ਮੁੰਬਈ- ਫਿਲਮ ਜਗਤ ਦੇ ਪ੍ਰਸਿੱਧ ਅਭਿਨੇਤਾ ਪਰਾਣ ਨੇ ਸ਼ੁਕਰਵਾਰ ਦੀ ਰਾਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਰਾਤ ਦੇ 8.30 ਵਜੇ ਆਖਰੀ ਸਵਾਸ ਪੂਰੇ ਕੀਤੇ। 93 ਸਾਲਾ ਪਰਾਣ ਲੰਬੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਪਰਾਣ ਨੂੰ ਹਾਲ ਹੀ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਿਵਾ ਜੀ ਪਾਰਕ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ 12 ਵਜੇ ਕੀਤਾ ਜਾਵੇਗਾ।
ਪਰਾਣ ਆਪਣੀ ਰੋਬਦਾਰ ਆਵਾਜ,ਵੱਖਰੇ ਅੰਦਾਜ ਅਤੇ ਚੰਗੀ ਪਰਸਨੈਲਟੀ ਹੋਣ ਕਰਕੇ ਫਿਲਮੀ ਦੁਨੀਆਂ ਵਿੱਚ ਵਿਲੱਖਣ ਸਥਾਨ ਰੱਖਦੇ ਸਨ। ਉਨ੍ਹਾਂ ਦਾ ਫਿਲਮ ਵਿੱਚ ਹੋਣਾ ਹੀ ਫਿਲਮ ਦੀ ਸਫਲਤਾ ਦੀ ਗਰੰਟੀ ਮੰਨਿਆ ਜਾਂਦਾ ਸੀ। ਉਨ੍ਹਾਂ ਦਾ ਜਨਮ 12 ਫਰਵਰੀ 1920 ਵਿੱਚ ਪੁਰਾਣੀ ਦਿੱਲੀ ਦੈ ਇੱਕ ਧਨੀ ਪਰੀਵਾਰ ਲਾਲਾ ਕੇਵਲ ਕ੍ਰਿਸ਼ਨ ਸਿਕੰਦ ਦੇ ਘਰ ਹੋਇਆ। ਪਰਾਣ ਨੂੰ ਸੱਭ ਤੋਂ ਪਹਿਲਾਂ 1940 ਵਿੱਚ ‘ਜੱਟ ਯਮਲਾ’ ਵਿੱਚ ਬਰੇਕ ਮਿਲਿਆ।ਇਸ ਤੋਂ ਬਆਦ ਪਰਾਣ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਨੇ 350 ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ।
2001 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ‘ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਪਰਾਣ ਨੂੰ ਬਾਲੀਵੁੱਡ ਦੇ ਪਹਿਲੇ ਅਤੇ ਆਖਰੀ ਸੁਪਰ ਸਟਾਰ ਵਿਲਿਨ ਕਿਹਾ ਜਾਂਦਾ ਹੈ। ਖਲਨਾਇਕ ਦੇ ਰੋਲ ਨਿਭਾਂਉਦਿਆ ਇੱਕ ਸਮਾਂ ਅਜਿਹਾ ਵੀ ਆਇਆ ਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਪਰਾਣ ਰੱਖਣੇ ਛੱਡ ਦਿੱਤੇ। ਕੁਝ ਫਿਲਮਾਂ ਵਿੱਚ ਪਰਾਣ ਨੂੰ ਹੀਰੋ ਦੇ ਬਰਾਬਰ ਸਨਮਾਨ ਅਤੇ ਪੈਸਾ ਮਿਲਦਾ ਸੀ।