ਅੰਮ੍ਰਿਤਸਰ :- ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁ: ਸ੍ਰੀ ਬਿਬੇਕਸਰ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਸਾਬਕਾ ਗ੍ਰੰਥੀ ਅਤੇ ਕਥਾਵਾਚਕ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ‘ਤੇ ਚਾਨਣਾ ਪਾਇਆ। ਉਪਰੰਤ ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਰਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਜੀ ਸ਼ਾਂਤ, ਭਾਈ ਗਗਨਦੀਪ ਸਿੰਘ ਜੀ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਚੰਡੀਗੜ੍ਹ, ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ, ਬੀਬੀ ਆਸ਼ੂਪ੍ਰੀਤ ਕੌਰ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲਾ ਦੇ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਮਨਮੋਹਨ ਸਿੰਘ ਤੇ ਭਾਈ ਸਰਵਣ ਸਿੰਘ ਪ੍ਰਚਾਰਕਾਂ ਨੇ ਨਿਭਾਈ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਬਾਲਕ ਹਰਿਗੋਬਿੰਦ ਦੇ ਪੈਦਾ ਹੋਣ ਦੀ ਵਡਿਆਈ ਗੁਰੂ ਸਾਹਿਬ ਨੇ ਆਪਣੇ ਸਿੱਖ ਬਾਬਾ ਬੁੱਢਾ ਜੀ ਨੂੰ ਦਿੱਤੀ ਅਤੇ ਨਿਮਰਤਾ ਰੱਖਣ ਦੀ ਵਡਿਆਈ ਉਨ੍ਹਾਂ ਮਾਤਾ ਗੰਗਾ ਜੀ ਨੂੰ ਬਖਸ਼ੀ ਕਿ ਜਦੋਂ ਵੀ ਕਿਸੇ ਤੋਂ ਵਰ ਮੰਗਣ ਜਾਓ ਨਿਮਰਤਾ ਵਿਚ ਰਹਿ ਕੇ, ਨੀਵੇਂ ਹੋ ਕੇ ਜਾਉ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਤੋਂ ਪਹਿਲਾਂ ਕਹੇ ਗਏ ਸ਼ਬਦਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਤੇ ਹਰ ਸਿੱਖ ਨੂੰ ਇਹ ਹੁਕਮ ਕੀਤਾ ਕਿ ਉਹ ਗੁਰੂ ਘਰ ਵਿਚ ਚੰਗੀ ਜਵਾਨੀ, ਚੰਗੇ ਘੋੜੇ ਤੇ ਚੰਗੇ ਸ਼ਸਤਰ ਲੈ ਕੇ ਆਵੇ। ਗੁਰੂ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਗੱਤਕੇ ਦੇ ਅਖਾੜੇ ਲਗਾਏ ਤੇ ਆਪਣੇ ਸਿੱਖਾਂ ਨੂੰ ਜਬਰ ਤੇ ਜ਼ੁਲਮ ਵਿਰੁੱਧ ਲੜਨਾ ਸਿਖਾਇਆ। ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜ਼ੁਲਮ ਖਿਲਾਫ ਲੜੇ ਉਥੇ ਉਨ੍ਹਾਂ ਸਰਬੱਤ ਦਾ ਭਲਾ ਚਾਹੁੰਦੇ ਹੋਏ ਰਹਿਮਤਾਂ ਤੇ ਬਖਸ਼ਿਸ਼ਾਂ ਵੀ ਬਹੁਤ ਕੀਤੀਆਂ।
ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ‘ਚ ਹੋਣ ਕਰਕੇ ਇਸ ਇਤਿਹਾਸਕ ਸ਼ਹਿਰ ਦੀ ਸ਼ੋਭਾ ਦੁਨੀਆਂ ਭਰ ਦੇ ਸ਼ਹਿਰਾਂ ਨਾਲੋਂ ਵੱਖ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਤੇ ਇਥੇ ਹਰ ਖਿੱਤੇ ਦੇ ਲੋਕਾਂ ਨੂੰ ਲਿਆਂਦਾ ਤੇ ਇਸਦਾ ਨਾਮ ਚੱਕ ਰਾਮਦਾਸ ਰੱਖਿਆ।ਉਨ੍ਹਾ ਕਿਹਾ ਕਿ ਉਨ੍ਹਾਂ ਅੰਮ੍ਰਿਤ ਸਰੋਵਰ ਵੀ ਬਣਵਾਇਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਵਾਇਆ। ਉਨ੍ਹਾਂ ਅੱਗੇ ਕਿਹਾ ਕਿ ਇਸ ਪਵਿੱਤਰ ਸ਼ਹਿਰ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਕੁਦਰਤੀ ਸਰੋਤਾਂ ਦੀ ਅਮੁੱਕ ਸ਼ਕਤੀ ਨਾਲ ਸਾਨੂੰ ਜੁੜਨਾ ਚਾਹੀਦਾ ਹੈ। ਇਸ ਦੀ ਵਰਤੋਂ ਕਰਨ ਨਾਲ ਜਿਥੇ ਅਸੀਂ ਪ੍ਰਦੂਸ਼ਣ ਮੁਕਤ ਹੋਵਾਂਗੇ ਉਥੇ ਨਾ-ਮੁਰਾਦ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾ ਕਿਹਾ ਕਿ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਣ ਤੋਂ ਇਲਾਵਾ ਮਨੁੱਖੀ ਜੀਵਨ ਵਾਸਤੇ ਵਾਤਾਵਰਣ ਦੀ ਸ਼ੁੱਧਤਾ ਤੇ ਬਨਸਪਤੀ ਨੂੰ ਹਰਿਆ ਭਰਿਆ ਰੱਖਣ ਲਈ ਹਰ ਸਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ਤੌਰ ‘ਤੇ ਮਨਾਉਂਦੀ ਹੈ ਤੇ ਇਸ ਦਿਨ ਆਪਣੇ ਗੁਰਦੁਆਰਾ ਸਾਹਿਬਾਨ ਤੇ ਵਿੱਦਿਅਕ ਸੰਸਥਾਵਾਂ ਰਾਹੀਂ ਹਜ਼ਾਰਾਂ ਫਲ, ਫੁੱਲ ਤੇ ਛਾਂ-ਦਾਰ ਬੂਟੇ ਲਗਾਉਂਦੀ ਹੈ ਤਾਂ ਜੋ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਦੀ ਸੁੰਦਰਤਾ ਵਿਚ ਵਾਧਾ ਹੋ ਸਕੇ ਤੇ ਮਨੁੱਖੀ ਜੀਵਨ ਨੂੰ ਰਿਸ਼ਟ-ਪੁਸ਼ਟ ਤੇ ਬਿਮਾਰੀ ਰਹਿਤ ਰੱਖਿਆ ਜਾ ਸਕੇ।