ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਡੀ ’ਤੇ ਲਾਲ ਬੱਤੀ ਲਗਾਉਣ ਦੀ ਸਹੂਲਤ ਰਾਜ ਸਰਕਾਰ ਵਲੋਂ ਖੋਹ ਲਏ ਜਾਣ ’ਤੇ ਅਕਾਲੀ ਤਾਂ ਭਾਵੇਂ ਕੁੱਝ ਨਹੀਂ ਬੋਲੇ ਪਰ ਇਸ ਪ੍ਰਤੀ ਕਾਂਗਰਸ ਨੇ ਸਖ਼ਤ ਟਿੱਪਣੀ ਕਰਦਿਆਂ ਉਕਤ ਫੈਸਲੇ ਨੂੰ ਸਿੱਖੀ ਸ਼ਾਨ ਦੇ ਖ਼ਿਲਾਫ਼ ਸਾਜ਼ਿਸ਼ ਕਰਾਰ ਦਿਤਾ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਫਿਰਕਾਪ੍ਰਸਤ ਨਰਿੰਦਰ ਮੋਦੀ ਦਾ ਦੂਰ ਦੂਰ ਤਕ ਪ੍ਰਧਾਨ ਮੰਤਰੀ ਬਣਨ ਦੀ ਕੋਈ ਸੰਭਾਵਨਾ ਨਹੀਂ ਫਿਰ ਵੀ ਪਤਾ ਨਹੀਂ ਸਿੱਖ ਸੰਸਥਾਵਾਂ ਦੇ ਰੁਤਬੇ ਨੂੰ ਘਟਾਉਣ ਜਾਂ ਉਹਨਾਂ ਦੇ ਸ਼ਾਨ ਦੇ ਖ਼ਿਲਾਫ਼ ਸਾਜ਼ਿਸ਼ ਰਚ ਕੇ ਸ: ਪ੍ਰਕਾਸ਼ ਸਿੰਘ ਬਾਦਲ ਕਿਸ ਨੂੰ ਖੁਸ਼ ਕਰਨ ’ਤੇ ਤੁਲਿਆ ਹੋਇਆ ਹੈ। ਉਹਨਾਂ ਕਿਹਾ ਬਾਦਲ ਸਰਕਾਰ ਵੱਲੋਂ ਸਿੱਖ ਸਮਾਜ ਨੂੰ ਨੀਵਾਂ ਦਿਖਾਉਣ ਅਤੇ ਮਹਾਨ ਸਿਖ ਸੰਸਥਾਵਾਂ ਦੇ ਮਾਨ ਸਤਿਕਾਰ ਨੂੰ ਹਾਨੀ ਪਹੁੰਚਾਉਣਾ ਨਿੰਦਣਯੋਗ ਹੈ।
ਉਹਨਾਂ ਸ: ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ: ਸੁਖਬੀਰ ਬਾਦਲ ਵੱਲੋਂ ਧਾਰਮਿਕ ਅਹਿਮੀਅਤ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਨੁਹਾਰ ਬਦਲ ਕੇ ਇਸ ਦੇ ਵਿਰਾਸਤੀ ਦਿਖ ਮੁੜ ਸੁਰਜੀਤ ਕਰਨ ਦੇ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਦ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਨੂੰ ਤੁਝ ਅਤੇ ਅਰਥਹੀਣ ਕਰਨ ਲਈ ਉਹਨਾਂ ਦੀ ਗੱਡੀ ਤੋਂ ਲਾਲ ਬੱਤੀ ਲਗਾਉਣ ਦੀ ਸਹੂਲਤ ਖੋਹ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ ਹੋਵੇ।
ਉਹਨਾਂ ਦੱਸਿਆ ਕਿ ਗੱਡੀਆਂ ਉੱਤੇ ਲਾਲ ਬੱਤੀ ਲਗਾਉਣੀ ਉੱਚ ਰੁਤਬੇ ਦਾ ਪ੍ਰਤੀਕ ਹੈ ਤੇ ਪਿਛਲੀ ਕਾਂਗਰਸ ਸਰਕਾਰ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਆਦਿ ਸੰਸਥਾਵਾਂ ਦੀ ਸ਼ਾਨ ਅਤੇ ਰੁਤਬੇ ਨੂੰ ਸਮਝਦਿਆਂ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਦਿ ਦੀਆਂ ਗੱਡੀਆਂ ’ਤੇ ਲਾਲ ਬੱਤੀ ਲਗਾਉਣ ਦੀ ਸਹੂਲਤ ਦਿੱਤੀ ਗਈ ਸੀ।
ਫ਼ਤਿਹ ਬਾਜਵਾ ਨੇ ਇਸ ਮੌਕੇ ਅਕਾਲੀ ਆਗੂਆਂ ਦੀ ਜ਼ਮੀਰ ਨੂੰ ਝੰਜੋੜਦਿਆਂ ਉਹਨਾਂ ਨੂੰ ਬਾਦਲ ਪਰਿਵਾਰ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਸਦਾ ਦਿੱਤਾ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ’ ਅਕਾਲ ਤਖ਼ਤ ਮਹਾਨ ਹੈ ਪੰਥ ਕੀ ਸ਼ਾਨ ਹੈ’ ਦਾ ਨਾਅਰਾ ਬੁਲੰਦ ਕਰਨ ਵਾਲੇ ਅਕਾਲੀ ਆਗੂਆਂ ਵੱਲੋਂ ਬਾਦਲ ਸਰਕਾਰ ਦੇ ਉਕਤ ਗਲਤ ਫੈਸਲੇ ਪ੍ਰਤੀ ਕੋਈ ਬੁਰਾ ਨਾ ਮਨਾਉਂਦਿਆਂ ਖਾਮੋਸ਼ ਰਹਿਣਾ ਅਕਾਲੀਆਂ ਦੀ ਬਾਦਲ ਪਰਿਵਾਰ ਪ੍ਰਤੀ ਗੁਲਾਮ ਮਾਨਸਿਕਤਾ ਨੂੰ ਹੰਢਾਉਣ ਦਾ ਪ੍ਰਤੀਕ ਨਹੀਂ ਤਾਂ ਹੋਰ ਕੀ ਹੈ?
ਉਹਨਾਂ ਕਿਹਾ ਕਿ ਅਜਿਹੀ ਬੱਜਰ ਕੁਤਾਹੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਹੁੰਦੀ ਤਾਂ ਅਕਾਲੀਆਂ ਨੇ ਕਾਂਗਰਸ ਨੂੰ ਪਾਣੀ ਪੀ ਪੀ ਕੇ ਨਾ ਕੇਵਲ ਕੋਸਣਾ ਸੀ ਬਲਕੇ ਹੁਣ ਤਕ ਜ਼ਮੀਨ ਆਸਮਾਨ ਵੀ ਇੱਕ ਕਰ ਦੇਣਾ ਸੀ। ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਥਕ ਸੰਸਥਾਵਾਂ ਦੇ ਰੁਤਬੇ ਅਤੇ ਸ਼ਾਨ ਬਹਾਲ ਕਰਨ ਦੀ ਰਾਜ ਸਰਕਾਰ ਤੋਂ ਪੁਰਜੋਰ ਮੰਗ ਕੀਤੀ ।