ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗ੍ਰੈਜੂਏਸ਼ਨ ਨੀਤੀ ‘ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਕਰਾਰ ਦੇਂਦਿਆਂ ਇਸ ਨੂੰ ਪੰਜਾਬੀ ਭਾਸ਼ਾ ਵਿਰੁੱਧ ਡੂੰਘੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਬੀ.ਏ.ਬੀ.ਕਾਮ ਦੇ ਕੋਰਸਾਂ ਵਿੱਚ ਪੰਜਾਬੀ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾ ਰਹੀ ਸੀ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਜੋ ਪੰਜਾਬੀ ਵਿਰੋਧੀ ਲਾਬੀ ਦਾ ਪੰਜਾਬੀਆਂ ਅਤੇ ਪੰਜਾਬੀ ਭਾਸ਼ਾ ਨਾਲ ਕੋਝਾ ਮਜਾਕ ਹੈ। ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਇਸ ਫੈਸਲੇ ਤੇ ਸਖਤ ਇਤਰਾਜ ਜਿਤਾਉਦਿਆਂ ਕਿਹਾ ਕਿ ਜੇਕਰ ਯੂਨੀਵਰਸਿਟੀ ਦੇ ਪ੍ਰਬੰਧਕ ਪੰਜਾਬੀ ਭਾਸ਼ਾ ਨੂੰ ਹਟਾਉਣ ਦੀ ਬਜਾਏ ਹੋਰ ਭਾਸ਼ਾ ਵੀ ਯੂਨੀਵਰਸਿਟੀ ‘ਚ ਲਾਗੂ ਕਰਨ ਤਾਂ ਦੇਸ਼ ਦੇ ਹਿੱਤ ‘ਚ ਲਿਆ ਫੈਸਲਾ ਮੰਨਿਆ ਜਾਣਾ ਸੀ, ਪ੍ਰੰਤੂ ਲੱਗਦਾ ਹੈ ਕਿ ਪੰਜਾਬੀ ਵਿਰੋਧੀ ਦਿੱਲੀ ‘ਚੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਨੂੰ ਕਿਸੇ ਸਿਆਸੀ ਸਾਜਿਸ਼ ਤਹਿਤ ਰੋਕਣਾ ਚਾਹੁੰਦੇ ਹਨ ਜੋ ਠੀਕ ਨਹੀਂ।
ਉਨ੍ਹਾਂ ਕਿਹਾ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵੀ ਪੰਜਾਬੀ ਸਖ਼ਤ ਮਿਹਨਤ ਤੇ ਕਾਰੋਬਾਰ ਸਥਾਪਿਤ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਥੇ ਦੇਸ਼ ਦੀ ਤਰੱਕੀ ‘ਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਵਸੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਮਝਦਿਆਂ ਕੈਨੇਡਾ ਸਰਕਾਰ ਨੇ ਬਹੁਤ ਸਾਰੀਆਂ ਥਾਵਾਂ ਤੇ ਸਾਈਨ ਬੋਰਡ ਪੰਜਾਬੀ ਭਾਸ਼ਾ ‘ਚ ਲਗਵਾਏ ਹਨ, ਜਿਸ ਨੂੰ ਵੇਖ ਕੇ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਵਿਦੇਸ਼ੀ ਧਰਤੀ ਤੇ ਮਾਂ ਬੋਲੀ ਪੰਜਾਬੀ ਨੂੰ ਮਾਣ ਮਿਲਣਾ ਕੋਈ ਛੋਟੀ ਗੱਲ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਵੀ ਬਹੁਤ ਸਾਰੇ ਪੰਜਾਬੀ ਵੱਸਦੇ ਹਨ ਜਿਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਹੈ, ਪ੍ਰੰਤੂ ਸਰਕਾਰੀ ਤੰਤਰ ਵਿੱਚ ਕੁਝ ਸ਼ਰਾਰਤੀ ਲੋਕ ਕੋਈ ਨਾ ਕੋਈ ਨਵਾਂ ਝਮੇਲਾ ਖੜ੍ਹਾ ਕਰਕੇ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਤਾਕ ‘ਚ ਰਹਿੰਦੇ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਇਸ ਨਾਦਰਸ਼ਾਹੀ ਫੈਸਲੇ ਪ੍ਰਤੀ ਪੰਜਾਬੀ ਭਾਈਚਾਰੇ ‘ਚ ਰੋਸ ਤੇ ਰੋਹ ਦੇ ਨਾਲ-ਨਾਲ ਬੇਗਾਨਗੀ ਦੀ ਭਾਵਨਾ ਪਾਈ ਜਾ ਰਹੀ ਹੈ, ਜੋ ਠੀਕ ਨਹੀਂ। ਉਨ੍ਹਾਂ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਵਿਰੁੱਧ ਕੀਤਾ ਫੈਸਲਾ ਤੁਰੰਤ ਰੱਦ ਕਰਵਾਇਆ ਜਾਵੇ ਤਾਂ ਜੋ ਦੇਸ਼ ‘ਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ।