ਚੰਡੀਗੜ੍ਹ – “ਜਦੋ ਪੰਜਾਬ ਦੀ ਬਾਦਲ ਹਕੂਮਤ, ਖੂਫੀਆਂ ਏਜੰਸੀਆਂ ਅਤੇ ਮੀਡੀਏ ਨਾਲ ਸੰਬੰਧਤ ਜਿੰਮੇਵਾਰ ਸੱਜਣਾਂ ਨੂੰ ਇਹ ਜਾਣਕਾਰੀ ਹੈ ਕਿ ਸ. ਕਾਹਨ ਸਿੰਘ ਪੰਨੂੰ ਦੀ ਦਸਤਾਰ ਲਾਹੁਣ ਦੇ ਗੰਭੀਰ ਮੁੱਦੇ ਪਿੱਛੇ ਗੁੰਡਾਗਰਦੀ ਅਤੇ ਬਦਮਾਸੀ ਸੋਚ ਦੇ ਮਾਲਕ ਪੰਜਾਬ ਦੀ ਵਿਜ਼ਾਰਤ ਵਿਚ ਸ਼ਾਮਿਲ ਵਜ਼ੀਰ ਸ. ਸਿਕੰਦਰ ਸਿੰਘ ਮਲੂਕਾ ਦਾ ਹੱਥ ਹੈ, ਫਿਰ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਛਾਣਬੀਣ ਕਮੇਟੀਆਂ ਬਣਾਕੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਮੂਰਖ ਬਣਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਕਰਨ ਦਾ ਕੀ ਮਕਸਦ ਰਹਿ ਜਾਂਦਾ ਹੈ ? ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ. ਮਲੂਕਾ ਨੂੰ ਗ੍ਰਿਫ਼ਤਾਰ ਕਰਕੇ, ਪੁਛਤਾਛ ਕਰਨ ਦੇ ਘੇਰੇ ਵਿਚ ਲਿਆਕੇ ਅਸਲੀਅਤ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਤੋਂ ਕਿਉਂ ਭੱਜ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਕਾਹਨ ਸਿੰਘ ਪੰਨੂੰ ਆਈ.ਏ.ਐਸ. ਦੀ ਦਸਤਾਰ ਲਾਹੁਣ, ਕੁੱਟਮਾਰ ਕਰਨ ਜਾਂ ਫਿਰ ਸ. ਪੰਨੂੰ ਵੱਲੋਂ ਗੁਰੂ ਸਾਹਿਬਾਨ ਸੰਬੰਧੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀ ਵਜ਼ੀਰ ਨੂੰ ਬਚਾਉਣ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੀਤੀ ਜਾ ਰਹੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਸਮੁੱਚੇ ਪੰਜਾਬ ਨਿਵਾਸੀ, ਅਖ਼ਬਾਰ ਨਵੀਸ, ਪੱਤਰਕਾਰਾਂ, ਮੀਡੀਏ, ਖੂਫੀਆ ਵਿਭਾਗ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਬਹੁਤੇ ਪੰਜਾਬੀ ਅਤੇ ਖੁਦ ਸ. ਕਾਹਨ ਸਿੰਘ ਪੰਨੂੰ ਜਦੋ ਇਸ ਦੁੱਖਦਾਂਇਕ ਵਰਤਾਰੇ ਦਾ ਇਸ਼ਾਰਾ ਸਪੱਸਟ ਰੂਪ ਵਿਚ ਕਰ ਰਹੇ ਹਨ, ਤਾਂ ਦੋਸ਼ੀ ਚਹਿਰੇ ਨੂੰ ਕਾਨੂੰਨੀ ਮਾਰ ਤੋ ਬਚਾਉਣ ਲਈ ਜਥੇਦਾਰ ਸਾਹਿਬਾਨ ਸ. ਮੱਕੜ, ਸ. ਬਾਦਲ ਉਹਨਾਂ ਨੌਜ਼ਵਾਨਾਂ ਨੂੰ ਕਿਉਂ ਨਿਸ਼ਾਨਾਂ ਬਣਾ ਰਹੇ ਹਨ, ਜਿਨ੍ਹਾਂ ਨੂੰ ਮੋਹਰੇ ਦੇ ਤੌਰ ਤੇ ਸ. ਮਲੂਕੇ ਵੱਲੋਂ ਦੁਰਵਰਤੋਂ ਕੀਤੀ ਗਈ ਹੈ ਅਤੇ ਆਪਣੇ ਉਤੇ ਲੱਗੇ ਵੱਡੇ ਕਿਤਾਬਾਂ ਦੇ ਘਪਲੇ ਦੇ ਦੋਸ਼ ਅਤੇ ਆਪਣੀ ਨੂੰਹ ਦੀ ਉੱਚ ਅਹੁਦੇ ਤੋ ਹੋਈ ਛੁੱਟੀ ਦੇ ਬਦਲੇ ਵੱਜੋਂ ਇਹ ਕਾਲਾ ਕਾਰਨਾਮਾਂ ਉਸ ਵਜ਼ੀਰ ਵੱਲੋਂ ਕਰਵਾਇਆ ਗਿਆ । ਸ. ਮਾਨ ਨੇ ਕਿਹਾ ਕਿ ਜੇਕਰ ਪੰਜਾਬ ਦੀ ਹਕੂਮਤ ਦੋਸ਼ੀ ਨੂੰ ਬਚਾਉਣ ਵਿਚ ਮਸਰੂਫ ਹੈ, ਤਾਂ ਆਮ ਨੌਜ਼ਵਾਨਾਂ ਅਤੇ ਉਹਨਾਂ ਦੇ ਘਰਦਿਆਂ ਨੂੰ ਨਿਸ਼ਾਨਾਂ ਬਣਾਉਣ ਦਾ ਮਤਲਬ ਕਿ ਇਸ ਸਾਜਿਸ਼ ਦੀ ਸੂਈ ਕਿਸੇ ਤਰ੍ਹਾਂ ਵੀ ਮਲੂਕੇ ਤੇ ਆਣਕੇ ਨਾ ਟਿੱਕੇ ਅਤੇ ਹੋਰ ਨੌਜ਼ਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਗੋਗਲੂਆਂ ਤੋ ਮਿੱਟੀ ਝਾੜਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ ।