ਨਵੀਂ ਦਿੱਲੀ : ਅੱਜ ਦਿੱਲੀ ਦੀਆਂ ਖੇਤਰੀ ਭਾਸ਼ਾਵਾਂ ਨੂੰ ਪ੍ਰਮੋਟ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦੀਆਂ ਨੇ ਤ੍ਰਲੋਚਨ ਸਿੰਘ ਸਾਬਕਾ ਸਾਂਸਦ, ਸਾਬਿਰ ਅਲੀ ਸਾਂਸਦ (ਜਨਤਾ ਦਲ ਯੁਨਾਇਟੀਢ) ਦੀ ਅਗਵਾਈ ਹੇਠ ਡਾ. ਨਦੀਮ ਐਹਮਦ, ਖਾਲਸਾ ਕਾਲੇਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੁੰ ਮਿਲਕੇ ਦਿੱਲੀ ਯੂਨੀਵਰਸਿਟੀ ਵਲੋਂ 2013 ਤੋਂ ਸ਼ੁਰੂ ਹੋ ਚੁੱਕੇ ਚਾਰ ਸਾਲਾਂ ਬੀ.ਏ. ਕੋਰਸ ਵਿਚ ‘ਡੀ.ਸੀ ਟੂ’ (ਡਸਿਪਲਿਨ ਕੋਰਸ) ਸਿਸਟਮ ਮੁਤਾਬਕ ਪੰਜਾਬੀ ਸਮੇਤ ਦੂਜੀਆਂ ਭਾਰਤੀ ਭਾਸ਼ਾਵਾਂ (ਉਰਦੂ, ਤਾਮਿਲ, ਬੰਗਾਲੀ ਆਦਿ) ਨੂੰ ਪਹਿਲੇ ਸਾਲ ਦੀ ਥਾਂ ਦੂਜੇ ਸਾਲ ਤੋਂ ਸ਼ੁਰੂ ਕਰਨ ਦੇ ਫ਼ੈਸਲੇ ਕਾਰਣ ਕਾਲਜਾਂ ਵਿਚ ਪੰਜਾਬੀ ਅਤੇ ਉਰਦੂ ਦਾ ਭਵਿੱਖ ਖਤਰੇ ਵਿਚ ਪੈਣ ਦਾ ਦਾਵਾ ਕੀਤਾ। ਜਿਸ ਵਿਚ ਮੁੱਖ ਸੰਸਥਾਵਾਂ ਨੇ ਪੰਜਾਬੀ ਹੈਲਪ ਲਾਈਨ, ਨੈਸ਼ਨਲ ਉਰਦੂ ਫੋਰਮ, ਆਲਾਮੀ ਉਰਦੂ ਟ੍ਰਸਟ, ਪੰਜਾਬੀ ਵਿਕਾਸ ਮੰਚ, ਮਰਕਜ਼ ਇਲਮ ਔ ਦਾਨਿਸ਼, ਸਰਦਾਰਨੀ ਜਸਪਾਲ ਕੌਰ ਟ੍ਰਸਟ, ਸਦਰੰਗ, ਪੰਜਾਬੀ ਪ੍ਰਚਾਰਣੀ ਸਭਾ, ਪੰਜਾਬੀ ਸਭਿਆਚਾਰ ਮੰਚ ਅਤੇ ਪੰਜਾਬੀ ਟੀਚਰਸ ਐਸੋਸਿਏਸ਼ਨ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਗੁਰਦੂਆਰਾ ਕਮੇਟੀ ਮੇਂਬਰ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਪਰਮਜੀਤ ਸਿੰਘ ਰਾਣਾ, ਐਮ. ਪੀ. ਐਸ. ਚੱਡਾ, ਕੁਲਵੰਤ ਸਿੰਘ ਬਾਠ, ਜੱਥੇਦਾਰ ਸੁਰਜੀਤ ਸਿੰਘ ਅਤੇ ਗੁਰਲਾਡ ਸਿੰਘ ਮੌਜੂਦ ਸਨ।
ਵਫਦ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮਨਜੀਤ ਸਿੰਘ ਜੀ. ਕੇ ਨੇ ਕਿਹਾ ਕਿ ਸਾਡੇ ਤਿੰਨ ਖ਼ਾਲਸਾ ਕਾਲਜਾਂ ਵਿਚ ਪੰਜਾਬੀ ਆਨਰਜ਼ ਕੋਰਸ ਪਹਿਲੇ ਸਾਲ ਤੋਂ ਚੱਲ ਰਿਹਾ ਹੈ, ਪਰ ਡੀ. ਸੀ. ਟੂ ਦੂਜੇ ਸਾਲ ਤੋਂ ਹੀ ਸ਼ੁਰੂ ਹੋਵੇਗਾ।ਇਸ ਤਰ੍ਹਾਂ ਪੰਜਾਬੀ ਪੜਾਉਂਣ ਵਾਲੇ ਸਾਰੇ 14 ਕਾਲਜਾਂ ਵਿਚ ਇਸ ਕੋਰਸ ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਵੰਚਿਤ ਕੀਤਾ ਜਾ ਰਿਹਾ ਹੈ। ਇਸ ਸਾਲ ਤੋਂ ਦਾਖ਼ਲ ਹੋਣ ਵਾਲੇ ਵਿਦਿਆਰਥੀ ਪੰਜਾਬੀ ਭਾਸ਼ਾ ਨੂੰ ਸਬਜੈਕਟ ਵਜੋਂ ਨਹੀਂ ਲੈ ਸਕਣਗੇ।‘ਡੀ ਸੀ ਟੂ’ ਮੁਤਾਬਕ ਪਹਿਲੇ ਸਾਲ ਉਪਰੋਕਤ ਭਾਸ਼ਾਵਾਂ ਦੇ ਫਾਊਂਡੇਸ਼ਨ ਤੇ ਅਪਲਾਈਡ ਕੋਰਸ ਪੜ੍ਹਾਏ ਜਾਣੇ ਹਨ।ਇਹ ਕੋਰਸ ਨਾ ਮਾਤਰ ਹਨ। ਕਿਉਂਕਿ ਇਨ੍ਹਾਂ ਉਪਰ ਅੰਗਰੇਜ਼ੀ ਤੇ ਹਿੰਦੀ ਦੀ ਹੀ ਸਰਦਾਰੀ ਕਾਇਮ ਰਹੇਗੀ।‘ਡੀ ਸੀ ਟੂ’ ਮੁਤਾਬਕ ਦੂਜੇ ਸਾਲ ਤੋਂ ਇਨ੍ਹਾਂ ਭਾਸ਼ਾਵਾਂ ਦੇ ਛੇ ਸਮੈਸਟਰ ਹੋਣਗੇ।ਪਰ ਨਾਲ ਹੀ ਇਹ ਵਿਕਲਪ ਵੀ ਦੇ ਦਿੱਤਾ ਗਿਆ ਹੈ ਕਿ ਵਿਦਿਆਰਥੀ ਇਨ੍ਹਾਂ ਵਿਚੋਂ ਤਿੰਨ ਸਮੈਸਟਰਾਂ ਵਿਚ ਪੰਜਾਬੀ, ਉਰਦੂ ਆਦਿ ਦੀ ਥਾਂ ਕੋਈ ਹੋਰ ਵਿਸ਼ਾ ਵੀ ਚੁਣ ਸਕਦਾ ਹੈ।ਇਸ ਕਰਕੇ ਸਿਰਫ਼ ਤਿੰਨ ਸਮੈਸਟਰ ਹੀ ਪੰਜਾਬੀ ਦੇ ਹਿੱਸੇ ਆਉਂਦੇ ਹਨ।ਪਹਿਲੇ ਸਾਲ ਤੋਂ ਭਾਸ਼ਾ ਦੇ ਆਧਾਰ ‘ਤੇ ਦਾਖ਼ਲਾ ਨਾ ਹੋਣ ਕਰਕੇ ਦੂਜੇ ਸਾਲ ਵਿਚ ਅਧਿਆਪਕ ਵੀ ਵਿਦਿਆਰਥੀਆਂ ਨੂੰ ਆਪਣੀ ਜ਼ੁਬਾਨ ਵੱਲ ਪ੍ਰੇਰਿਤ ਕਰਨ ਵਿਚ ਅਸਮਰਥ ਹੋਣਗੇ। ਇਸੇ ਕਰਕੇ ਹੁਣ ਡੀ ਸੀ ਵਨ ਕੋਰਸ ਪਹਿਲੇ ਸਾਲ ਤੋਂ ਹੀ ਸ਼ੁਰੂ ਕਰਨ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਨੂੰ ਭਾਰਤ ਦੇ ਪੰਜ ਸੂਬਿਆਂ ਦੀ ਦੂਜੀ ਭਾਸ਼ਾ ਹੋਣ ਦਾ ਮਾਣ ਹਾਸਲ ਹੈ। ਦਿੱਲੀ ਸਰਕਾਰ ਵੱਲੋਂ ਵੀ ਇਸ ਨੂੰ ਦੂਜੀ ਭਾਸ਼ਾ ਵਾਲਾ ਦਰਜਾ ਦਿੱਤਾ ਗਿਆ ਹੈ। ਪਰ ਦੂਜੇ ਪਾਸੇ ਇਸ ਨੂੰ ਖ਼ਤਮ ਕਰਨ ਦੇ ਜਤਨ ਹੋ ਰਹੇ ਹਨ।
ਇਸ ਮੌਕੇ ਤੇ ਰਾਜਸਭਾ ਮੈਂਬਰ ਸਾਬਰ ਅਲੀ ਨੇ ਕਿਹਾ ਕਿ ਉਹ ਗੁਰਦੁਆਰਾ ਕਮੇਟੀ ਦੇ ਧੰਨਵਾਦੀ ਨੇ ਜਿਨ੍ਹਾਂ ਨੇ ਉਰਦੂ ਅਤੇ ਪੰਜਾਬੀ ਨੂੰ ਉਸਦਾ ਬਣਦਾ ਹੱਕ ਦਿਵਾਉਣ ਲਈ ਜੱਦੋਜਹਦ ਸ਼ੁਰੂ ਕੀਤੀ ਹੈ ਤੇ ਅਸੀ ਜਲਦ ਹੀ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਜੋ ਕਿ ਦਿੱਲੀ ਯੁਨੀਵਰਸੀਟੀ ਦੇ ਕੁਲਪਤੀ ਨੇ, ਨੂੰ ਇਕ ਵਫਦ ਦੇ ਰੂਪ ਵਿਚ ਮਿਲਕੇ ਯੁਨੀਵਰਸੀਟੀ ਪ੍ਰਸ਼ਾਸਨ ਤੇ ਦਬਾਵ ਕਾਯਮ ਕਰਾਂਗੇ ਤਾਕਿ ਘੱਟ ਗਿਣਤੀ ਕੌਮਾਂ ਦੀ ਭਾਸ਼ਵਾਂ ਉੱਤੇ ਹੋ ਰਹੇ ਅਤਿਆਚਾਰ ਨੂ ਠਲ੍ਹ ਪਾਈ ਜਾ ਸਕੇ । ਉਨ੍ਹਾਂ ਨੇ ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਦਾ ਇਸ ਲੜਾਈ ਵਿਚ ਪੂਰਾ ਸਾਥ ਦੇਣ ਦੀ ਗਲ ਵੀ ਆਖੀ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਅਤੇ ਉਰਦੂ ਭਾਸ਼ਾ ਦੇ ਮਾਹਿਰ ਲੋਕਾਂ ਦੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੋਂ ਪ੍ਰਵਾਨਗੀ ਲੈ ਕੇ ਕੁਲਮੋਹਨ ਸਿੰਘ ਮੁੱਖ ਸਲਾਹਕਾਰ ਦੀ ਅਗੁਵਾਈ ਹੇਠ ਕਮੇਟੀ ਬਨਾਉਣ ਦਾ ਐਲਾਨ ਕੀਤਾ। ਜਿਸ ਦੇ ਮੈਂਬਰ ਹਨ ਡਾ. ਪ੍ਰਿਥਵੀ ਰਾਜ ਥਾਪਰ, ਡਾ. ਹਰਚਰਣ ਕੌਰ, ਸੁਰਿੰਦਰ ਪਾਲ ਸਿੰਘ, ਪ੍ਰਕਾਸ਼ ਸਿੰਘ ਗਿਲ, ਰਘੁਬੀਰ ਸਿੰਘ, ਡਾ. ਐਮ. ਹਸਨ, ਡਾ. ਮੌਲਾ ਬਖਸ਼, ਡਾ. ਸਾਜਿਦ ਹੁਸੈਨ, ਡਾ. ਸੋਹਿਨ ਰਜ਼ਾ ਫਾਤਮੀ, ਡਾ. ਗੁਰਮੋਹਿੰਦਰ ਸਿੰਘ ਅਤੇ ਡਾ. ਹਰਭਜਨ ਸਿੰਘ।