ ਨੂੰ ਜ਼ਬਰੀ ਲਾਹਿਆ ਗਿਆ ਸੀ ਅਤੇ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਉਤੇ ਤਲਵਾਰਾਂ ਨਾਲ ਹਮਲੇ ਕਰਦੇ ਹੋਏ ਜ਼ਖਮੀ ਕੀਤਾ ਗਿਆ ਸੀ ਤਾਂ ਉਸ ਸਮੇਂ ਇਹਨਾਂ ਧਾਰਮਿਕ ਅਤੇ ਰਾਜਨੀਤਿਕ ਅਖੋਤੀ ਆਗੂਆਂ ਦੀ ਜ਼ਮੀਰ ਕਿਉਂ ਮਰ ਗਈ ਸੀ ਅਤੇ ਉਹਨਾਂ ਨੇ ਅਜਿਹੀ ਵੱਡੀ ਕੁਤਾਹੀ ਹੋਣ ਵਾਲਿਆਂ ਵਿਰੁੱਧ ਧਾਰਮਿਕ ਤੇ ਇਖ਼ਲਾਕੀ ਤੌਰ ਤੇ ਕਾਰਵਾਈ ਕਿਉਂ ਨਾ ਕੀਤੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਵਿਖੇ ਕੁਦਰਤੀ ਕਹਿਰ ਨਾਲ ਸਾਹਮਣਾ ਕਰ ਰਹੀ ਮਨੁੱਖਤਾ ਨੂੰ ਜਿੰਦਗੀ-ਮੌਤ ਦੀ ਲੜਾਈ ਵਿਚੋਂ ਪੰਜਾਬ ਸਰਕਾਰ ਵੱਲੋਂ ਭੇਜੇ ਕਾਹਨ ਸਿੰਘ ਪੰਨੂੰ ਵੱਲੋਂ ਸਿੱਖ ਸਰਧਾਲੂਆਂ ਨਾਲ ਗੱਲਬਾਤ ਕਰਦੇ ਹੋਏ ਧਰਮ ਵਿਰੁੱਧ ਤੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਰੁੱਧ ਵਰਤੀ ਅਪਮਾਨਜ਼ਨਕ ਸ਼ਬਦਾਵਲੀ ਉਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਇੱਜ਼ਤ ਦੀ ਪ੍ਰਤੀਕ ਦਸਤਾਰ ਉਤੇ ਕਿਸੇ ਤਰ੍ਹਾਂ ਦਾ ਹਮਲਾ ਹੋਣ ਦੀ ਗੱਲ ਨੂੰ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰ ਸਕਦੀ । ਪਰ ਕਾਹਨ ਸਿੰਘ ਪੰਨੂੰ ਵੱਲੋਂ ਸਹੀ ਤਰੀਕੇ ਜਿੰਮੇਵਾਰੀ ਨਾ ਨਿਭਾਉਣ ਉਪਰੰਤ ਵੀ ਬਾਦਲ ਹਕੂਮਤ, ਜਥੇਦਾਰ ਸਾਹਿਬਾਨ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਸ. ਪੰਨੂੰ ਦੀ ਗਲਤੀ ਦੇ ਬਾਵਜੂਦ ਵੀ ਉਸਦੀ ਪਿੱਠ ਤੇ ਆ ਖਲੋਣ ਦੇ ਅਮਲਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਸ. ਬਾਦਲ, ਪੰਜਾਬ ਸਰਕਾਰ ਉਤਰਾਖੰਡ ਵਿਖੇ ਆਪਣੇ ਇਨਸਾਨੀ ਅਤੇ ਸਮਾਜਿਕ ਫਰਜ਼ਾ ਦੀ ਪੂਰਤੀ ਕਰਨ ਲਈ ਆਪਣੀ ਵਿਦੇਸ਼ੀ ਯਾਤਰਾਂ ਛੱਡ ਕੇ ਵਾਪਿਸ ਨਹੀਂ ਆਏ, ਸਗੋਂ ਮਨੁੱਖਤਾ ਵਿਰੋਧੀ ਸੋਚ ਦੀ ਅਗਵਾਈ ਕਰਨ ਵਾਲੇ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਸ੍ਰੀ ਮੋਦੀ ਦੀ ਪਿੱਠ ਪੂਰਨ ਲਈ ਮੋਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਆਏ ਸਨ । ਲੇਕਿਨ ਹੁਣ ਉਤਰਾਖੰਡ ਦੇ ਕਹਿਰ ਦੀਆਂ ਗੱਲਾਂ ਕਰਕੇ ਜਾਂ ਬਿਆਨਬਾਜੀ ਕਰਕੇ ਝੂਠਾਂ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਸਰਕਾਰ ਮੁਸ਼ਕਿਲ ਵਿਚ ਫਸੇ ਮੌਤ ਅਤੇ ਜਿੰਦਗੀ ਵਿਚ ਜੂਝਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਅਤੇ ਸਿੱਖਾਂ ਨੂੰ ਜਾਂ ਮਨੁੱਖਤਾ ਨੂੰ ਬਚਾਉਣ ਦਾ ਢੋਗ ਰਚ ਰਹੇ ਹਨ । ਉਹਨਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਜਦੋਂ ਉਤਰਾਖੰਡ ਦੇ ਪਹਾੜਾਂ ਵਿਚ ਮਨੁੱਖੀ ਜੀਵਾਂ ਦੇ ਸਰੀਰ ਗਲ-ਸੜ ਰਹੇ ਹਨ ਤਾ ਸੰਬੰਧਤ ਸੂਬੇ ਦੀ, ਸੈਟਰ ਅਤੇ ਪੰਜਾਬ ਦੀਆਂ ਹਕੂਮਤਾਂ ਉਹਨਾਂ ਮ੍ਰਿਤਕਾਂ ਦਾ ਸਸਕਾਰ ਕਰਨ ਦੀ ਜਿੰਮੇਵਾਰੀ ਤੋਂ ਕਿਉਂ ਭੱਜ ਰਹੀਆਂ ਹਨ ਅਤੇ ਇਥੋ ਦੇ ਨਿਵਾਸੀਆਂ ਨੂੰ ਮੂਰਖ ਬਣਾਉਣ ਹਿੱਤ ਅਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਗੈਰ ਦਲੀਲ ਬਿਆਨਬਾਜੀ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ ?