ਵਾਸ਼ਿੰਗਟਨ- ਅਮਰੀਕਾ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਵੈਨਜੁਏਲਾ ਅਤੇ ਨਿਕਾਰਾਗੁਆ ਨੇ ਐਡਵਰਡ ਸਨੋਡੇਨ ਨੂੰ ਸ਼ਰਣ ਦੇਣ ਦਾ ਪ੍ਰਸਤਾਵ ਰੱਖਿਆ ਹੈ। ਸਨੋਡੇਨ ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਗੁਪਤ ਜਾਣਕਾਰੀ ਲੀਕ ਕਰਨ ਦਾ ਆਰੋਪ ਹੈ।ਇਸ ਆਰੋਪ ਵਿੱਚ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
ਪਿੱਛਲੇ ਕੁਝ ਸਮੇਂ ਤੋਂ ਮਾਸਕੋ ਹਵਾਈ ਅੱਡੇ ਤੇ ਫਸੇ ਸਨੋਡੇਨ ਨੇ 13 ਯੌਰਪੀ ਦੇਸ਼ਾਂ ਅਤੇ 6 ਲਾਤਿਨ ਅਮਰੀਕੀ ਦੇਸ਼ਾਂ ਦੇ ਨਾਲ ਨਾਲ ਭਾਰਤ ਅਤੇ ਚੀਨ ਤੋਂ ਵੀ ਸ਼ਰਣ ਮੰਗੀ ਸੀ। ਇਨ੍ਹਾਂ ਵਿੱਚੋਂ ਕੁਝ ਦੇਸ਼ਾਂ ਨੇ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਅਮਰੀਕਾ ਨੇ ਸਨੋਡੇਨ ਨੂੰ ਸ਼ਰਣ ਦੇਣ ਸਬੰਧੀ ਸੱਭ ਨੂੰ ਚਿਤਾਵਨੀ ਦਿੱਤੀ ਹੋਈ ਹੈ।
ਵੈਨਜੁਏਲਾ ਅਤੇ ਨਿਕਾਰਾਗੁਆ ਵੱਲੋਂ ਸਨੋਡੇਨ ਨੂੰ ਸ਼ਰਣ ਦੇਣ ਸਬੰਧੀ ਕੀਤੀ ਗਈ ਘੋਸ਼ਣਾ ਨੂੰ ਅਮਰੀਕਾ ਲਈ ਇੱਕ ਵੱਡੇ ਝਟਕੇ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ।ਵੈਨਜੁਏਲਾ ਦੇ ਰਾਸ਼ਟਰਪਤੀ ਮਾਡੁਰੋ ਨੇ ਦੇਸ਼ ਦੇ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਕਿਹਾ ਕਿ ਸਾਡੀ ਸਰਕਾਰ ਨੇ ਮਨੁੱਖਤਾ ਦੇ ਆਧਾਰ ਤੇ ਸਨੋਡੇਨ ਨੂੰ ਸ਼ਰਣ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਨੋਡੇਨ ਇੱਕ ਨੌਜਵਾਨ ਹੈ ਅਤੇ ਅਸੀਂ ਉਸ ਨੂੰ ਇਸ ਲਈ ਰਾਜਸੀ ਸ਼ਰਣ ਦੇਣਾ ਚਾਹੁੰਦੇ ਹਾਂ ਕਿ ਉਹ ਦੁਨੀਆਂ ਦੀ ਸੱਭ ਤੋਂ ਸ਼ਕਤੀਸ਼ਾਲੀ ਸਾਮਰਾਜ ਦੇ ਉਤਪੀੜਨ ਤੋਂ ਬਿਨਾਂ ਜਿੰਦਗੀ ਜੀ ਸਕੇ। ਨਿਕਾਰਾਗੁਆ ਦੇ ਰਾਸ਼ਟਰਪਤੀ ਨੇ ਵੀ ਆਪਣੇ ਦੇਸ਼ ਵਿੱਚ ਸਨੋਡੇਨ ਦਾ ਸਵਾਗਤ ਕੀਤਾ ਹੈ।ਅਮਰੀਕਾ ਨੇ ਇਸ ਸਬੰਧੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।