ਸੰਗਰੂਰ – “ਹਾਈ ਕੋਰਟ ਪੰਜਾਬ ਨੇ ਸਰਕਾਰੀ ਅਤੇ ਪ੍ਰਾਈਵੇਟ ਗੱਡੀਆਂ ਉਤੇ ਲਾਲ ਬੱਤੀ ਤੇ ਹੂਟਰ ਲਗਾਉਣ ਦੀ ਸਹੂਲਤ ਦੀ ਹੋ ਰਹੀ ਦੁਰਵਰਤੋਂ ਅਤੇ ਇਹਨਾਂ ਜਿਆਦਾਤਰ ਗੱਡੀਆਂ ਵਿਚ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਰਿਸਤੇਦਾਰਾਂ ਵੱਲੋਂ ਹੋਣ ਵਾਲੇ ਗੈਰ ਕਾਨੂੰਨੀ ਕੰਮਾਂ ਦੀ ਰੋਕਥਾਮ ਕਰਨ ਹਿੱਤ ਜੋ ਇਸ ਸਹੂਲਤ ਨੂੰ ਸੀਮਤ ਕਰਨ ਦਾ ਹੁਕਮ ਦਿੱਤਾ ਹੈ, ਇਹ ਇਥੋ ਦੇ ਸਮਾਜ ਨੂੰ ਅੱਛੀ ਦਿਸ਼ਾ ਦੇਣ ਲਈ ਸਮੇਂ ਦੀ ਮੁੱਖ ਲੋੜ ਹੈ । ਕਿਉਂਕਿ ਲਾਲ ਬੱਤੀਆਂ ਤੇ ਹੂਟਰਾਂ ਦੀ ਵੱਡੇ ਪੱਧਰ ਉਤੇ ਹੋ ਰਹੀ ਦੁਰਵਰਤੋਂ ਨੇ ਪੰਜਾਬ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਮਾਹੌਲ ਨੂੰ ਅਤਿ ਗੰਧਲਾਂ, ਦਹਿਸ਼ਤ ਅਤੇ ਰੌਲੇ ਵਾਲਾ ਅਤੇ ਸਮਾਜ ਵਿਚ ਨਫ਼ਰਤ ਪੈਦਾ ਕਰਨ ਵਾਲਾ ਬਣਾਇਆ ਹੋਇਆ ਹੈ, ਜੋ ਸਖ਼ਤੀ ਨਾਲ ਬੰਦ ਹੋਣਾ ਚਾਹੀਦਾ ਹੈ । ਇਹ ਸਹੂਲਤ ਕੇਵਲ ਤੇ ਕੇਵਲ ਅੱਗ ਬੁਝਾਉਣ ਵਾਲੀਆਂ ਗੱਡੀਆਂ, ਪੁਲਿਸ ਦੀ ਗਸਤੀ ਕਰਨ ਵਾਲੀਆਂ ਗੱਡੀਆਂ ਅਤੇ ਮਰੀਜਾਂ ਨੂੰ ਇੱਧਰ-ਉੱਧਰ ਲਿਜਾਣ ਵਾਲੀਆਂ ਐਬੂਲੈਸਾਂ ਤੋ ਇਲਾਵਾ ਕਿਸੇ ਵੀ ਸਿਆਸਤਦਾਨ ਜਾਂ ਅਫ਼ਸਰ ਨੂੰ ਇਹ ਸਹੂਲਤ ਨਹੀਂ ਹੋਣੀ ਚਾਹੀਦੀ । ਦੂਸਰਾ ਜਮਹੂਰੀਅਤ ਕਦਰਾਂ-ਕੀਮਤਾਂ ਇਸ ਗੱਲ ਦੀ ਮੰਗ ਕਰਦੀਆਂ ਹਨ ਕਿ ਬਰਾਬਰਤਾ ਦੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ ਕਿਉਕਿ ਹਿੰਦ ਅਤੇ ਪੰਜਾਬ ਜਮਹੂਰੀਅਤ ਪਸ਼ੰਦ ਦੀ ਸੂਚੀ ਵਿਚ ਆਉਦੇ ਹਨ । ਇਥੋ ਦੇ ਅਫ਼ਸਰ ਅਤੇ ਸਿਆਸਤਦਾਨ ਇਸ ਸਹੂਲਤ ਦੀ ਦੁਰਵਰਤੋਂ ਕਰਕੇ ਆਪਣੀ ਟੌਹਰ ਅਤੇ ਵੱਡੇ ਹੋਣ ਦਾ ਸਮਾਜ ਵਿਚ ਰੋਹਬ ਪਾ ਕੇ ਨਫ਼ਰਤ ਪੈਦਾ ਕਰਦੇ ਹਨ ਜੋ ਬੰਦ ਹੋਣਾ ਚਾਹੀਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਦਿਸ਼ਾ ਵੱਲ ਆਏ ਨਵੇ ਹੁਕਮਾਂ ਉਤੇ ਵਿਚਾਰ ਪ੍ਰਗਟਾਉਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਇਹ ਹੁਕਮ ਚੰਗੀ ਭਾਵਨਾ ਨਾਲ ਕੀਤੇ ਗਏ ਹਨ, ਪਰ ਹਾਈ ਕੋਰਟ ਵੱਲੋਂ ਇਸ ਸਹੂਲਤ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਨੂੰ ਬਿਲਕੁਲ ਸੀਮਤ ਕੀਤਾ ਜਾਵੇ । ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਵੀ ਇਸ ਸੂਚੀ ਵਿਚੋਂ ਕੱਢਕੇ ਉਪਰੋਕਤ ਤਿੰਨੇ ਸ੍ਰੇਣੀਆਂ ਨੂੰ ਇਹ ਸਹੂਲਤ ਦਿੱਤੀ ਜਾਵੇ ਤਾਂ ਅਜਿਹੀਆਂ ਗੱਡੀਆਂ ਰਾਹੀ ਅਪਰਾਧਿਕ ਕਾਰਵਾਈਆਂ ਹੋਣ ਤੋ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ ।
ਸ. ਮਾਨ ਨੇ ਸਿੱਖ ਕੌਮ ਨਾਲ ਸੰਬੰਧਤ ਇਕ ਹੋਰ ਅਤਿ ਮਹੱਤਵਪੂਰਨ ਨੁਕਤੇ ਨੂੰ ਛੁਹਦੇ ਹੋਏ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖਦੇ ਹੋਏ, ਊਚ-ਨੀਂਚ, ਅਮੀਰ-ਗਰੀਬ, ਜਾਤ-ਪਾਤ ਦੀ ਪੁਰਜੋਰ ਸ਼ਬਦਾਂ ਵਿਚ ਖੰਡਨ ਕਰਦੇ ਹੋਏ “ਬਰਾਬਰਤਾ ਦੀ ਸੋਚ” ਨੂੰ ਸਭ ਤੋ ਉੱਪਰ ਰੱਖਿਆ ਅਤੇ ਵਿਤਕਰੇ, ਭੇਦਭਾਵ ਦਾ ਨਾਸ਼ ਕੀਤਾ । ਦੂਜੇ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੇ ਉਸ ਸੋਚ ਨੂੰ ਹੋਰ ਪ੍ਰਪੱਕ ਕਰਦੇ ਹੋਏ “ਸੰਗਤ ਅਤੇ ਪੰਗਤ” ਦੀ ਮਹਾਨ ਰਿਵਾਇਤ ਸੁਰੂ ਕੀਤੀ ਤਾਂ ਕਿ ਅਮੀਰ-ਗ਼ਰੀਬ, ਮਜ਼ਲੂਮ-ਬਾਦਸ਼ਾਹ ਇਕ ਪੰਗਤ ਵਿਚ ਬੈਠਕੇ ਲੰਗਰ ਛਕੇ ਅਤੇ ਬਰਾਬਰਤਾ ਦੀ ਸੋਚ ਅਮਲੀ ਰੂਪ ਵਿਚ ਲਾਗੂ ਹੋਵੇ । ਅਕਬਰ ਬਾਦਸ਼ਾਹ ਨੂੰ ਵੀ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਤੋ ਪਹਿਲੇ ਪੰਗਤ ਵਿਚ ਬੈਠਕੇ ਲੰਗਰ ਛਕਣ ਦਾ ਹੁਕਮ ਹੋਇਆ ਸੀ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਵੱਲੋਂ ਹਾਈ ਕੋਰਟ ਅਤੇ ਸਰਕਾਰ ਅੱਗੇ ਇਹ ਲਿਲਕੜੀਆਂ ਕੱਢਣਾ ਕਿ ਸਿੱਖਾਂ ਦੇ ਧਾਰਮਿਕ ਆਗੂਆਂ ਅਤੇ ਜਥੇਦਾਰਾਂ ਨੂੰ ਲਾਲ ਬੱਤੀ ਅਤੇ ਹੂਟਰ ਦੀ ਸਹੂਲਤ ਹੋਣੀ ਚਾਹੀਦੀ ਹੈ, ਇਹ ਤਾਂ ਗੁਰੂ ਸਾਹਿਬਾਨ ਦੀ ਬਰਾਬਰਤਾ ਵਾਲੀ ਸਮਾਜ ਪੱਖੀ ਸੋਚ ਦੇ ਅਸੂਲਾਂ ਦੀ ਉਲੰਘਣਾਂ ਹੈ । ਫਿਰ ਸਿੱਖ ਕੌਮ ਵਿਚ ਜਥੇਦਾਰ ਦੁਨਿਆਵੀ ਅਦਾਲਤਾਂ ਦੇ ਅਧੀਨ ਨਹੀਂ ਹੁੰਦੇ । ਫਿਰ ਸ੍ਰੀ ਮੱਕੜ ਇਹ ਮੰਗ ਆਪਣੇ ਲਈ ਅਤੇ ਜਥੇਦਾਰਾਂ ਲਈ ਕਰਕੇ ਦੁਨਿਆਵੀ ਅਦਾਲਤਾਂ ਅਤੇ ਸਰਕਾਰਾਂ ਦੀ ਅਧੀਨਗੀ ਪ੍ਰਵਾਨ ਕਰਕੇ ਗੁਰੂ ਸਾਹਿਬਾਨ ਦੁਆਰਾ ਕਾਇਮ ਕੀਤੀ ਗਈ ਸਿੱਖ ਕੌਮ ਦੀ “ਅਜ਼ਾਦ ਬਾਦਸ਼ਾਹੀ” ਵਾਲੀ ਸੋਚ ਨੂੰ ਖੁਦ ਹੀ ਪਿੱਠ ਨਹੀਂ ਦੇ ਰਹੇ ? ਫਿਰ ਸਿੱਖ ਕੌਮ ਵਿਚ ਤਾਂ ਸਾਡੇ ਧਾਰਮਿਕ ਗੁਰੂ, ਧਾਰਮਿਕ ਰਹਿਨੁਮਾ ਇਕ ਹੀ ਹਨ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ । ਫਿਰ ਸਿੱਖ ਕੌਮ ਮੀਰੀ-ਪੀਰੀ ਦੀ ਬਰਾਬਰਤਾ ਵਾਲੀ ਸਿਆਸਤ ਵਿਚ ਵਿਸ਼ਵਾਸ ਰੱਖਦੀ ਹੈ । ਧਾਰਮਿਕ ਆਗੂ, ਸੰਤ ਅਤੇ ਮਹਾਪੁਰਖ ਆਦਿ ਦੇ ਵਿਚੋਲਿਆਂ ਵਾਲੇ ਸ਼ਬਦਾਂ ਦੀ ਸਿੱਖ ਕੌਮ ਵਿਚ ਕੋਈ ਰਿਵਾਇਤ ਨਹੀਂ । ਕਿਉਂਕਿ ਸਿੱਖ ਦਾ ਸੰਬੰਧ ਸਿੱਧਾ “ਗੁਰ ਸ਼ਬਦ” ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ । ਫਿਰ ਸ. ਮੱਕੜ ਕਿਹੜੇ ਧਾਰਮਿਕ ਆਗੂ ਹੋਣ ਦੀ ਗੁੰਮਰਾਹਕੁੰਨ ਗੱਲ ਕਰਕੇ ਇਹ ਨਿਗੁਣੀ ਜਾਂ ਗੈਰ ਦਲੀਲ ਸਹੂਲਤ ਪ੍ਰਾਪਤ ਕਰਨ ਦੀ ਮੰਗ ਕਰ ਰਹੇ ਹਨ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸੰਤ ਦਾ ਅਖੌਤੀ ਸ਼ਬਦ ਅੰਗਰੇਜ਼ਾਂ ਨੇ ਸਿੱਖ ਕੌਮ ਨੂੰ ਆਪਣੇ ਹਿੱਤਾ ਲਈ ਵਰਤਣ ਲਈ ਬਤੌਰ ਵਿਚੋਲੇ ਦੇ ਸੁਰੂ ਕੀਤਾ ਸੀ, ਤਾਂ ਕਿ ਅੰਗਰੇਜ਼ਾਂ ਰਾਹੀ ਖੜ੍ਹੇ ਕੀਤੇ ਗਏ ਸੰਤ (ਮਸੰਦ) ਰਾਹੀ ਉਹ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੇ ਰਹਿਣ ।