ਨਵੀਂ ਦਿੱਲੀ- ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਉਨ੍ਹਾਂ ਰਾਜਾਂ ਨੂੰ ਜਿਨ੍ਹਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਫੂਡ ਸਕਿਊਰਟੀ ਸਕੀਮ ਨੂੰ ਜਿਵੇਂ ਵੀ ਹੈ ਉਸੇ ਤਰ੍ਹਾਂ ਨਾਲ ਲਾਗੂ ਕਰਨ ਲਈ ਕਿਹਾ ਹੈ। ਸੋਨੀਆ ਨੇ ਇਨ੍ਹਾਂ ਰਾਜਾਂ ਦੇ ਮੁੱਖਮੰਤਰੀਆਂ ਦੇ ਨਾਲ ਇਸ ਯੋਜਨਾ ਨੂੰ ਲਾਗੂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਕੇਂਦਰ ਸਰਕਾਰ ਦੀ ਇਸ ਮਹੱਤਵਪੂਰਣ ਯੋਜਨਾ ਦੇ ਤਹਿਤ 82 ਕਰੋੜ ਲੋਕਾਂ ਨੂੰ ਸਸਤਾ ਅਨਾਜ ਮੁਹਈਆ ਕਰਵਾਇਆ ਜਾਣਾ ਹੈ। ਮੁੱਖਮੰਤਰੀਆਂ ਨਾਲ ਸੋਨੀਆ ਦੀ ਇਹ ਬੈਠਕ 2014 ਵਿੱਚ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਵੀ ਇਸ ਸਾਲ ਦੇ ਅੰਤ ਵਿੱਚ ਵਿਧਾਨ ਸੱਭਾ ਚੋਣਾਂ ਹੋਣੀਆਂ ਹਨ। ਦਿੱਲੀ ਪਹਿਲਾ ਅਜਿਹਾ ਰਾਜ ਹੈ,ਜਿੱਥੇ ਇਸ ਯੋਜਨਾ ਨੂੰ 20 ਅਗੱਸਤ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਬੈਠਕ ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ, ਖਾਧਮੰਤਰੀ ਕੇ. ਵੀ. ਥਾਮਸ, ਰਾਹੁਲ ਗਾਂਧੀ,ਪਾਰਟੀ ਦੇ ਮੁੱਖ ਸਕੱਤਰ ਅਤੇ ਕੋਰ ਸਮੂੰਹ ਦੇ ਮੈਂਬਰ ਵੀ ਸ਼ਾਮਿਲ ਹੋਏ। ਮੀਟਿੰਗ ਕਰਨ ਦਾ ਇਹ ਮੁੱਖ ਮਕਸਦ ਇਹ ਤੈਅ ਕਰਨਾ ਸੀ ਕਿ ਕਾਂਗਰਸ ਪ੍ਰਸ਼ਾਸਿਤ ਰਾਜਾਂ ਵਿੱਚ ਇਸ ਯੋਜਨਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ।