ਅੰਮ੍ਰਿਤਸਰ:- ਸਾਲ 2012 ਦੇ ਵੱਖ-ਵੱਖ ਸਕੂਲਾਂ ‘ਚ ਧਾਰਮਿਕ ਪ੍ਰੀਖਿਆ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ/ਵਿਦਿਆਰਥਣਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ, ਸਰਟੀਫਿਕੇਟ, ਸਿਰੋਪਾਓ ਤੇ ਕ੍ਰਮਵਾਰ 2100/-, 1500/- ਅਤੇ 1100/- ਰੁਪਏ ਦੀ ਨਿਯਮਤ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਕਿਹਾ ਕਿ ਜਿਹੜੇ ਮਾਪੇ ਆਪ ਅੰਮ੍ਰਿਤਧਾਰੀ ਹੋਣਗੇ ਤੇ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤਧਾਰੀ ਬਨਾਉਣਗੇ ਉਨ੍ਹਾਂ ਦੇ ਬੱਚਿਆਂ ਨੂੰ ਮੁਢਲੀ ਸਕੂਲੀ ਸਿੱਖਿਆ ਤੋਂ ਲੈ ਕੇ 10+2 ਤੱਕ ਦੀ ਪੜ੍ਹਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਮੁਫ਼ਤ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮਾਪੇ ਅਤੇ ਅਧਿਆਪਕ ਧੰਨਤਾਯੋਗ ਹੁੰਦੇ ਹਨ ਜੋ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਦੇ ਹਨ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਅਧਿਆਪਕ ਤੇ ਸਕੂਲ ਮੈਨੇਜਮੈਂਟ ਨੂੰ ਵਧਾਈ ਦੇਦਿਆਂ ਕਿਹਾ ਕਿ ਸਕੂਲੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮ ਤੇ ਅੰਦਰੋਂ ਅਤੇ ਬਾਹਰੋਂ ਹਮਲੇ ਹੋ ਰਹੇ ਹਨ ਤੇ ਇਹਨਾਂ ਹਮਲਿਆਂ ਦਾ ਜੁਆਬ ਤਾਂ ਹੀ ਦਿੱਤਾ ਜਾ ਸਕਦਾ ਹੈ ਜੇਕਰ ਆਪਣੇ ਧਰਮ ਬਾਰੇ ਪੁਖਤਾ ਜਾਣਕਾਰੀ ਹੋਵੇ, ਉਨਾਂ ਦੱਸਿਆ ਕਿ ਸਾਲ 2012 ਵਿੱਚ ਕੁੱਲ 24622 ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 1190 ਵਿਦਿਆਰਥੀ ਜਿਨ੍ਹਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਵਜੀਫ਼ਾ ਦਿੱਤਾ ਜਾਣਾ ਹੈ। ਉਨ੍ਹਾਂ 14 ਵਿਦਿਆਰਥੀ/ਵਿਦਿਆਰਥਣਾਂ ਜੋ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਚੋਂ ਮੈਰਿਟ ਵਿੱਚ ਆਏ ਹਨ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕੁੱਲ ਵੀਹ ਲੱਖ ਅੱਸੀ ਹਜ਼ਾਰ ਵਿਦਿਆਰਥੀਆਂ ਨੂੰ ਵਜੀਫ਼ੇ ਜਾਰੀ ਕੀਤੇ ਜਾਣਗੇ। ਮੈਰਿਟ ਵਿੱਚ ਆਉਣ ਵਾਲੇ ਪਹਿਲੇ 14 ਵਿਦਿਆਰਥੀਆਂ ਦੇ ਨਾਵਾਂ ਦੀ ਸੂਚੀ ਦੇਦਿਆਂ ਉਨ੍ਹਾਂ ਦੱਸਿਆ ਕਿ ਇਨਾਂ ਵਿੱਚੋ ਦਰਜਾ ਪਹਿਲਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਵਿੱਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਬਾਬਾ ਬੁੱਢਾ ਸਾਹਿਬ ਪਬਲਿਕ ਸੀਨੀ:ਸੈਕੰਡਰੀ ਸਕੂਲ ਬੀੜ ਸਾਹਿਬ ਤਰਨਤਾਰਨ ਦਾ ਜੱਜਬੀਰ ਸਿੰਘ, ਖਾਲਸਾ ਮਾਡਰਨ ਸੀਨੀ:ਸੈਕੰਡਰੀ ਸਕੂਲ ਬਹਾਦਰਪੁਰ ਰਜੋਆ (ਗੁਰਦਾਸਪੁਰ) ਦੀ ਗਗਨਦੀਪ ਕੌਰ ਅਤੇ ਗੋਬਿੰਦ ਸਰਵਰ ਬੁਲੰਦਪੁਰੀ ਸੀਨੀ:ਸੈਕੰਡਰੀ ਸਕੂਲ ਬੁਲੰਦ (ਜਲੰਧਰ) ਦੀ ਅਨਮੋਲ ਕੌਰ ਨੇ ਹਾਸਲ ਕੀਤਾ। ਇਸੇ ਤਰਾਂ ਦਰਜਾ ਦੂਜਾ ਵਿੱਚ ਗੁਰੂ ਨਾਨਕ ਪਬਲਿਕ ਸੀਨੀ:ਸੈਕੰਡਰੀ ਸਕੂਲ, ਸੋਢਲ ਰੋਡ ਜਲੰਧਰ ਦੀ ਕਿਰਨਦੀਪ ਕੌਰ ਨੇ ਪਹਿਲਾ ਇਸੇ ਹੀ ਸਕੂਲ ਦੀ ਹਰਮਿੰਦਰ ਕੌਰ ਨੇ ਦੂਜਾ ਅਤੇ ਇੰਦਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਦਰਜਾ ਤੀਜਾ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਕ੍ਰਮਵਾਰ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਫਾਰ ਵੋਮੈਨ ਗਾਹਲੜੀ (ਗੁਰਦਾਸਪੁਰ) ਦੀ ਪ੍ਰਭਜੋਤ ਕੌਰ ਅਤੇ ਕਵਲਦੀਪ ਕੌਰ ਨੇ ਦੂਜਾ ਤੇ ਤੀਜਾ ਸਥਾਨ ਗੁਰੂ ਨਾਨਕ ਕਾਲਜ ਮੋਗਾ ਦੀ ਅੰਮ੍ਰਿਤ ਕੌਰ ਨੇ ਹਾਸਲ ਕੀਤਾ। ਇਸੇ ਤਰ੍ਹਾਂ ਦਰਜਾ ਚੌਥਾ ਵਿੱਚ ਗੁਰਮਤਿ ਕਾਲਜ ਪਟਿਆਲਾ ਦੇ ਦਵਿੰਦਰ ਸਿੰਘ ਤੇ ਗੁਰੂ ਨਾਨਕ ਕਾਲਜ ਮੋਗਾ ਦੀ ਕਮਲਪ੍ਰੀਤ ਕੌਰ ਨੇ ਪਹਿਲਾ, ਗੁਰਮਤਿ ਕਾਲਜ ਪਟਿਆਲਾ ਦੀ ਮਨਿੰਦਰ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਮੋਗਾ ਦੀ ਗੁਰਵਿੰਦਰ ਕੌਰ ਅਤੇ ਸੁਖਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਬੱਚਿਆਂ ਦੀ ਕਾਰਜ-ਕੁਸ਼ਲਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।