ਬੀਤੇ ਇਹ ਹਫ਼ਤੇ ਤੋਂ, ਕਈ ਸਾਲ ਪਹਿਲਾਂ ਗੁਜਰਾਤ ਵਿਚ ਮਾਰੀ ਗਈ, ਬੀਬੀ ਇਸ਼ਰਤ ਜਹਾਂ ਅਤੇ ਉਸ ਦੇ ਨਾਲ ਮਾਰੇ ਜਾਣ ਵਾਲੇ ਸਾਥੀਆਂ ਬਾਰੇ ਭਾਰਤੀ ਮੀਡੀਆ ਵਿਚ ਬਹੁਤ ਚਰਚਾ ਚਲ ਰਿਹਾ ਹੈ ਤੇ ਖ਼ੂਬ ਰੌਲਾ ਪਾਇਆ ਜਾ ਰਿਹਾ ਹੈ। ਇਕ ਨਹੀਂ ਤਕਰੀਬਨ ਸਾਰੇ ਚੈਨਲ ਇਸ ਬਾਰੇ ਬਹਿਸਾਂ ਕਰਵਾ ਰਹੇ ਹਨ; ਅਖ਼ਬਾਰਾਂ ਵਿਚ ਬਿਆਨ, ਰਿਪੋਰਟਾਂ ਅਤੇ ਟਿੱਪਣੀਆਂ ਛਪ ਰਹੀਆਂ ਹਨ। ਇਹ ਸਾਰਾ ਕੁਝ ਵੇਖ ਕੇ ਮਨ ਵਿਚ ਇਹ ਅਹਿਸਾਸ ਪੈਦਾ ਹੁੰਦਾ ਹੈ ਕਿ ਭਾਰਤੀ ਮੀਡੀਆ ਸਚਮੁਚ ਇਨਸਾਨੀ ਹਕੂਕ, ਇਨਸਾਫ਼ ਤੇ ਕਾਨੂੰਨ ਪਾਲਣ ਦੀ ਸੋਚ ਦਾ ਅਲੰਬਰਦਾਰ ਹੈ। ਇਹ ਵੇਖ ਕੇ ਹਰ ਇਕ ਦਾ ਦਿਲ ਭਾਰਤੀ ਮੀਡੀਆ ਦੀ ਤਾਰੀਫ਼ ਕਰਨ ਵਾਸਤੇ ਉਛਾਲੇ ਖਾਂਦਾ ਹੈ। ਪਰ ਇਸੇ ਚਰਚਾ ਦੇ ਦੌਰਾਨ ਹੀ ਇਕ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਨਾਲ ਮਨ ਕੰਬ ਉਠਦਾ ਹੈ ਕਿ ਇਹ ਤਾਂ ਦੋਗਲਾਪਣ ਹੈ।
ਬੀਬੀ ਇਸ਼ਰਤ ਜਹਾਂ ਤੇ ਉਸ ਦੇ ਸਾਥੀ ਕੁਲ ਚਾਰ ਜਣੇ ਸਨ ਤੇ ਉਨ੍ਹਾਂ ਦੇ ਨਕਲੀ ਪੁਲਸ ਮੁਕਾਬਲੇ ਸਬੰਧੀ ਬਹੁਤੇ ਸਬੂਤ ਅੰਦਾਜ਼ਿਆਂ, ਮੌਕਾ ਮੇਲ (ਸਰਕਮਸਟਾਂਸ਼ੀਅਲ) ‘ਤੇ ਅਧਾਰਤ ਹਨ ਅਤੇ ਅਸਿੱਧੇ (ਇੰਡਾਇਰੈਕਟ) ਹੈ। ਪਰ, ਉਸ ਦੇ ਮੁਕਾਬਲੇ ਵਿਚ ਪੰਜਾਬ ਦਾ ਇਕ ਥਾਣੇਦਾਰ ਸੁਰਜੀਤ ਸਿੰਘ (ਜੋ ਅਜੇ ਵੀ ਮੁਲਾਜ਼ਮ ਹੈ) ਖ਼ੁਦ ਅਤੇ ਸ਼ਰੇਆਮ ਕਹਿ ਰਿਹਾ ਹੈ ਕਿ ਇਕੱਲੇ ਉਸ ਨੇ ਹੀ (ਆਪਣੇ ਐਸ.ਐਸ.ਪੀ. ਦੇ ਕਹਿਣ ‘ਤੇ) 83 ਮੁਕਾਬਲੇ ਬਣਾਏ ਸਨ ਜਿਨ੍ਹਾਂ ਵਿਚ ਘਟੋਂ ਘਟ 2-300 ਬੇਗੁਨਾਹ ਸਿੱਖ ਤਾਂ ਜ਼ਰੂਰ ਮਾਰੇ ਹਏ ਹੋਣਗੇ। (1984 ਤੋਂ 1995 ਤਕ, ਪੰਜਾਬ ਵਿਚ ਅਜਿਹੇ ਹਜ਼ਾਰਾਂ ਨਕਲੀ ਮੁਕਾਬਲੇ ਬਣਾਏ ਗਏ ਸਨ। ਇਨਸਾਫ਼ ਕਹਿੰਦਾ ਹੈ ਕਿ ਜਦ ਇਕ ਰਾਜ਼ ਖੁਲ੍ਹ ਜਾਵੇ ਤਾਂ ਬਾਕੀ ਦੀਆਂ ਉਸ ਵਰਗੀਆਂ ਵਾਰਦਾਤਾਂ ਨੂੰ ਵੀ ਸਾਬਿਤ ਹੋਈਆਂ ਮੰਨਣਾ ਚਾਹੀਦਾ ਹੈ)। ਪਰ ਹੈਰਾਨੀ ਹੁੰਦੀ ਹੈ ਕਿ ਭਾਰਤੀ ਮੀਡੀਆ ਨੇ ਇਕ ਪੁਲਸੀਏ ਦੇ ਇਕਬਾਲੀਆ ਬਿਆਨ ਨੂੰ ਨਸ਼ਰ ਤਕ ਨਹੀਂ ਕੀਤਾ; ਨਾ ਕਿਸੇ ਅਖ਼ਬਾਰ ਨੇ ਤੇ ਨਾ ਟੀ.ਵੀ. ਚੈਨਲ ਨੇ। ਪਰ, ਇਸ ਨੂੰ ਸਿੱਖਾਂ ਨਾਲ ਸਬੰਧਤ ਹੋਣ ਕਰ ਕੇ ਹੀ ਕੂੜੇ ਵਿਚ ਸੁੱਟ ਦੇਣਾ ਇਨਾਸੀਅਤ ਦੇ ਅਸੂਲਾਂ ਦੇ ਮੂਲੋਂ ਹੀ ਉਲਟ ਹੈ।
ਸਵਾਲ ਉਠਦਾ ਹੈ ਕਿ ਕੀ ਸਿੱਖਾਂ ਦੇ ਨਕਲੀ ਮੁਕਾਬਲਿਆਂ ਨੂੰ ਸਾਰੇ ਭਾਰਤੀ ਮੀਡੀਆ ਨੇ, ਸਾਰੀ ਹਿੰਦੂ ਕੌਮ ਨੇ, ਸਾਰੀ ਜਨਤਾ ਨੇ ਕੌਮੀ ਫ਼ੈਸਲਾ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਇਨਸਾਨੀ ਹਕੂਕ ਖ਼ਤਮ ਕਰ ਦਿੱਤੇ ਗਏ ਹਨ? ਜਾਂ ਕੀ ਸਿੱਖਾਂ ਨਾਲ ਨਫ਼ਰਤ ਨੂੰ ਭਾਰਤ ਵਿਚ ਇਕ ਕੌਮੀ ਖ਼ੂਬੀ ਵੱਜੋਂ ਮਾਨਤਾ ਦੇ ਦਿੱਤੀ ਗਈ ਹੈ?
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ਼ਰਤ ਜਹਾਂ ਦਾ ਕੇਸ ਮੀਡੀਆ ਇਨਸਾਨੀ ਹਕੂਕ ਕਰ ਕੇ ਨਹੀਂ ਬਲਕਿ ਇਸ ਕਰ ਕੇ ਉਠਾਇਆ ਜਾ ਰਿਹਾ ਹੈ ਕਿਉਂ ਕਿ ਇਸ ਵਿਚ ਗੁਜਰਾਤ ਦਾ ਚੀਫ਼ ਮਨਿਸਟਰ ਭਾਜਪਾ ਦਾ ਆਗੂ ਨਰਿੰਦਰ ਮੋਦੀ ਫਸਦਾ ਹੈ? ਪਰ ਸਿੱਖਾਂ ਦੇ ਕਤਲਾਂ ਵਿਚ ਵੀ ਤਾਂ ਉਦੋਂ ਦੇ ਹਾਕਮ ਫਸਦੇ ਹਨ; ਉਨ੍ਹਾਂ ਨਕਲੀ ਮੁਕਾਬਲਿਆਂ ਨੂੰ ਕਿਉਂ ਨਹੀਂ ਛੇੜਿਆ ਜਾ ਰਿਹਾ?
ਭਾਰਤੀ ਮੀਡੀਆ ਵਾਲਿਓ! ਦਰਅਸਲ 29 ਸਾਲ ਤੋਂ ਤੁਸੀਂ ਸਿੱਖਾਂ ਨਾਲ ਪੱਖਪਾਤ ਕਰ ਰਹੇ ਹੋ। ਅੱਜ ਵੀ ਬੇਇਨਸਾਫ਼ੀ ਤੇ ਪਾਪ ਦਾ ਬੋਲਬਾਲਾ ਹੈ। ਤੁਹਾਨੂੰ ਇਸ਼ਰਤ ਜਹਾਂ ਦਾ ਖ਼ੂਨ ਖ਼ੂਨ ਅਤੇ 25000 ਸਿੱਖਾਂ ਦਾ ਖ਼ੂਨ ਪਾਣੀ ਜਾਪਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਇਕ ਕੁੜੀ ਦਾ ਨਕਲੀ ਮੁਕਾਬਲਾ ਹੋਣ ਕਰ ਕੇ ਇਸ ਨੂੰ ਉਠਾਇਆ ਜਾ ਰਿਹਾ ਹੈ। ਠੀਕ ਹੈ, ਜੇ ਸਿਰਫ਼ ਔਰਤ ਕਰ ਕੇ ਹੀ ਇਸ ਦਾ ਸ਼ੋਰ ਹੈ ਤਾਂ 1984 ਤੋਂ 1995 ਤਕ ਦੇ ਸਿੱਖਾਂ ਦੇ ਨਕਲੀ ਮੁਕਾਬਲਿਆਂ ਵਿਚ ਵੀ ਤਾਂ ਦਰਜਨਾਂ ਬੀਬੀਆਂ ਵੀ ਸਨ। ਪਰ, ਹਾਂ, ਉਹ ਸਿੱਖ ਬੀਬੀਆਂ ਸਨ। ਇੰਞ ਹੀ ਜੇ ਤੁਹਾਡੀ ਫ਼ਿਰਕੂ ਸੋਚ ਖਾਸਿਲਤਾਨੀਆਂ ਨੂੰ ਦਹਿਸ਼ਤਗਰਦ ਕਹਿੰਦੀ ਹੈ ਤਾਂ ਇਸ਼ਰਤ ਜਹਾਂ ‘ਤੇ ਵੀ ਇਨਸਾਨੀ ਬੰਬ ਹੋਣ ਦਾ ਦੋਸ਼ ਹੈ।ਤੁਹਾਨੂੰ ਤਾਂ ਕਸ਼ਮੀਰ ਵਿਚ ਫ਼ੌਜ ਵੱਲੋਂ ਕੀਤੇ ਗਏ ਰੇਪ, ਨਕਲੀ ਮੁਕਾਬਲੇ ਤੇ ਕਤਲੇਆਮ ਵੀ ਘਟ ਦਿਸਦੇ ਹਨ।
ਤੁਸੀਂ ਭਾਰਤੀ ਮੀਡੀਆ ਵਾਲੇ ਭਾਵੇਂ ਇਸ ਨੂੰ ਭੁੱਲ ਜਾਓ ਪਰ ਤਵਾਰੀਖ਼ ਨੇ ਤਾਂ ਨਹੀਂ ਭੁੱਲਣਾ ਕਿ ਨਵੰਬਰ 1984 ਵਿਚ ਭਾਰਤੀ ਮੀਡੀਆ ਨੇ ਹਜ਼ਾਰਾਂ ਸਿੱਖਾਂ ਦੇ ਵਹਿਸ਼ੀਆਣਾ ਕਤਲੇਆਮ ਦੀਆਂ ਖ਼ਬਰਾਂ ਨੂੰ ਇਕ ਸਿੰਗਲ ਕਾਲਮ ਵਿਚ ਵੀ ਨਹੀਂ ਛਾਪਿਆ ਸੀ। ਹੁਣ ਵੀ ਚਿੱਲੜ ਹੌਦ, ਪਟੌਦੀ, ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਰਾਜ਼ ਸਾਹਮਣੇ ਆਉਂਦੇ ਹਨ ਪਰ ਉਨ੍ਹਾਂ ਵਾਸਤੇ ਮੀਡੀਆ ਦੀ ਕੋਈ ਟੀਮ ਨਹੀਂ ਜਾਂਦੀ। ਅਜੇ ਕਲ੍ਹ ਹੀ ਟਾਈਟਲਰ ਤੇ ਸੱਜਣ ਕੁਮਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੇ ਸਪੈਠਸ਼ਲ ਇਨਵਾਇਟੀ ਬਣਾਇਆ ਗਿਆ ਹੈ। ਮੀਡੀਆ ਵਿਚ ਇਸ ਮਸਲੇ ‘ਤੇ ਕੋਈ ਚਰਚਾ ਨਹੀਂ। ਕਿਸੇ ਟੀਵੀ ਸਟੇਸ਼ਨ ‘ਤੇ ਆਵਾਜ਼ ਨਹੀਂ ਉਠਦੀ।
ਠੀਕ ਇਸੇ ਮੌਕੇ ‘ਤੇ ਭਾਰਤ ਦੇ ਪ੍ਰਾਈਮ ਮਨਿਸਟਰ ਮਨਮੋਹਨ ਸਿੰਘ ਦੀ ਧੀ ਵੱਲੋਂ ਅਮਰੀਕਾ ਵਿਚ ਇਨਸਾਨੀ ਹਕੂਕ ਦੀਆਂ ਗੱਲਾਂ ਕਰ ਕੇ ਸ਼ੁਹਰਤ ਹਾਸਿਲ ਕੀਤੀ ਜਾ ਰਹੀ ਹੈ; ਉਸ ਨੂੰ ਐਵਾਰਡ ਦਿੱਤੇ ਜਾ ਰਹੇ ਹਨ। ਪਰ, ਕੀ ਉਸ ਨੂੰ ਆਪਣੇ ਬਾਪ ਦੇ ਮੁਲਕ ਵਿਚ ਹੋਏ ਜ਼ੁਲਮ ਦਾ ਜ਼ਰਾ ਵੀ ਦਰਦ ਨਹੀਂ ਆਉਂਦਾ? ਕੀ ਇਹ ਪਾਖੰਡ ਅਤੇ ਡਰਾਮਾ ਨਹੀਂ ਹੈ?
ਇਹ ਸਭ ਕੁਝ ਯਹੂਦੀਆਂ ਨੇ ਵੀ ਯੂਰਪ ਵਿਚ 30 ਸਾਲ ਤੋਂ ਵਧ ਸਮਾਂ ਹੰਢਾਇਆ ਸੀ। ਉਦੋਂ ਵੀ ਮੀਡੀਆ ਨਾਜ਼ੀਆਂ ਦੇ ਜ਼ੁਲਮ ਬਾਰੇ ਚੁਪ ਰਿਹਾ ਸੀ। ਹੁਣ ਜਦ ਤੁਸੀਂ ਵੀ ਚੁੱਪ ਰਹਿੰਦੇ ਹੋ ਤਾਂ ਇਹ ਸ਼ੱਕ ਪਾਉਂਦਾ ਹੈ ਕਿ ਤੁਹਾਡੀ ਚੁੱਪ ਹਮਦਰਦੀ ਉਨ੍ਹਾਂ ਕਾਤਲਾਂ, ਜ਼ਾਲਮਾਂ ਰੇਪ ਕਰਨ ਵਾਲਿਆਂ ਦੇ ਨਾਲ ਹੈ। ਜਦ ਅਦਾਲਤਾਂ, ਮੀਡੀਆ, ਲੇਖਕ, ਕਵੀ, ਪ੍ਰਚਾਰਕ, ਧਾਰਮਿਕ ਆਗੂ ਜ਼ੁਲਮ ਵੇਖ ਕੇ ਅੱਖਾਂ ਬੰਦ ਕਰ ਲੈਣ ਤਾਂ ਯਾਦ ਰੱਖਿਓ ਪਰਲੋ ਆਉਂਦੀ ਹੁੰਦੀ ਹੈ ਅਤੇ ਧਰਤੀ ਦੇ ਨਕਸ਼ੇ ਬਦਲਿਆ ਕਰਦੇ ਹਨ।
ਚਰਚਾ ਸ਼ੁਰੂ ਹੋ ਗਿਆ ਹੈ ਕਿ ਜਸਵੰਤ ਸਿੰਘ ਖਾਲੜਾ (ਜਿਸ ਨੇ 25000 ਅਣਪਛਾਤੀਆਂ ਲਾਸ਼ਾਂ ਦਾ ਰਾਜ਼ ਖੋਲ੍ਹਿਆ ਸੀ) ਵਾਂਙ ਉਸ ਥਾਣੇਦਾਰ ਸੁਰਜੀਤ ਸਿੰਘ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਇਹ ਸਭ ਕੁਝ ਪੰਜਾਬ ਵਿਚ ਪਹਿਲਾਂ ਵੀ ਹੋ ਚੁਕਾ ਹੈ। ਜਸਵੰਤ ਸਿੰਘ ਖਾਲੜਾ, ਕੁਲਵੰਤ ਸਿੰਘ ਸੈਨੀ ਰੋਪੜ, ਆਤਮਜੀਤ ਸਿੰਘ ਮਾਵੀ ਲੁਧਿਆਣਾ, ਸੁਖਵਿੰਦਰ ਸਿੰਘ ਭੱਟੀ ਸੰਗਰੂਰ, ਰਣਬੀਰ ਸਿੰਘ ਮਾਨਸ਼ਾਹੀਆ ਬਠਿੰਡਾ, ਜਗਵਿੰਦਰ ਸਿੰਘ ਹੈਪੀ, ਸਤਨਾਮ ਸਿੰਘ ਜੰਮੂ, ਧਰਮਵੀਰ ਸਿੰਘ ਅੰਮ੍ਰਿਤਸਰ (ਸਾਰੇ ਵਕੀਲ), ਅਤੇ ਅਵਤਾਰ ਸਿੰਘ ਮੰਡੇਰ ਤੇ ਰਾਮ ਸਿੰਘ ਬਲਿੰਗ (ਜਰਨਲਿਸਟ) ਅਤੇ ਰੰਜਨ ਲਖਣਪਾਲ ਵਕੀਲ ਦਾ ਬੇਟਾ ਇਨਸਾਨੀ ਹਕੂਕ ਦੀ ਗੱਲ ਕਰਨ ਦਾ ‘ਜੁਰਮ’ ਕਰਨ ਕਾਰਨ ਸ਼ਹੀਦ ਹੋ ਚੁਕੇ ਹਨ।
ਅਸੀਂ ਨਹੀਂ ਕਹਿੰਦੇ ਕਿ ਥਾਣੇਦਾਰ ਸੁਰਜੀਤ ਸਿੰਘ ਦਾ ਇਕਬਾਲੀਆ ਬਿਆਨ ਆਖ਼ਰੀ ਮੰਨ ਲਿਆ ਜਾਵੇ ਪਰ ਇਸ ਨੂੰ ਨਜ਼ਰ ਅੰਦਾਜ਼ ਕਰ ਦੇਣਾ ਸ਼ੱਕ ਪੈਦਾ ਕਰਦਾ ਹੈ ਕਿ ਇਨਸਾਫ਼ ਦੀਆਂ ਗੱਲਾਂ ਦੋਗਲੀਆਂ ਹਨ, ਝੂਠੀਆਂ ਹਨ, ਧੋਖਾ ਹਨ, ਫਰੇਬ ਹਨ, ਦਿਖਾਵਾ ਹਨ, ਦੰਭ ਹਨ। ਸਾਨੂੰ ਕੋਈ ਇਤਰਾਜ਼ ਨਹੀਂ ਕਿ ਜੇ ਸੁਰਜੀਤ ਸਿੰਘ ਦਾ ਨੌਕਰੀ ਦਾ ਰਿਕਾਰਡ ਮਾੜਾ ਹੈ ਤਾਂ ਉਸ ਨੂੰ ਨਾ ਵਿਚਾਰਿਆ ਜਾਵੇ। ਸਗੋਂ ਅਸੀਂ ਚਾਹਵਾਂਗੇ ਕਿ ਜੇ ਉਹ ਝੂਠਾ ਹੈ ਤਾਂ ਉਸ ‘ਤੇ ਮੁਕੱਦਮਾ ਚਲਾਇਆ ਜਾਵੇ, ਪਰ, ਪੜਤਾਲ ਤਾਂ ਲਾਜ਼ਮੀ ਹੈ (ਪਰ ਇਹ ਪੜਤਾਲ ਸੁਮੇਧ ਸੈਣੀ ਵਰਗੇ ਮੁਲਸ ਮੁਖੀ ਨਾ ਕਰਨ ਕਿਉਂ ਕਿ ਉਹ ਤਾਂ ਖ਼ੁਦ ਸੈਂਕੜੇ ਤੇ ਹਜ਼ਾਰਾਂ ਨਕਲੀ ਮੁਕਾਬਲਿਆਂ ਦਾ ਜ਼ਿੰਮੇਦਾਰ ਤੇ ਪੁਲਸ ਕੈਟਾਂ ਹੱਥੋਂ ਕਤਲੇਆਮ ਕਰਵਾਉਣ ਦਾ ਹੀਰੋ ਮੰਨਿਆ ਜਾਂਦਾ ਹੈ)।