ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਸਿਆਸਤ ਇਨ੍ਹਾ ਨਿਵਾਣਾਂ ਨੂੰ ਛੂਹ ਚੁੱਕਿਆ ਹੈ ਕਿ ਅਕਾਲੀ ਇਕ ਪਾਸੇ ਆਪਣੇ ਹੀ ਉੱਚ ਸਰਕਾਰੀ ਅਧਿਕਾਰੀ ਨੂੰ ਹਮਲਾ ਕਰਕੇ ਨਿਸ਼ਾਨਾ ਬਣਾ ਰਹੇ ਹਨ ਤੇ ਦੂਜੇ ਪਾਸੇ ਧਕੇਸ਼ਾਹੀਆਂ ਅਤੇ ਚੋਣ ਧਾਂਦਲੀਆਂ ਕਰ ਕੇ ਲੋਕਤੰਤਰ ਦਾ ਕਤਲ ਕਰ ਰਹੇ ਹਨ ।
ਸ: ਫ਼ਤਿਹ ਬਾਜਵਾ ਅੱਜ ਇੱਥੇ ਪਿੰਡ ਚੌਧਰੀ ਵਾਲ ਵਿਖੇ ਧੰਨ ਧੰਨ ਬਾਬਾ ਸ਼ਹੀਦਾਂ ਦੇ ਸਾਲਾਨਾ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਆਏ ਸਨ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਉੱਤਰਾਖੰਡ ਵਿਖੇ ਰਾਹਤ ਕੰਮਾਂ ਵਿੱਚ ਮਸਰੂਫ਼ ਆਈ ਏ ਐੱਸ ਅਧਿਕਾਰੀ ਕਾਹਨ ਸਿੰਘ ਪੰਨੂੰ ’ਤੇ ਹਮਲਾ ਕਰਨ ਵਾਲਿਆਂ ਦੀਆਂ ਤਾਰਾਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਜੁੜੇ ਹੋਣਾ ਜਿੱਥੇ ਦੁਖ ਦੀ ਗਲ ਹੈ ਉੱਥੇ ਇਸ ਨੇ ਦਸ ਦਿੱਤਾ ਕਿ ਅਕਾਲੀ ਸਿਆਸਤ ਦਾ ਨੈਤਿਕ ਪਤਨ ਹੋ ਚੁੱਕਿਆ ਹੈ।
ਉਹਨਾਂ ਕਿਹਾ ਕਿ ਹਮਲਾਵਰਾਂ ਵੱਲੋਂ ਸ਼ਰਧਾਲੂਆਂ ਦੀਆਂ ਧਾਰਮਿਕ ਜ਼ਜ਼ਬਾਤਾਂ ਨੂੰ ਭੜਕਾਉਣਾ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸ: ਪੰਨੂੰ ਨੂੰ ਜ਼ਲੀਲ ਕਰਨ ਲਈ ਸੋਚੀ ਸਮਝੀ ਸਕੀਮ ਤਹਿਤ ਹਮਲਾ ਕਰਾਇਆ ਗਿਆ ਤੇ ਇਸ ਦੀ ਵੀਡੀਉ ਬਣਾ ਕੇ ਸੋਸ਼ਲ ਨੈ¤ਟਵਰਕ ’ਤੇ ਪਾਉਣ ਵਾਲਾ ਸ: ਮਲੂਕਾ ਦੇ ਬੇਟੇ ਦਾ ਸਾਂਢੂ ਹੈ । ਸ: ਪੰਨੂੰ ਵਲੋਂ ਬਹੂ ਕਰੋੜੀਂ ਲਾਇਬਰੇਰੀ ਪੁਸਤਕ ਘੁਟਾਲੇ ਨੂੰ ਬੇਪਰਦ ਕਰਨ ਕਾਰਨ ਸ: ਮਲੂਕਾ ਅਤੇ ਸ: ਪੰਨੂੰ ਵਿੱਚ ਜੋ 36 ਦਾ ਅੰਕੜਾ ਹੈ ਉਹ ਜਗ ਜ਼ਾਹਿਰ ਹੈ ਇਸ ਲਈ ਉਕਤ ਕਾਰੇ ਵਿੱਚ ਸਿੱਖਿਆ ਮੰਤਰੀ ਸ: ਮਲੂਕਾ ਦੀ ਸ਼ਮੂਲੀਅਤ ਸੰਬੰਧੀ ਨਿਰਪੱਖ ਜਾਂਚ ਜ਼ਰੂਰੀ ਹੈ।
ਮੇਲੇ ਵਿੱਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ: ਫ਼ਤਿਹ ਬਾਜਵਾ ਨੇ ਕਿਹਾ ਕਿ ਦਾਜ , ਨਸ਼ੇ ਅਤੇ ਭਰੂਣ ਹੱਤਿਆ ਵਰਗੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਹਿਤ ਵੱਡੇ ਹੰਭਲੇ ਦੀ ਲੋੜ ’ਤੇ ਜੋੜ ਦਿੰਦਿਆਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣ ਦਾ ਸਦਾ ਦਿੱਤਾ। ਇਸ ਮੌਕੇ ਚੌਧਰੀ ਵਾਲ ਮੇਲਾ ਕਮੇਟੀ ਦੇ ਆਗੂਆਂ ਵੱਲੋਂ ਸ: ਫ਼ਤਿਹ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਬੋਹਜਾ ਸਮੇਤ ਕਈ ਆਗੂ ਮੌਜੂਦ ਸਨ।