ਖਡੂਰ ਸਾਹਿਬ -ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਕਾਰ ਸੇਵਾ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਐਨ.ਸੀ.ਸੀ. 11 ਪੰਜਾਬ ਬਟਾਲੀਅਨ ਦੇ ਦਸ ਰੋਜ਼ਾ ਕੈਂਪ ਦੌਰਾਨ ਫੌਜੀ ਸਿਖਲਾਈ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਦਰਮਿਆਨ ਹੋਏ ਸੱਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਕਾਰਗੁਜ਼ਰੀ ਦਿਖਾਉਂਦੇ ਹੋਏ ਅਹਿਮ ਸਥਾਨ ਹਾਸਲ ਕੀਤੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਦੌਰਾਨ ਹੋਈਆਂ ਵੱਖ-ਵੱਖ ਸਰਗਰਮੀਆਂ ਤੇ ਮੁਕਾਬਲਿਆਂ ਵਿਚ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਹੋਏ ਰੱਸਾ-ਕੱਸ਼ੀ ਦੇ ਮੁਕਾਬਲੇ ਵਿਚ ਕਾਲਜ ਦੇ ਵਿੱਦਿਆਰਥੀਆਂ ਬਚਿੱਤਰ ਸਿੰਘ, ਹੁਸਨਪ੍ਰੀਤ ਸਿੰਘ, ਲਵਜੋਤ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ ਅਤੇ ਤੇਜਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਲੀਬਾਲ ਦੇ ਮੁਕਾਬਲੇ ਵਿਚ ਵੀ ਕਾਲਜ ਦੀ ਟੀਮ ਜੇਤੂ ਰਹੀ। ਡਰਿੱਲ ਵਿਚ ਕਾਲਜ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਕਾਲਜ ਦੀ ਟੀਮ ਨੂੰ ਬੇਹਤਰੀਨ ਅਨੁਸ਼ਾਸ਼ਨ ਵਾਲੀ ਟੀਮ ਦਾ ਖਿਤਾਬ ਦਿੱਤਾ ਗਿਆ। ਕੈਂਪ ਦੌਰਾਨ ਲੰਗਰ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਲਈ ਵਿੱਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਵਿਚ ਕਾਲਜ ਦੇ ਵਿੱਦਿਆਰਥੀ ਬਚਿੱਤਰ ਸਿੰਘ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਜਿਸ ਲਈ ਉਸਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਕਾਲਜ ਦਾ ਐਨ.ਸੀ.ਸੀ. ਯੁਨਿਟ ਕੈਪਟਨ (ਡਾ.) ਕੁਲਦੀਪ ਸਿੰਘ ਬਾਖੂਬੀ ਚਲਾ ਰਹੇ ਹਨ ਅਤੇ ਯੁਨਿਟ ਦੀਆਂ ਇਹਨਾਂ ਪ੍ਰਾਪਤੀਆਂ ਪਿੱਛੇ ਉਹਨਾਂ ਦੀ ਯੋਗ ਅਗਵਾਈ ਕਾਰਜਸ਼ੀਲ ਹੈ।