ਅੰਮ੍ਰਿਤਸਰ:- ਲਖਨਊ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਬੱਚਿਆਂ ਜੋ ਵਾਪਸੀ ਸਮੇਂ ਆਪਣੇ ਨਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਤੇ ਗੁੱਟਕੇ ਆਦਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਗੱਤੇ ਦੇ ਡੱਬਿਆਂ ‘ਚ ਨਾਲ ਲਿਜਾ ਰਹੇ ਸਨ ਨੂੰ ਰੇਲਵੇ ਸਟੇਸ਼ਨ ਸ੍ਰੀ ਅੰਮ੍ਰਿਤਸਰ ਵਿਖੇ ਰੋਕ ਕੇ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਤੰਗ ਪਰੇਸ਼ਾਨ ਕਰਨ ਤੇ ਉਹਨਾਂ ਪਾਸੋਂ ਧਾਰਮਿਕ ਲਿਟਰੇਚਰ ਜ਼ਬਤ ਕਰਨ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਸਤਿਕਾਰ ਕਮੇਟੀ ਆਪਣੇ ਦਾਇਰੇ ‘ਚ ਰਹਿ ਕੇ ਕੰਮ ਕਰੇ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਅਨੁਸਾਰ ਲੱਕੜ,ਗੱਤੇ, ਪਲਾਸਟਿਕ ਦੇ ਮਜ਼ਬੂਤ ਡੱਬਿਆਂ ‘ਚ ਪ੍ਰਾਪਰ ਤਰੀਕੇ ਨਾਲ ਰੱਖ ਕੇ ਸੈਂਚੀਆਂ ਤੇ ਗੁੱਟਕੇ ਆਦਿ ਲਿਜਾਏ ਜਾ ਸਕਦੇ ਹਨ, ਪਰ ਸਤਿਕਾਰ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਉਨ੍ਹਾਂ ਬੱਚਿਆਂ ਨੂੰ ਰੇਲਵੇ ਸਟੇਸ਼ਨ ਵਿਖੇ ਜਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਜੇਕਰ ਕੋਈ ਗੁਰਬਾਣੀ ਨਾਲ ਪਿਆਰ ਕਰਨ ਵਾਲਾ ਗੁੱਟਕੇ ਤੇ ਸੈਂਚੀਆਂ ਲੈ ਕੇ ਜਾਂਦਾ ਹੈ ਤਾਂ ਕੋਈ ਗੁਨਾਹ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਵੀ ਆਦੇਸ਼ ਹੋਇਆ ਸੀ ਕਿ ਸਤਿਕਾਰ ਕਮੇਟੀ ਦਾ ਕੋਈ ਵੀ ਮੈਂਬਰ ਸਿੱਧੇ ਰੂਪ ‘ਚ ਕਾਰਵਾਈ ਨਹੀਂ ਕਰੇਗਾ ਤੇ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਧਿਆਨ ‘ਚ ਲਿਆਵੇ। ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਣਗੇ ਕਿ ਧਾਰਮਿਕ ਲਿਟਰੇਚਰ ਲਿਜਾ ਰਹੇ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਠਾਣੇਦਾਰੀ ਕਰਕੇ ਸਤਿਕਾਰ ਕਮੇਟੀ ਦੇ ਕਾਰਕੁੰਨ ਲੋਕਾਂ ‘ਚ ਦਹਿਸ਼ਤ ਪੈਦਾ ਕਰ ਰਹੇ ਹਨ ਇਸ ਤਰ੍ਹਾਂ ਕਰਨ ਨਾਲ ਲੋਕ ਗੁਰਬਾਣੀ ਤੋਂ ਦੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਰੇਲਵੇ ਪੁਲੀਸ ਵੱਲੋਂ ਦਰਜ਼ ਕੀਤਾ ਪਰਚਾ ਤੁਰੰਤ ਰੱਦ ਕੀਤਾ ਜਾਵੇ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜੁਆਬ ਦੇਂਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਪਾਸ ਸਤਿਕਾਰ ਕਮੇਟੀ ਦੀਆਂ ਆਪ ਹੁਦਰੀਆਂ ਕਾਰਵਾਈਆਂ ਖਿਲਾਫ ਪਰਚਾ ਦਰਜ਼ ਕਰਨ ਲਈ ਸ਼ਕਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ‘ਚ ਆਇਆ ਹੈ ਕਿ ਸਤਿਕਾਰ ਕਮੇਟੀ ਦੇ ਕੁਝ ਵਿਅਕਤੀਆਂ ਵੱਲੋਂ ਲਖਨਊ ਤੋਂ ਆਏ ਬੱਚਿਆਂ ਨੂੰ ਇਹ ਵੀ ਕਿਹਾ ਗਿਆ ਕਿ ਜਪੁਜੀ ਸਾਹਿਬ ਦੀ ਬਾਣੀ ਸੁਣਾਓ। ਉਨ੍ਹਾਂ ਕਿਹਾ ਕਿ ਜੇਕਰ ਸੰਗਤਾਂ ਨੂੰ ਗੁੱਟਕੇ ਸਾਹਿਬ ਤੇ ਸੈਂਚੀਆਂ ਪੜ੍ਹਨ ਲਈ ਲਿਜਾਣ ਹੀ ਨਹੀਂ ਦੇਣੀਆਂ ਤਾਂ ਫਿਰ ਜਪੁਜੀ ਸਾਹਿਬ ਬੱਚਿਆਂ ਨੂੰ ਕਿਥੋਂ ਯਾਦ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਕਿਸੇ ਵੀ ਸਤਿਕਾਰ ਕਮੇਟੀ ਦੇ ਮੈਂਬਰ ਤੋਂ ਡਰਨ ਦੀ ਲੋੜ ਨਹੀਂ। ਜੇਕਰ ਪਿੰਡਾਂ ‘ਚ ਲੋਕਾਂ ਨੂੰ ਇਹ ਲੋਕ ਤੰਗ ਪਰੇਸ਼ਾਨ ਕਰਨ ਤਾਂ ਇਹਨਾਂ ਖਿਲਾਫ ਪੁਲੀਸ ਥਾਣਿਆਂ ‘ਚ ਰੀਪੋਰਟ ਦਰਜ਼ ਕਰਵਾਈ ਜਾਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਆਪੇ ਬਣੀ ਜਥੇਬੰਦੀ ਨੂੰ ਸਿੱਧੇ ਤੌਰ ਤੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਅਧਿਕਾਰ ਨਹੀਂ ਜੇਕਰ ਕਿਤੇ ਧਾਰਮਿਕ ਅਵੱਗਿਆ ਹੁੰਦੀ ਹੈ ਤਾਂ ਇਸ ਦੀ ਸੂਚਨਾ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾਵੇ।
ਇਸੇ ਤਰ੍ਹਾਂ ਅੰਮ੍ਰਿਤਸਰ ਦੀ ਫਰਮ ਵੱਲੋਂ ਕਾਗਜ ਬਨਾਉਣ ਵਾਲੀ ਮਿੱਲ ਨੂੰ ਰੱਦੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੱਟਕੇ ਵੇਚੇ ਜਾਣ ਦਾ ਵੀ ਸਖਤ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਤੁਰੰਤ ਪੜਤਾਲ ਕਰਵਾਈ ਜਾ ਰਹੀ ਹੈ ਤੇ ਜਿਹੜਾ ਵੀ ਦੋਸ਼ੀ ਹੋਇਆ ਉਸ ਖਿਲਾਫ ਧਾਰਮਿਕ ਤੇ ਕਾਨੂੰਨੀ ਕਾਰਵਾਈ ਹਰ ਹਾਲਤ ‘ਚ ਕੀਤੀ ਜਾਵੇਗੀ।
ਸਤਿਕਾਰ ਕਮੇਟੀ ਆਪਣੇ ਦਾਇਰੇ ‘ਚ ਰਹੇ- ਜਥੇ.ਅਵਤਾਰ ਸਿੰਘ
This entry was posted in ਪੰਜਾਬ.