ਲੁਧਿਆਣਾ :ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਸਬੰਧੀ ਲਏ ਗ਼ਲਤ ਫ਼ੈਸਲੇ ਦੇ ਸਬੰਧ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਛੇ ਮੈਂਬਰੀ ਵਫ਼ਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੂੰ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਮਿਲਿਆ। ਸ. ਅਟਵਾਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਯੂਨੀਵਰਸਿਟੀ ਨੂੰ ਘੱਟ ਗਿਣਤੀਆਂ ਦੀਆਂ ਜ਼ਬਾਨਾਂ ਨਾਲ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਸਬੰਧ ਵਿਚ ਉਹ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਖਸ਼ਿਤ ਅਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦਿਨੇਸ਼ ਸਿੰਘ ਨਾਲ ਵੀ ਸੰਪਰਕ ਕਰਨਗੇ। ਸ. ਅਟਵਾਲ ਨੇ ਆਖਿਆ ਕਿ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਕਿਸੇ ਵੀ ਯੂਨੀਵਰਸਿਟੀ, ਅਦਾਰੇ ਜਾਂ ਸੂਬੇ ਨੂੰ ਖਿਲਵਾੜ ਨਹੀਂ ਕਰਨਾ ਚਾਹੀਦਾ। ਪੰਜਾਬੀ ਤੋਂ ਇਲਾਵਾ ਦਿੱਲੀ ’ਚ ਵੱਸਦੇ ਹੋਰ ਘੱਟ ਗਿਣਤੀ ਫ਼ਿਰਕਿਆਂ ਦੀ ਭਾਸ਼ਾ ਨਾਲ ਵੀ ਧੱਕਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ। ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਸ੍ਰੀ ਸੁਰਿੰਦਰ ਕੈਲੇ, ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਅਤੇ ਸ. ਜਨਮੇਜਾ ਸਿੰਘ ਜੌਹਲ ਸ਼ਾਮਲ ਸਨ।
ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਆਖਿਆ ਕਿ ਦਿੱਲੀ ਵਿਚ ਇਕ ਪਾਸੇ ਪੰਜਾਬੀ ਦੂਸਰੀ ਭਾਸ਼ਾ ਵਜੋਂ ਪ੍ਰਵਾਣਿਤ ਹੈ ਪਰ ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪਹਿਲਾਂ ਮਿਲੇ ਥਾਂ ਤੋਂ ਵੀ ਪਿੱਛੇ ਹਟ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਖ਼ਿਲਾਫ਼ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਆਪਣੇ ਪ੍ਰਬੰਧ ਅਧੀਨ ਸਾਰੀਆਂ ਸੰਸਥਾਵਾਂ ਵਿਚ ਵੀ ਪੰਜਾਬੀ ਦੀ ਪੜ੍ਹਾਈ ਹਰ ਪੱਧਰ ’ਤੇ ਯਕੀਨੀ ਬਣਾਉਣੀ ਚਾਹੀਦੀ ਹੈ। ਦਿੱਲੀ ਯੂਨੀਵਰਸਿਟੀ ਦਾ ਉਪਰੋਕਤ ਫ਼ੈਸਲਾ ਪੰਜਾਬੀਆਂ ਖ਼ਾਸ ਕਰਕੇ ਦਿੱਲੀ ਵਿਚ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਸਿਰਜਣਾਤਮਕ ਸੰਭਾਵਨਾਵਾਂ ਪੈਦਾ ਕਰਨ ਦੇ ਮੌਕਿਆਂ ਦੇ ਐਨ ਉਲਟ ਹੈ।