ਨਵੀਂਦਿੱਲੀ-ਵਿਕਾਸਪੁਰੀ ਦਿੱਲੀ ਦੇ ਪੰਜਾਬੀ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਪਲੇਠੀ ਮੀਟਿੰਗ ਬੀਤੇ ਦਿਨ ਸ. ਗੁਰਬਚਨ ਸਿੰਘ ਚੀਮਾ ਦੀ ਸ੍ਰਪਰਸਤੀ ਹੇਠ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿਕਾਸ ਪੁਰੀ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਕਾਸ ਪੁਰੀ ਇਲਾਕੇ ਦੇ ਪੰਜਾਬੀ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਲਈ ਸਾਂਝਾ ਮੰਚ ਪ੍ਰਦਾਨ ਕਰਨ ਲਈ ਪੰਜਾਬੀ ਸਾਹਿਤ ਮੰਚ ਵਿਕਾਸ ਪੁਰੀ ਦਾ ਗਠਨ ਕੀਤਾ ਗਿਆ ਤਾਂ ਕਿ ਪੰਜਾਬੀ ਲੇਖਕ, ਪਾਠਕ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਤੇ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਨੇ ਆਪਣੀ ਕਵਿਤਾ “ਭਲੇ ਵੇਲੇ” : ‘ਆਪਣੀ ਜਾਤ ਤਕ ਸੀਮਿਤ ਹੋਇਆ। ਖੁਦਗਰਜ਼ੀ ਦਾ ਪੁਤਲਾ ਹਰ ਇਨਸਾਨ ਏ’। ਸਰੋਤਿਆਂ ਨਾਲ ਸਾਂਝੀ ਕੀਤੀ। ਰਘਬੀਰ ਸਿੰਘ ਨੇ ਕਵਿਤਾ “ਰਾਜੇ ਵੀ ਭੁੱਖੇ ਮਹਾਰਾਜੇ ਵੀ ਭੁੱਖੇ” ਬੜੇ ਭਾਵ-ਪੂਰਤ ਅੰਦਾਜ਼ ‘ਚ ਸੁਨਾਈ। ਸ. ਕੁਲਬੀਰ ਸਿੰਘ ਨੇ ਰਾਜਨੀਤੀ ਤੇ ਵਿਅੰਗ-ਮਈ ਕਵਿਤਾ ਪੜ੍ਹੀ। ਇਸ ਮੌਕੇ ਤੇ ਗਦਰੀ ਬਾਬਿਆਂ ਦਾ ਅਜ਼ਾਦੀ ਦੀ ਲੜਾਈ ਵਿੱਚ ਨਾ ਭੁਲਾਏ ਜਾਣ ਵਾਲੇ ਯੋਗਦਾਨ ਬਾਰੇ ਵਿਚਾਰ-ਚਰਚਾ ਵੀ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ. ਅਵਤਾਰ ਸਿੰਘ ਚਾਵਲਾ, ਸ. ਜਗਦੇਵ ਸਿੰਘ ਨੇ ਵੀ ਭਾਗ ਲਿਆ। ਸਾਹਿਤ ਮੰਚ ਦੀ ਮਹੀਨਾਵਾਰ ਮੀਟਿੰਗ ਹਰ ਪਹਿਲੇ ਸੋਮਵਾਰ ਸ਼ਾਮ ਪੰਜ ਵਜੇ ਕਰਨ ਦਾ ਨਿਰਨਾ ਵੀ ਲਿਆ ਗਿਆ।