ਸਿੱਖੀ ਹੱਕਾਂ ਲਈ ਲਿਖ ਰਹੀ ਪ੍ਰਸਿੱਧ ਲੇਖਿਕਾ ਅਨਮੋਲ ਕੌਰ ਨੂੰ ਉਨ੍ਹਾਂ ਦੇ ਹੁਣੇ ਪ੍ਰਕਾਸ਼ਤ ਹੋਏ ਨਾਵਲ ‘ਹੱਕ ਲਈ ਲੜਿਆ ਸੱਚ’ ਲਈ ਗੁਰੂ ਘਰ ਸੁਖ ਸਾਗਰ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਮੌਕੇ ਕੀਤੇ ਗਏ ਇਕ ਸਮਾਗਮ ਦੌਰਾਨ ਉਨ੍ਹਾਂ ਵਲੋਂ ਸਿੱਖ ਕੌਮ ਅਤੇ ਪੰਜਾਬੀ ਸਾਹਿਤ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਬੰਧਕਾਂ ਵਲੋਂ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਨੂੰ ਹਮੇਸ਼ਾਂ ਹੀ ਬਿਆਨ ਕਰਦੀਆਂ ਰਹੀਆਂ ਹਨ।
ਜਿਕਰਯੋਗ ਹੈ ਕਿ ਅਨਮੋਲ ਕੌਰ ਨੇ ਹਮੇਸ਼ਾਂ ਹੀ ਆਪਣੀ ਕਲਮ ਰਾਹੀਂ ਪੰਜਾਬ ਵਿਚ ਵਾਪਰੇ ਦੁਖਾਂਤ ਦੌਰਾਨ ਵਾਪਰੀਆਂ ਘਟਨਾਵਾਂ ਦੀ ਪਿੱਠ ਭੁਮੀ ਉਪਰ ਹੀ ਆਪਣੀਆਂ ਰਚਨਾਵਾਂ ਲਿਖੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਸਦਾ ਹੀ ਸਰਕਾਰੀ ਮਸ਼ੀਨਰੀ ਵਲੋਂ ਢਾਹੇ ਗਏ ਜ਼ੁਲਮਾਂ ਦਾ ਜਿਕਰ ਮਿਲਦਾ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਪੁਲਿਸ ਵਲੋਂ ਕੀਤੇ ਗਏ ਜ਼ਬਰ ਦਾ ਦਰਦ ਪੂਰਨ ਤੌਰ ‘ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਆਪਣੇ ਹੱਕਾਂ ਲਈ ਲੜਣ ਵਾਲੇ ਨੌਜਵਾਨਾਂ ਬਾਰੇ ਲਿਖਣ ਤੋਂ ਜਿਥੇ ਹੁਣ ਹਰ ਕੋਈ ਕਈ ਵਾਰ ਸੋਚਦਾ ਹੈ। ਅਨਮੋਲ ਕੌਰ ਨੇ ਆਪਣੇ ਇਸ ਨਾਵਲ ਵਿਚ ਉਸ ਸੱਚ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦਾ ਬਹੁਤ ਵੱਡਾ ਉੱਦਮ ਕੀਤਾ ਹੈ।