ਡਾ: ਹਰਸ਼ਿੰਦਰ ਕੌਰ, ਐਮ ਡੀ,
ਪੀੜ ਤੋਂ ਆਰਾਮ ਪਾਉਣ ਲਈ ਤਾਂ ਲੋਕ ਰਬ ਅੱਗੇ ਅਰਦਾਸਾਂ ਕਰਦੇ ਮੌਤ ਤਕ ਮੰਗ ਲੈਂਦੇ ਹਨ। ਇਸੇ ਲਈ ਸਭ ਤੋਂ ਵੱਧ ਵਰਤੋਂ ਵਿਚ ਆਉਂਦੀਆਂ ਨੇ ਦਰਦ ਨਿਵਾਰਕ ਗੋਲੀਆਂ। ਆਓ ਅੱਜ ਇਨ੍ਹਾਂ ਦਵਾਈਆਂ ਦੇ ਕੱਚ ਸੱਚ ਬਾਰੇ ਜਾਣੀਏ।
ਜੇ ਗਿਣਤੀ ਵਜੋਂ ਵਰਤੋਂ ਦਾ ਹਿਸਾਬ ਕਿਤਾਬ ਲਾਉਣਾ ਹੋਵੇ ਤਾਂ ਦੁਨੀਆਂ ਭਰ ਵਿਚ ਇਨ੍ਹਾਂ ਗੋਲੀਆਂ ਤੇ ਟੀਕਿਆਂ ਦੀ ਵਿਕਰੀ ਰੋਜ਼ਾਨਾ ਅਰਬਾਂ ਦਾ ਅੰਕੜਾ ਪਾਰ ਕਰ ਜਾਂਦੀ ਹੈ।
ਮੈਡੀਕਲ ਵਿਸ਼ੇ ਵਿਚ ਏਨੀਆਂ ਖੋਜਾਂ ਰੋਜ਼ ਸਾਹਮਣੇ ਆ ਰਹੀਆਂ ਹਨ ਕਿ ਕਈਆਂ ਦਾ ਤਾਂ ਸਾਲਾਂ ਬਾਅਦ ਪਤਾ ਲੱਗਦਾ ਹੈ ਕਿ ਇਨ੍ਹਾਂ ਵਿਚ ਕਿੰਨਾ ਵੱਡਾ ਫਰੌਡ ਖੇਡਿਆ ਗਿਆ। ਉਦੋਂ ਤਕ ਕੰਪਨੀਆਂ ਖਰਬਾਂ ਦਾ ਕਾਰੋਬਾਰ ਕਰ ਚੁੱਕੀਆਂ ਹੁੰਦੀਆਂ ਹਨ ਤੇ ਬੇਅੰਤ ਮਰੀਜ਼ ਉਨ੍ਹਾਂ ਦਵਾਈਆਂ ਦੇ ਮਾੜੇ ਅਸਰਾਂ ਤਹਿਤ ਰਬ ਨੂੰ ਪਿਆਰੇ ਹੋ ਚੁੱਕੇ ਹੁੰਦੇ ਹਨ।
ਇਸੇ ਹੀ ਤਰ੍ਹਾਂ ਦੇ ਧੋਖੇ ਦਰਦ ਨਿਵਾਰਕ ਗੋਲੀਆਂ ਉੱਤੇ ਕੀਤੀ ਖੋਜ ਵਿਚ ਲੱਭੇ ਗਏ। ਮੈਸਾਚੂਸੈਟਸ ਦੇ ਸਪਰਿੰਗਫੀਲਡ ਵਿਚਲੇ ਬਾਏਸਟੇਟ ਮੈਡੀਕਲ ਸੈਂਟਰ ਵਿਚ ਡਾ. ਸਕਾਟ ਰੁਬੇਨ ਨੇ 1996 ਤੋਂ ਸੰਨ 2008 ਤਕ 72 ਖੋਜ ਪੱਤਰ ਦੁਨੀਆ ਸਾਹਮਣੇ ਰੱਖੇ ਜਿਨ੍ਹਾਂ ਵਿੱਚੋਂ 21 ਖੋਜ ਪੱਤਰ ਬਾਅਦ ਵਿਚ ਜਾਅਲੀ ਸਾਬਤ ਹੋਏ।
ਇਨ੍ਹਾਂ ਖੋਜ ਪੱਤਰਾਂ ਦੇ ਜਾਅਲੀ ਸਾਬਤ ਹੋਣ ਤਕ ਕਈ ਹਜ਼ਾਰਾਂ ਬੰਦੇ ਇਨ੍ਹਾਂ ਦਵਾਈਆਂ (ਰੋਫੇਕੌਕਸਿਬ) ਦੇ ਮਾੜੇ ਅਸਰਾਂ ਤਹਿਤ ਹਾਰਟ ਅਟੈਕ (ਦਵਾਈ ਲੈਣ ਤੋਂ ਛੇ ਮਹੀਨਿਆਂ ਦੇ ਵਿਚ ਵਿਚ ਮੌਤ ਹੋ ਗਈ), ਪਾਸਾ ਖੜ੍ਹਨਾ, ਗੁਰਦੇ ਫੇਲ੍ਹ ਹੋਣੇ, ਆਦਿ ਦੇ ਸ਼ਿਕਾਰ ਹੋ ਗਏ। ਕਈ ਢਿਡ ਅੰਦਰ ਲਹੂ ਚੱਲਣ ਸਦਕਾ ਚਲਾਣਾ ਕਰ ਗਏ।
ਦਰਅਸਲ ਕੌਕਸ – 2 ਇਨਹਿਬਿਟਰ (COX-2 inhibitor)ਦਰਦ ਦੀ ਦਵਾਈ ਪਿਸ਼ਾਬ ਵਿਚਲਾ ਪਰੋਸਟਾਸਾਈਕਲਿਨ ਘਟਾ ਦਿੰਦੀ ਹੈ ਜਿਸ ਕਾਰਣ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਇਹ ਖੋਜ ਦੱਬ ਲਈ ਗਈ ਤਾਂ ਜੋ ਖ਼ਰਬਾਂ ਰੁਪਿਆਂ ਦਾ ਕੰਪਨੀਆਂ ਦਾ ਕਾਰੋਬਾਰ ਠੱਪ ਨਾ ਹੋ ਜਾਏ। ਇਹ ਪੱਖ ਜ਼ਿਆਦਾ ਪ੍ਰਚਲਿਤ ਕਰ ਦਿ¤ਤਾ ਗਿਆ ਕਿ ਇਨ੍ਹਾਂ ਦਵਾਈਆਂ ਨਾਲ ਪਹਿਲੀਆਂ ਦਵਾਈਆਂ ਨਾਲੋਂ ਖ਼ਤਰਾ ਘਟ ਹੈ ਕਿ ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਢਿੱਡ ਅੰਦਰ ਲਹੂ ਨਹੀਂ ਵਗਦਾ। ਪਰ ਬਾਕੀ ਮੌਤ ਦੇ ਮੂੰਹ ਵਲ ਜਾਣ ਦੇ ਕਾਰਣ ਦੱਬ ਲਏ ਗਏ।
ਜਿਹੜੇ ਮਰੀਜ਼ ਹੱਡੀਆਂ ਦੀ ਬੀਮਾਰੀ ਕਾਰਣ ਤਿੰਨ ਤੋਂ ਛੇ ਮਹੀਨੇ ਤਕ ਕੌਕਸ – 2 – ਇਨਹਿਬੀਟਰ ਦਰਦ ਦੀਆਂ ਗੋਲੀਆਂ ਖਾਂਦੇ ਰਹੇ, ਉਨ੍ਹਾਂ ਵਿਚ ਵੀ ਢਿੱਡ ਤੇ ਅੰਤੜੀਆਂ ਉਤੇ ਅਸਰ ਪਿਆ ਲੱਭਿਆ ਗਿਆ।
ਜੇ ਗੱਲ ਕਰੋਸਿਨ ਜਾਂ ਪੈਰਾਸਿਟਾਮੌਲ ਦਵਾਈ ਦੀ ਕਰੀਏ ਤਾਂ ਉਸ ਬਾਰੇ ਆਮ ਧਾਰਨਾ ਹੈ ਕਿ ਇਸ ਲਈ ਮਰੀਜ਼ ਨੂੰ ਡਾਕਟਰ ਤੋਂ ਪੁੱਛਣ ਦੀ ਲੋੜ ਵੀ ਨਹੀਂ ਕਿ ਇਹ ਕਿੰਨੀ ਲੈਣੀ ਹੈ ਤੇ ਲੈਣੀ ਵੀ ਹੈ ਜਾਂ ਨਹੀਂ। ਇੰਗਲੈਂਡ ਵਿਚ ਇਕ ਸਾਲ ਵਿਚ 15,000 ਤੋਂ 20,000 ਬੰਦੇ ਸਿਰ ਦਰਦ ਕਾਰਣ ਟਾਇਲੇਨਾਲ ਜਾਂ ਹੋਰ ਪੈਰਾਸਿਟਾਮੌਲ ਦੀ ਵਰਤੋਂ ਸਦਕਾ ਜਿਗਰ ਦਾ ਰੋਗ ਸਹੇੜ ਕੇ ਮਰ ਗਏ। ਖ਼ਾਸ ਗੱਲ ਇਹ ਸੀ ਕਿ ਇਹ ਜਿਗਰ ਦਾ ਨਾਸ ਗੋਲੀ ਦੀ ਵੱਧ ਵਰਤੋਂ ਕਾਰਣ ਨਹੀਂ ਸੀ ਵੱਜਿਆ ਬਲਕਿ ਕਈ ਮਰੀਜ਼ਾਂ ਨੇ ਤਾਂ ਚਾਰ ਜਾਂ ਪੰਜ ਵਾਰ ਹੀ ਗੋਲੀ ਖ਼ਾਧੀ ਸੀ, ਫੇਰ ਵੀ ਉਹ ਨਹੀਂ ਬਚ ਸਕੇ।
ਹੁਣ ਗੱਲ ਇਹ ਰਹਿ ਗਈ ਕਿ ਜੇ ਦਰਦ ਦੀਆਂ ਗੋਲੀਆਂ ਖਾਣੀਆਂ ਹੀ ਨਹੀਂ ਤਾਂ ਫੇਰ ਕੀ ਕੀਤਾ ਜਾਏ? ‘ਅਮਰੀਕਨ ਪੇਨ ਸੋਸਾਇਨੀ’ ਨੇ ‘ਜਰਨਲ ਔਫ ਪੇਨ’ ਵਿਚ ਏਸੇ ਬਾਰੇ ਇਕ ਨਵੀਂ ਖੋਜ ਬਾਰੇ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ 74 ਵਿਦਿਆਰਥੀ ਚੁਣੇ ਜਿਨ੍ਹਾਂ ਨੂੰ ਬਹੁਤੀ ਕਸਰਤ ਬਾਅਦ ਜਾਂ ਸਟ ਵੱਜਣ ਬਾਅਦ ਦਰਦ ਹੋ ਰਹੀ ਸੀ। ਇਨ੍ਹਾਂ ਸਾਰਿਆਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ ਗਿਆ। ਇਕ ਤਿਹਾਈ ਨੂੰ ਦੱਸੇ ਬਗ਼ੈਰ ਕੱਚਾ ਅਦਰਕ ਫੇਹ ਕੇ ਖਾਣ ਲਈ ਦਿੱਤਾ ਗਿਆ ਤੇ ਇਕ ਤਿਹਾਈ ਨੂੰ ਦਵਾਈ ਕਹਿ ਕੇ ਗਰਮ ਕੀਤਾ ਅਦਰਕ ਦਿੱਤਾ ਗਿਆ ਤੇ ਤੀਜੇ ਹਿੱਸੇ ਨੂੰ ਅਦਰਕ ਦੇ ਸਵਾਦ ਵਾਲੀ ਟਾਫੀ ਦੇ ਦਿਤੀ ਗਈ, ਜਿਸ ਵਿਚ ਅਦਰਕ ਦਾ ਰਸ ਉਕਾ ਹੀ ਨਹੀਂ ਸੀ।
ਜਾਰਜੀਆ ਦੀ ਯੂਨੀਵਰਸਿਟੀ ਵਿਚ ਕੀਤੀ ਇਸ ਖੋਜ ਨੇ ਕਮਾਲ ਦੇ ਸਿੱਟੇ ਸਾਡੇ ਸਾਹਮਣੇ ਲਿਆ ਧਰੇ ਹਨ ਕਿ ਅਦਰਕ ਪੱਠਿਆਂ ਦੀ ਦਰਦ ਨੂੰ ਅਤੇ ਪੱਠਿਆਂ ਦੀ ਸੋਜ਼ਿਸ਼ ਨੂੰ ਬਿਨਾਂ ਕਿਸੇ ਮਾੜੇ ਅਸਰ ਦੇ, ਪੂਰੀ ਤਰ੍ਹਾਂ ਦੂਰ ਕਰ ਦਿੰਦਾ ਹੈ। ਜਿਹੜੇ ਤੀਜੇ ਹਿੱਸੇ ਨੂੰ ਅਦਰਕ ਨਹੀਂ ਸੀ ਦਿਤਾ ਗਿਆ, ਉਨ੍ਹਾਂ ਵਿਦਿਆਰਥੀਆਂ ਦੀ ਪੀੜ ਬਰਕਰਾਰ ਰਹੀ ਜਦਕਿ ਬਾਕੀ ਦੋਵਾਂ ਗਰੁੱਪਾਂ ਦੇ ਵਿਦਿਆਰਥੀਆਂ ਦੀ ਪੀੜ ਪੂਰੀ ਤਰ੍ਹਾਂ ਠੀਕ ਹੋ ਗਈ। ਇਹ ਤਾਂ ਸਪਸ਼ਟ ਹੋ ਗਿਆ ਕਿ ਭਾਵੇਂ ਕੱਚਾ ਲਿਆ ਜਾਵੇ ਤੇ ਭਾਵੇਂ ਭੁੰਨ ਕੇ, ਅਦਰਕ ਕੁਦਰਤੀ ਦਰਦ ਨਿਵਾਰਕ ਤਾਂ ਕਮਾਲ ਦਾ ਹੈ!
ਐਸਪਿਰਿਨ ਵੀ ਹੱਦੋਂ ਵੱਧ ਵਰਤੀ ਜਾਣ ਵਾਲੀ ਦਵਾਈ ਬਣ ਚੁੱਕੀ ਹੈ ਜਿਹੜੀ ਸਿਰ ਦਰਦ ਤੋਂ ਲੈ ਕੇ ਦਿਲ ਦੇ ਮਰੀਜ਼ਾਂ ਨੂੰ ਹਾਰਟ ਅਟੈਕ ਤੋਂ ਬਚਾਉਣ ਲਈ ਘਟ ਮਾਤਰਾ ਵਿਚ ਰੋਜ਼ ਲੈਣ ਨੂੰ ਕਹੀ ਜਾਂਦੀ ਹੈ। ਬੱਚਿਆਂ ਵਿਚ ਐਸਪਿਰਿਨ ਦੀ ਵਰਤੋਂ ਖ਼ਤਰਨਾਕ ਸਾਬਤ ਹੋ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਕੇਸਾਂ ਵਿਚ ‘ਰੀਜ਼ ਸਿੰਡਰੋਮ’ ਹੋ ਜਾਣ ਸਦਕਾ ਜਿਗਰ ਫੇਲ੍ਹ ਹੋਣ ਨਾਲ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਨਿਮੈਸੂਲਾਈਡ ਦਰਦ ਦੀ ਦਵਾਈ ਤਾਂ ਏਨੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਗਈ ਕਿ ਮਜਬੂਰਨ ਕੋਰਟ ਵੱਲੋਂ ਹੀ ਭਾਰਤ ਵਿਚ ਇਸ ਦੀ ਬੱਚਿਆਂ ਵਿਚ ਵਰਤੋਂ ਉਤੇ ਪੂਰਨ ਰੂਪ ਵਿਚ ਰੋਕ ਲਾ ਦਿੱਤੀ ਗਈ ਤੇ ਕੰਪਨੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਪੀਣ ਵਾਲੀ ਨਿਮੈਸੂਲਾਈਡ ਦਵਾਈ ਬਣਾਈ ਹੀ ਨਹੀਂ ਜਾ ਸਕਦੀ ਤਾਂ ਜੋ ਗ਼ਲਤੀ ਨਾਲ ਵੀ ਬੱਚਿਆਂ ਨੂੰ ਇਹ ਨਾ ਦਿੱਤੀ ਜਾ ਸਕੇ।
ਇਹ ਸਭ ਕੁੱਝ ਤਾਂ ਠੀਕ ਹੈ ਪਰ, ਪੀੜ ਇਕ ਅਜਿਹਾ ਰਿਸ਼ਤਾ ਡਾਕਟਰ ਤੇ ਮਰੀਜ਼ ਵਿਚ ਗੰਢਦੀ ਹੈ ਕਿ 99 ਪ੍ਰਤੀਸ਼ਤ ਮਰੀਜ਼ ਡਾਕਟਰ ਕੋਲ ਇਸੇ ਦੇ ਆਰਾਮ ਵਾਸਤੇ ਹੀ ਜਾਂਦੇ ਹਨ। ਜੇ ਇੱਕਲੇ ਅਦਰਕ ਦੇ ਸਿਰ ਉਤੇ ਛੱਡ ਦਿੱਤਾ ਜਾਏ ਤਾਂ ਬਹੁਤੇ ਮਰੀਜ਼ ਵੀ ਸੰਤੁਸ਼ਟ ਨਹੀਂ ਹੋਣਗੇ ਤੇ ਡਾਕਟਰ ਵੀ ਵਿਹਲੇ ਬਹਿ ਜਾਣਗੇ। ਸੋ ਵਿਚਲਾ ਰਸਤਾ ਕੱਢਣ ਲਈ ਉਹ ਮਰੀਜ਼ ਚੁਣੇ ਗਏ ਜਿਹੜੇ ਆਰਾਮ ਵਾਸਤੇ ਕੋਈ ਨਾ ਕੋਈ ਦਵਾਈ ਦੀ ਭਾਲ ਕਰ ਰਹੇ ਸਨ।
ਆਕਸਫੋਰਡ ਯੂਨੀਵਰਸਿਟੀ ਹਸਪਤਾਲ ਦੇ ਪ੍ਰੋ. ਬਿੰਜਲ ਤੇ ਮਿਊਨਿਖ਼ ਯੂਨੀਵਰਸਿਟੀ ਵਿਚਲੀ ਖੋਜ ਸੰਨ 2011 ਵਿਚ ‘ਸਾਇੰਸ ਟਰਾਂਜ਼ੀਸ਼ਨਲ ਮੈਡੀਸਨ’ ਵਿਚ ਛਪੀ ਜਿਸ ਵਿਚ ਦਰਦ ਨਾਲ ਤੜਫ ਰਹੇ ਮਰੀਜ਼ਾਂ ਵਿਚ ਮਾਰਫੀਨ ਜਿੰਨੇ ਤੇਜ਼ (ਰੈਮੀਫੈਂਟਾਨਿਲ) ਟੀਕੇ ਲਾਉਣ ਦੀ ਲੋੜ ਪਈ! ਇਨ੍ਹਾਂ ਮਰੀਜ਼ਾਂ ਦੇ ਦਵਾਈ ਦੇਣ ਸਮੇਂ, ਪਹਿਲਾਂ ਤੇ ਬਾਅਦ ਵਿਚ ਐਮ.ਆਰ.ਆਈ. ਸਕੈਨ ਕੀਤੇ ਗਏ।
ਇਸਦੇ ਨਾਲ ਨਾਲ ਇਕ ਮਨੋਵਿਗਿਆਨਿਕ ਪੱਖ ਵੀ ਵਰਤਿਆ ਗਿਆ। ਪਹਿਲਾ ਟੀਕਾ ਲਾਉਣ ਤੋਂ ਬਾਅਦ ਜਦੋਂ ਦੁਬਾਰਾ ਤਿੱਖੀ ਦਰਦ ਉਠੀ ਤਾਂ ਉਸੇ ਚਲਦੇ ਗੁਲੂਕੋਜ਼ ਵਿਚ ਅੱਧਿਆਂ ਮਰੀਜ਼ਾਂ ਨੂੰ ਦਰਦ ਦਾ ਟੀਕਾ ਲਾਉਣ ਦੇ ਬਾਅਦ ਵੀ ਇਹ ਕਿਹਾ ਗਿਆ ਕਿ ਹਾਲੇ ਹਲਕਾ ਟੀਕਾ ਲਾਇਆ ਜਾ ਰਿਹਾ ਹੈ। ਇਹ ਵੇਖਣ ਵਿਚ ਆਇਆ ਕਿ ਉਹੀ ਦਰਦ ਦਾ ਟੀਕਾ ਲੱਗ ਜਾਣ ਬਾਅਦ ਵੀ ਮਰੀਜ਼ ਦਰਦ ਮਹਿਸੂਸ ਕਰਦੇ ਰਹੇ।
ਬਾਕੀ ਅੱਧਿਆਂ ਨੂੰ ਪਾਣੀ ਦਾ ਟੀਕਾ ਲਾ ਕੇ ਕਿਹਾ ਗਿਆ ਕਿ ਤੇਜ਼ ਦਰਦ ਰੋਕਣ ਦਾ ਪਹਿਲਾਂ ਵਾਲਾ ਟੀਕਾ ਲਾਇਆ ਗਿਆ ਹੈ। ਉਨ੍ਹਾਂ ਨੂੰ ਬਾਅਦ ਵਿਚ ਪੁੱਛਣ ਉਤੇ ਸਾਰਿਆਂ ਨੇ ਹੀ ਕਿਹਾ ਕਿ ਵਾਕਈ ਦਰਦ ਘੱਟ ਗਿਆ ਹੈ। ਇਹੀ ਕੁੱਝ ਟੈਸਟਾਂ ਰਾਹੀਂ ਵੀ ਸਾਬਤ ਹੋਇਆ ਕਿ ਦਿਮਾਗ਼ ਦਾ ਉਹ ਹਿੱਸਾ ਜੋ ਦਰਦ ਮਹਿਸੂਸ ਕਰਵਾਉਂਦਾ ਹੈ, ਸ਼ਾਂਤ ਹੋਇਆ ਪਿਆ ਸੀ।
ਇਸ ਸਾਰੀ ਖੋਜ ਨਾਲ ਇਹ ਗੱਲ ਤਾਂ ਪੱਕੀ ਹੋ ਗਈ ਜੋ ਐਮ.ਆਰ.ਆਈ ਸਕੈਨ ਰਾਹੀਂ ਵੀ ਪਤਾ ਲੱਗ ਗਿਆ ਕਿ ਇਨਸਾਨੀ ਦਿਮਾਗ਼ ਦੇ ਅਗਲੇ ਸਿਰੇ (Forebrain)ਵਿੱਚੋਂ ਤਗੜੇ ਓਪੀਆਇਡ ਨਿਕਲਦੇ ਹਨ ਜੋ ਸਿਰਫ ਏਨਾ ਸੁਣਨ ਉੱਤੇ ਹੀ ਆਰਾਮ ਮਹਿਸੂਸ ਕਰਵਾ ਦਿੰਦੇ ਹਨ ਕਿ ਦਰਦ ਦਾ ਟੀਕਾ ਲੱਗ ਗਿਆ ਹੈ, ਜਦਕਿ ਮਰੀਜ਼ਾਂ ਨੂੰ ਸਿਰਫ਼ ਪਾਣੀ ਦਾ ਟੀਕਾ ਲਾਇਆ ਗਿਆ ਸੀ।
ਇਸ ਖੋਜ ਦੀ ਰਿਪੋਰਟ ਦੇ ਅਖ਼ੀਰ ਵਿਚ ਖੋਜੀ ਡਾਕਟਰਾਂ ਨੇ ਇਹ ਸਿੱਟਾ ਕੱਢਿਆ ਕਿ ਦੁਨੀਆ ਵਿਚ ਦਰਦ ਦੀ ਸਭ ਤੋਂ ਤੇਜ਼ ਆਰਾਮ ਦੇਣ ਵਾਲੀ ਦਵਾਈ, ਜਿਸਦਾ ਕੋਈ ਵੀ ਮਾੜਾ ਅਸਰ ਨਹੀਂ, ਉਹ ਡਾਕਟਰ ਵੱਲੋਂ ਕਹੇ ਦੋ ਪਿਆਰ ਤੇ ਹਮਦਰਦੀ ਦੇ ਬੋਲ ਅਤੇ ਮੂੰਹ ਉਤੇ ਮੁਸਕਾਨ ਲਿਆ ਕੇ ਦਿੱਤੀ ਤਸੱਲੀ ਹੈ ਜਿਸ ਨਾਲ ਮਰੀਜ਼ ਦਾ ਦਿਮਾਗ਼ ਆਪਣੇ ਆਪ ਦਰਦ ਨਿਵਾਰਕ ਰਸ ਕੱਢਣਾ ਸ਼ੁਰੂ ਕਰ ਦਿੰਦਾ ਹੈ।
ਏਨੀ ਡੂੰਘੀ ਤੇ ਵਿਸ਼ਵ ਪੱਧਰੀ ਖੋਜ ਨੂੰ ਜਾਣ ਲੈਣ ਬਾਅਦ ਹੁਣ ਵਾਰੀ ਹੈ ਆਪੋ ਆਪਣੀ ਦਵਾਈਆਂ ਦੇ ਡੱਬਿਆਂ ਨੂੰ ਖੋਲ੍ਹ ਕੇ ਪੀੜ ਘਟਾਉਣ ਵਾਲੀਆਂ ਦਵਾਈਆਂ ਨੂੰ ਸੁੱਟ ਦੇਣ ਦੀ! ਜੇ ਪੀੜ ਤਿੱਖੀ ਹੈ ਤਾਂ ਝਟ ਸਿਆਣੇ ਸਪੈਸ਼ਲਿਸਟ ਡਾਕਟਰ ਕੋਲ ਜਾ ਕੇ ਉਸਦਾ ਕਾਰਣ ਲਭ ਕੇ ਫੌਰੀ ਇਲਾਜ ਕਰਵਾਉਣ ਦੀ ਲੋੜ ਹੈ, ਮਸਲਨ ਟੁੱਟੀ ਹੱਡੀ, ਅਪੈਂਡਿਕਸ ਦਾ ਫਟਣਾ, ਰੀੜ੍ਹ ਦੀ ਹੱਡੀ ਦਾ ਮਣਕਾ ਫਿਸਲਣਾ, ਆਦਿ ਫੌਰਨ ਇਲਾਜ ਮੰਗਦੇ ਹਨ।
ਜੇ ਸਿਰਫ ਥਕਾਵਟ ਜਾਂ ਸਿਰ ਦਰਦ, ਪੱਠਿਆਂ ਦੀ ਦਰਦ ਹੈ ਤਾਂ ਧਿਆਨ ਲਾ ਕੇ ਆਪਣਾ ਮਨ ਸ਼ਾਂਤ ਕਰ ਕੇ ਆਪਣੇ ਆਪ ਨੂੰ ਹੋਰ ਆਹਰੇ ਲਾ ਕੇ ਅਦਰਕ ਦਾ ਰਸ ਪੀ ਕੇ ਮੌਜ ਮਨਾਓ! ਜੇ ਫਿਰ ਵੀ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਆਪਣੇ ਪਿਆਰੇ ਫੈਮਿਲੀ ਡਾਕਟਰ ਕੋਲੋਂ ਤਸੱਲੀ ਦੇ ਦੋ ਬੋਲ ਸੁਣ ਆਓ ਤੇ ਉਸਦੀ ਮੁਸਕਾਨ ਨਾਲ ਆਪਣੀ ਮੁਸਕਾਨ ਰਲਾ ਕੇ ਵੇਖੋ! ਦਰਦ ਯਕੀਨਨ ਦੂਰ ਹੋ ਜਾਏਗਾ!