ਦਸਤਾਰ

ਪਾਰਟੀ ਵਿਚ ਡੀਜੇ ਨੇ ਮਿਊਜਕ ਇੰਨਾ ਉੱਚੀ ਲਾਇਆ ਕਿ ਮੇਰੇ ਸਿਰ ਵਿਚ ਦਰਦ ਹੋਣ ਲੱਗ ਪਿਆ ਅਤੇ ਮੈ ਇਕਦਮ ਟੈਂਟ ਵਿਚੋਂ ਬਾਹਰ ਆ ਗਈ। ਸ਼ੈਡ ਦੇ ਕੋਲ ਪਈਆਂ ਖਾਲੀ ਕੁਰਸੀਆਂ ਵੱਲ ਨੂੰ ਤੁਰ ਪਈ।ਮੇਰੇ ਮਗਰੇ ਹੀ ਮੇਰੀ ਮਾਸੀ ਦੀ ਕੁੜੀ ਸ਼ਰਨ ਆਉਂਦੀ ਬੋਲੀ, “ ਭੈਣ ਜੀ, ਕੀ ਗੱਲ ਹੋਈ ਬਾਹਰ ਕਿਉਂ ਆ ਗਏ।”
“ ਮਿਊਜ਼ਕ ਨਾਲ ਮੇਰਾ ਸਿਰ ਦੁੱਖਣ ਲੱਗ ਪਿਆ,ਉਦਾ ਵੀ ਭੀੜ-ਭੱੜਕਾ ਬਹੁਤ ਹੋ ਗਿਆ ਸੀ,ਮੈ ਸੋਚਿਆ ਖੁਲ੍ਹੀ ਹਵਾ ਵਿਚ ਚਲਦੀ ਹਾਂ।”
“ ਤੁਸੀ ਤਾਂ ਇਸੇ ਕਰਕੇ ਆਏ ਹੋਵੋਗੇ।” ਸ਼ਰਨ ਨੇ ਦੱਸਿਆ, “ ਪਰ ਪਤਾ, ਵੱਡੀ ਮਾਮੀ ਜੀ ਕਹਿੰਦੀ ਸੀ ਕਿ ਇਹਦਾ ਆਪ ਦਾ ਤਾਂ ਕਿਤੇ ਵਿਆਹ ਨਹੀ ਹੁੰਦਾ,ਮੇਰੀ ਸੋਨੀ ਨੂੰ ਮਾਂਈਆਂ ਲੱਗਦਾ ਦੇਖ ਕੇ ਜੈਲਸ ਹੋ ਗਈ।”
“ ਇਟਸ, ਉ.ਕੇ।” ਸੈਵਨ-ਅਪ ਦਾ ਗਿਲਾਸ ਜੋ ਮੈ ਆਪਣੇ ਨਾਲ ਹੀ ਲੈ ਆਈ ਸੀ,ਮੂੰਹ ਨੂੰ ਲਾੳਂਦੇ ਕਿਹਾ, “ਵੱਡੀ ਮਾਮੀ ਜੀ ਦੀ ਆਦਤ ਹੈ ਕੁਝ ਨਾ ਕੁਝ ਬੋਲਣ ਦੀ।”
“ ਭੈਣ ਜੀ, ਤੁਸੀ ਵਿਆਹ ਕਰਵਾ ਹੀ ਲਉ।” ਸ਼ਰਨ ਨੇ ਸਿਧਾ ਹੀ ਕਿਹਾ, “ ਤੁਹਾਡੀ ਉਮਰ ਵੀ ਵੱਡੀ ਹੋਈ ਜਾਂਦੀ ਏ।”
“ ਕੋਈ ਮੁੰਡਾ ਹੀ ਨਹੀ ਮਿਲਦਾ।” ਮੈ ਸੱਚੀ ਗੱਲ ਦੱਸੀ , “ਵਿਆਹ ਕਿਹਦੇ ਨਾਲ ਕਰਾਂਵਾ।”
“ ਤੁਸੀ ਜ਼ਿਦ ਵੀ ਤਾਂ ਫੜ੍ਹ ਰੱਖੀ ਕਿ ਵਿਆਹ ਪੱਗ ਵਾਲੇ ਮੁੰਡੇ ਨਾਲ ਕਰਵਾਉਣਾ।” ਸ਼ਰਨ ਹੱਸਦੀ ਹੋਈ ਕਹਿਣ ਲੱਗੀ, “ ਤੁਹਾਡੀ ਪਸੰਦ ਦਾ ਪੱਗ ਵਾਲਾ ਮੁੰਡਾ ਕੈਨੇਡਾ ਵਿਚ ਮਿਲਣਾ ਤਾਂ ਮੁਸ਼ਕਲ, ਪੰਜਾਬ ਵਿਚ ਜਾ ਕੇ ਕਰਾ ਆਉ ਵਿਆਹ।”
“ ਪੱਗ ਵਾਲੇ ਮੁੰਡਾ ਮੇਰੀ ਇਕੱਲੀ ਦੀ ਪਸੰਦ ਨਹੀ।” ਮੈ ਦੱਸਿਆ, “ ਬੀਜ਼ੀ ਦਾਰ ਜੀ  ਇਹ ਚਾਹੁੰਦੇ ਨੇ।”
“ ਮਾਸੜ ਜੀ ਨੇ ਪੱਗ ਵਾਲਾ ਮੁੰਡਾ ਲੱਭਿਆ ਤਾਂ, ਪਰ ਪਤਾ ਲੱਗਾ ਤੁਸੀ ਨਾਹ ਕਰ ਦਿੱਤੀ।”
“ ਪਤਾ ਉਹ ਕਿੰਨਾ ਨੈਰਉ ਮਾਈਂਡਡ ਸੀ।”
“ ਕਿੰਨਾ?”
“ ਤੈਨੂੰ ਨਹੀ ਪਤਾ ਲੱਗਣਾ,ਛੱਡ ਪਰੇ ਜਿਹਦੇ ਰਾਹ ਨਹੀ ਜਾਣਾ,ਉਹਦੇ ਕੋਹ ਕਿਉਂ ਗਿਨਣੇ,ਮਤਲਵ ਉਹਦੀ ਗੱਲ ਵੀ ਕੀ ਕਰਨੀ।”
“ ਤੁਹਾਡੇ ਬਾਰੇ ਮੈ ਆਪਣੀਆਂ ਸਹੇਲੀਆਂ ਨਾਲ ਵੀ ਗੱਲ ਕੀਤੀ ਸੀ ਕਿ ਮੇਰੀ ਭੈਣ ਜੀ ਲਈ ਕੋਈ ਪੱਗ ਵਾਲਾ ਮੁੰਡਾ ਚਾਹੀਦਾ ਆ।”
“ ਹੋਈ ਕੋਈ ਰਿਸ਼ਤਾ ਕਰਾਉਣ ਨੂੰ ਤਿਆਰ।”
“ ਨਾ ਉਹ ਤਾਂ ਹੱਸ ਪਈਆਂ, ਕਿਹੰਦੀਆਂ ਤੇਰੀ ਭੈਣ ਜੀ ਕਿਹੜੇ ਜ਼ਮਾਨੇ ਵਿਚ ਤੁਰੀ ਫਿਰਦੀ ਆ।”
“ ਕਹਿ ਦੇਣਾ ਸੀ, ਉਸ ਜ਼ਮਾਨੇ ਵਿਚ ਜਦੋਂ ਸਿੱਖਾਂ ਨੇ ਸਿਰ ਦੇ ਕੇ ਦਸਤਾਰ ਸੰਭਾਲੀ ਸੀ।”
“ਉਹਨਾਂ ਨੂੰ ਜੇ ਪੱਗ ਦੀ ਕੀਮਤ ਦਾ ਪਤਾ ਹੁੰਦਾ ਤਾਂ ਹੱਸਦੀਆਂ ਨਾ।”
“ ਹਾਂ ਉਹਨਾਂ ਨੂੰ ਤਾਂ ਕੰਨਾਂ ਵਿਚ ਮੁੰਦਰਾ ਪਾਉਣ ਵਾਲੇ ਮੁੰਡੇ ਚੰਗੇ ਲੱਗਦੇ ਹੋਣਗੇ।”
“ ਇਸ ਤਰਾਂ ਦੇ ਮੁੰਡਿਆਂ ਦਾ ਸਟੈਡਡਰਡ ਤਾਂ ਕੋਈ ਹੁੰਦਾ ਨਹੀ।” ਸ਼ਰਨ ਨੇ ਮੱਥੇ ਉੱਪਰ ਵਲ ਪਾ ਕੇ ਕਿਹਾ, “ ਪੜ੍ਹੇ-ਲਿਖੇ ਮੁੰਡੇ ਕਦੇ ਵੀ ਕੰਨ ਵਿਚ ਮੁੰਦਰ ਨਹੀ ਪਾਉਣਗੇ, ਤੁਸੀ ਕਦੀ ਕਿਸੇ ਡਾਕਟਰ ਜਾਂ ਇੰਜ਼ਨੀਅਰ ਮੁੰਡੇ ਦੇ ਮੁੰਦਰ ਪਾਈ ਦੇਖੀ?”
“ ਦੇਖੀ ਤਾਂ ਨਹੀ, ਪਰ ਮੈ ਇਹ ਵੀ ਨਹੀ ਕਹਿੰਦੀ ਕਿ ਮੁੰਦਰਾ ਪਾਉਣ ਵਾਲੇ ਮੁੰਡਿਆ ਦਾ ਦਿਲ ਮਾੜਾ ਹੁੰਦਾ ਆ।” ਮੈ ਆਪਣੇ ਵਿਚਾਰ ਦਿੱਤੇ, “ ਹੋ ਸਕਦਾ ਹੈ ਉਹ ਚੰਗੀਆਂ ਆਦਤਾ ਵਾਲੇ ਹੋਣ।”
“ ਭੈਣ ਜੀ, ਪਹਿਲਾਂ ਤਾਂ ਮੁੰਡੇ ਦਾ ਪਹਿਰਾਵਾ ਜਾਂ ਸ਼ਕਲ ਹੀ ਦੇਖੀ ਜਾਂਦੀ ਹੈ।” ਸ਼ਰਨ ਬੋਲੀ, “ ਆਦਤਾ ਦੀ ਗੱਲ ਤਾਂ ਬਾਅਦ ਦੀ ਆ।”
“ ਚਲੋ ਦੇਖਦੇ ਹਾਂ, ਕਦੋਂ ਆਪਾਂ ਨੂੰ ਚੰਗੀਆਂ ਸ਼ਕਲਾ ਤੇ ਚੰਗੇ ਪਹਿਰਾਵੇ ਵਾਲੇ ਲੜਕੇ ਮਿਲਦੇ ਨੇ।”
“ ਮੇਰਾ ਫਿਕਰ ਨਾ ਕਰੋ।” ਸ਼ਰਨ ਹੱਸਦੀ ਬੋਲੀ, “ ਮੇਰੇ ਕੋਲ ਬਥੇੜਾ ਟਾਈਮ ਹੈ ਮੁੰਡੇ ਚੁਨਣ ਲਈ, ਤੁਹਾਡੀ ਉਮਰ ਹੋਈ ਜਾਂਦੀ ਆ, ਤੁਸੀ ਜਲਦੀ ਕੁਝ ਕਰੋ।”
“ ਮੈਨੂੰ ਵੀ ਜਲਦੀ ਕਰਨ ਦੀ ਲੋੜ ਨਹੀ।” ਮੈ ਹੱਸਦੇ ਕਿਹਾ, “ ਇਹ ਕੈਨੇਡਾ ਆ, ਇੱਥੇ ਵਿਆਹ ਤੋਂ ਬਗੈਰ ਵੀ ਰਿਹਾ ਜਾ ਸਕਦਾ ਏ।ਅਰਾਮ ਨਾਲ ਅਪਾਰਟਮਿੰਟ ਲੈ ਕੇ ਰਹਾਂਗੀ।”
“ ਮਾਸੀ-ਮਾਸੜ ਜੀ ਨੇ ਤੁਹਾਨੂੰ ਇਕੱਲਿਆਂ ਕਦੀ ਵੀ ਨਹੀ ਰਹਿਣ ਦੇਣਾ।”
“  ਕਈ ਕੁਆਰੀਆਂ ਹੀ ਲੜਕਿਆ ਨਾਲ ਰਹੀ ਜਾ ਰਹੀਆਂ ਨੇ ਮੈਨੂੰ ਇੱਕਲੀ ਨੂੰ ਕਿਉਂ ਨਾ ਰਹਿਣ ਦੇਣਗੇ।”
“ ਮੈ ਤਾਂ ਇਕ ਨੂੰ ਹੀ ਜਾਣਦੀ ਹਾਂ।” ਸ਼ਰਨ ਦੱਸਣ ਲੱਗੀ, “ ਮਾਪਿਆ ਨਾਲ ਲੜਕੇ ਬੁਆਏ ਫਰੈਂਡ ਨਾਲ ਰਹਿਣ ਲੱਗ ਪਈ, ਮੁੜ ਕੇ ਛੇਤੀ ਮੁੰਡੇ ਨਾਲ ਲੜਾਈ ਹੋ ਪਈ, ਘਰਦਿਆਂ ਕੋਲ ਸ਼ਕਾਇਤ ਲੈ ਕੇ ਆਈ ਕਿ ਮੁੰਡੇ ਨੂੰ ਪੁੱਛੋ ਮੈਨੂੰ ਤੰਗ ਕਰਦਾ ਆ, ਉਹ ਕਹਿਣ ਲੱਗੇ ਕਿ ਅਸੀ ਵਿਆਹ ਕੇ ਨਹੀ ਸੀ ਤੋਰਿਆ ਜਿਹੜੀ ਪੰਚਾਇਤ ਲੈ ਜਾਈਏ, ਪੰਜਾਬੀ ਸਮਾਜ ਵਿਚ ਵਿਆਹ ਤੋਂ ਪਹਿਲਾਂ ਹੀ ਇਕੱਠੇ ਰਹਿਣ ਲਗ ਜਾਣ ਤਾਂ ਮਾਪਿਆ ਦਾ ਮਰਨ ਹੋ ਜਾਂਦਾ ਏ, ਤੂੰ ਆਪੇ ਹੀ ਸਿਜ, ਮੁੜ ਸਾਡੇ ਨਾ ਆਈ।”
“ ਉਹਦਾ ਵਿਚਾਰੀ ਦਾ ਤਾਂ ਉਹੀ ਹਾਲ ਹੋਇਆ ਕਿ ਆਪੇ ਫਾਥੜੀਰੇ ਤੈਨੂੰ ਕੋਣ ਛਡਾਵੇ।” ਮੈ ਕਿਹਾ, “ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਦੇ ਹੱਕ ਵਿਚ ਮੈ ਵੀ ਨਹੀ,ਵਿਆਹ ਹੀ ਇਕ ਐਸਾ ਬੰਧਨ ਹੈ ਜਿਹਦੇ ਵਿਚ ਬੱਝਿਆਂ ਕੁੜੀ ਇੱਜ਼ਤ ਨਾਲ ਲਾਈਫ ਇਨਜੁਆਏ ਕਰਦੀ ਪੇਕਿਆਂ ਅਤੇ ਸਹੁਰਿਆਂ ਤੋਂ ਮਾਨ-ਸਨਮਾਣ ਪ੍ਰਾਪਤ ਕਰ ਸਕਦੀ ਏ,ਨਹੀ ਤਾਂ ਉਸ ਦੀ ਉਹ ਹੀ ਹਾਲਤ ਹੋਵੇਗੀ, ਜਿਹੜੀ ਯਾਤਰੀ ਤੋਂ ਬਗ਼ੈਰ ਸਮਾਨ ਦੀ ਹੁੰਦੀ ਏ॥”
ਅਸੀ ਇਹ ਗੱਲਾਂ ਕਰ ਹੀ ਰਹੀਆਂ ਸਨ ਮੇਰੀ ਨਾਨੀ ਜੀ ਨੇ ਪਰਉ ਅਵਾਜ਼ ਮਾਰੀ, “ ਕੁੜੇ ਹਿੱਥੇ ਬੈਠੀਆਂ ਕੀ ਕਰਦੀਆਂ,  ਬਰੀ ਦਿਖਾਉਣ ਵਾਲੇ ਮਹਿਮਾਨ ਆ ਗਏ, ਆ ਕੇ ਬਰੀ ਦੇਖ ਲਵੋ।”
ਬਰੀ ਲਿਆਉਣ ਵਾਲੇ ਕੁਰਸੀਆ ‘ਤੇ ਸਜੇ ਬੈਠੇ ਦਿਸੇ,     ਮੇਰੀ ਬੀਜ਼ੀ, ਛੋਟੀ ਮਾਮੀ, ਡੈਲਟਾ ਵਾਲੀ ਮਾਸੀ, ਉਹਨਾਂ ਦੀ ਸੇਵਾ ਵਿਚ ਜੁਟੀਆਂ ਪਈਆਂ ਦੇਖ ਅਸੀ ਤਾਂ ਪਿੱਛੇ ਹੀ ਖਲੋ ਗਈਆਂ।
“ ਭੈਣ ਜੀ, ਪ੍ਰਹਾਉਣਿਆ ਵਿਚ ਰਾਈਟ ਹੈਂਡ ਬੈਠਾ ਪੱਗ ਵਾਲਾ ਮੁੰਡਾ ਦੇਖ।” ਸ਼ਰਨ ਨੇ ਹੌਲੀ ਅਜਿਹੀ ਮੇਰੇ ਕੰਨ ਵਿਚ ਕਿਹਾ, “ ਉਹਨੂੰ ਦੇਖਿਆਂ ਭੁੱਖ ਲਹਿੰਦੀ ਏ।”
“ ਭੁੱਖ ਤਾਂ ਤੇਰੀ ਲਹਿੰਦੀ ਏ ਮੈ ਕਿਉਂ ਦੇਖਾਂ।” ਮੈ ਚੋਰੀ ਅੱਖ ਨਾਲ ਮੁੰਡੇ ਨੂੰ ਦੇਖਦੇ ਕਿਹਾ, “ ਲੱਗਦਾ ਹੈ ਤੂੰ ਵੀ ਹੁਣ ਪੱਗ ਵਾਲੇ ਮੁੰਡੇ ਨਾਲ ਹੀ ਸ਼ਾਦੀ ਰਚਾਏਂਗੀ।”
“ ਧਿਆਨ ਨਾਲ ਦੇਖੋ, ਉਹ ਮੇਰੀ ਏਜ਼ ਦਾ ਨਹੀ ਤੁਹਾਡੀ ਏਜ਼ ਦਾ ਆ।”
“ ਮਾਨ ਨਾ ਮਾਨ, ਮੈ ਤੇਰਾ ਮਹਿਮਾਨ।” ਮੈ ਹੱਸਦੇ ਕਿਹਾ, “ ਮਲੋਜ਼ੋਰੀ ਮੇਰੇ ਹਾਣ ਦਾ ਬਣਾਈ ਚੱਲ।”
ਦੇਖ ਤਾਂ ਮੈ ਉਸ ਨੂੰ ਆਉਂਦਿਆਂ ਹੀ ਲਿਆ ਸੀ ਅਤੇ ਮੈਨੂੰ ਚੰਗਾ ਵੀ ਲੱਗਾ ਸੀ,ਪਰ ਕੀ ਪਤਾ ਕੌਣ ਆ ਵਿਆਹਿਆਂ ਜਾਂ ਕੁਆਰਾ, ਨਾਲੇ ਐਵੇ ਥੌੜ੍ਹਾ ਕਿਸ ਦੇ ਮਗਰ ਪਈਦਾ, ਇਹ ਸੋਚ ਕੇ ਮੈ ਆਪਣਾ ਧਿਆਨ ਉਸ ਵਲੋਂ ਹਟਾ ਕੇ, ਬਰੀ ਵਿਚ ਦਿਖਾਏ ਜਾਂਦੇ ਸੂਟਾਂ ਵੱਲ ਕਰ ਲਿਆ।
ਛੇਤੀ ਹੀ ਮੇਰੇ ਮਾਮੇ ਜੀ ਦਾ ਬੇਟਾ ਜਸਬੀਰ ਜਿਸ ਨੂੰ ਸਾਰੇ ਜੈਸ ਹੀ ਕਹਿੰਦੇ ਸੀ ਸ਼ਰਾਬ ਦੀਆਂ ਬੋਤਲਾਂ ਲੈ ਆਇਆ ਤਾਂ ਬਰੀ ਦਿਖਾਉਣ ਆਏ ਬੰਦਿਆਂ ਨੂੰ ਪੈਗ ਬਣਾ ਕੇ ਦੇਣ ਲੱਗਾ।ਮੈ ਲੁਕ ਕੇ ਦੇਖਿਆਂ ਤਾਂ ਪੱਗ ਵਾਲੇ ਮੁੰਡੇ ਨੇ ਬਹੁਤ ਹੀ ਸੋਹਣੇ ਢੰਗ ਨਾਲ ਨਾਂਹ ਕਰ ਦਿੱਤੀ।ਮੇਰੇ ਨਾਲ ਹੀ ਸ਼ਰਨ ਬੈਠੀ ਵੀ ਉਸ ਨੂੰ ਤਾੜ ਰਹੀ ਸੀ, ਉਸ ਨੇ ਕਹਿ ਵੀ ਦਿੱਤਾ, “ ਭੈਣ ਜੀ, ਉਹ ਸ਼ਰਾਬ ਵੀ ਨਹੀ ਪੀਂਦਾ।”
“ ਅੱਛਾ।”ਮੈ ਕਿਹਾ, “ ਕੀ ਪਤਾ ਉਹ ਉਸ ਤਰਾਂ ਪੀਦਾਂ ਹੋਵੇ, ਸਾਹਮਣੇ ਨਾਹ ਕਰ ਦਿੱਤੀ ਹੋਵੇ।”
“ ਪਰ ਜਿਹੜੇ ਪੀਂਦੇ ਹੋਣ ਉਹ ਇਸ ਤਰਾਂ ਨਾਹ ਘੱਟ ਹੀ ਕਰਦੇ ਨੇ।”
“ਐਵੇ ਨਾ ਉਧਰ ਦੇਖੀ ਜਾ।” ਮੈ ਸ਼ਰਨ ਨੂੰ ਕਿਹਾ, “ ਨਾਲੇ ਸਾਨੂੰ ਕੀ ਪੀਂਦਾ ਹੋਵੇ ਜਾਂ ਨਾ।”
“ ਤਹਾਨੂੰ ਨਾ ਹੋਵੇ, ਮੈਨੂੰ ਤਾਂ ਹੈ।” ਸ਼ਰਨ ਨੇ ਸਾਫ ਹੀ ਕਿਹਾ, “ ਮੈ ਤਾਂ ਮਾਸੀ ਜੀ ਨੂੰ ਕਹਿਣਾ ਪਤਾ ਕਰਨ ਇਹਦੇ ਬਾਰੇ।”
“ ਚੁੱਪ ਕਰ ਮੇਰੀਏ ਵਿਚੋਲਣੇ।” ਮੈ ਉਸ ਦੀ ਢੂਈ ਵਿਚ ਹੌਲੀ ਅਜਿਹੀ ਮਾਰ ਕੇ ਕਿਹਾ, “ ਬੰਦ ਕਰ ਅਜ਼ਨਵੀਆਂ ਬਾਰੇ ਗੱਲਾਂ ਕਰਨੀਆਂ।”
“ ਬਹੁਤੀ ਵਾਰੀ ਅਜ਼ਨਵੀ ਹੀ ਆਪਣੇ ਬਣ ਜਾਂਦੇ ਨੇ।”
“ ਮੈ ਚੱਲੀ ਤੇਰੇ ਕੋਲੋ ਉੱਠ ਕੇ।” ਇਹ ਕਹਿ ਕੇ ਮੈ ਉੱਥੇ ਜਾ ਕੇ ਖੜ੍ਹ ਗਈ ਜਿੱਥੇ ਜ਼ਨਾਨੀਆਂ ਭੰਗੜੇ ਦੇ ਗੀਤਾ ਨਾਲ ਨੱਚ ਰਹੀਆਂ ਸਨ।ਜੈਸ ਦੀ ਵਹੁਟੀ ਨੇ ਮੇਰੀ ਬਾਂਹ ਫੜ੍ਹ ਕੇ ਨੱਚਣ ਲਈ ਖਿਚ ਲਿਆ। ਮੈ ਹੌਲੀ ਹੌਲੀ ਨੱਚਣ ਲੱਗੀ । ਜੈਸ ਵਰੀ ਵਾਲੇ ਪ੍ਰਹਾਉਣਿਆਂ ਨੂੰ ਵੀ ਲੈ ਆਇਆ। ਦਸਤਾਰ ਵਾਲਾ ਮੁੰਡਾ ਗੰਭੀਰ ਜਿਹਾ  ਹੋਇਆ ਇਕ ਪਾਸੇ ਖਲੋ ਗਿਆ, ਪਰ ਕਦੀ ਕਦੀ ਮੁੰਗਧ ਜਿਹਾ ਮੁਸਕ੍ਰਾ ਪੈਂਦਾ।ਸ਼ਰਨ ਦੀ ਬੱਚੀ ਵੀ ਮੇਰੇ ਕੋਲ ਹੀ ਆ ਕੇ ਨੱਚਦੀ ਕਹਿਣ ਲੱਗੀ, “ ਤਹਾਨੂੰ ਦੇਖ ਕੇ ਮੁਸਕ੍ਰਾ ਪੈਂਦਾ ਆ।”
ਇਕ ਵਾਰ ਲੱਗਾ ਤਾਂ ਮੈਨੂੰ ਵੀ ਸੀ, ਪਰ ਮੈ ਸ਼ੁਅਰ ਨਹੀ ਸੀ।ਸ਼ਰਨ ਦੀ ਇਹ ਗੱਲ ਮੈਨੂੰ ਚੰਗੀ ਵੀ ਲੱਗੀ ਸੀ, ਪਰ ਫਿਰ ਵੀ ਕਹਿ ਦਿੱਤਾ, “ ਮੇਰੇ ਕੋਲ ਨੱਚਣਾ ਹੈ ਤਾਂ ਚੁੱਪ ਕਰਕੇ ਨੱਚ।”
ਪਰ ਉਹ ਕਿੱਥੋ ਚੁੱਪ ਹੋਵੇ ਬੋਲੀ, “ ਹੁਣ ਮਿਊਜ਼ਕ ਨਾਲ ਤੁਹਾਡਾ ਸਿਰ ਨਹੀ ਦੁੱਖਦਾ।” ਮੇਰਾ ਸਿਰ ਸੱਚੀ ਹੱਟ ਗਿਆ ਸੀ। ਇਸ ਲਈ ਮੈ ਕਿਹਾ, “ ਨਹੀ।”
“ ਮੇਰੀ ਗੱਲ ਮੰਨ ਜਾਉ, ਉਹ ਪੱਗ ਵਾਲੇ ਮੁੰਡੇ ਨਾਲ ਵਿਆਹ ਕਰਵਾ ਲਉ, ਸਾਰੀ ਉਮਰ ਸਿਰ ਨਹੀ ਦੁੱਖੇਗਾ।”
“ ਸੋਚਦੀ ਹਾਂ।” ਇਹ ਕਹਿ ਕੇ ਮੈ ਹੱਸ ਪਈ, ਦੇਖਾਂ ਤਾਂ ਉਹ ਸਰਦਾਰ ਸਾਹਿਬ ਵੀ ਮੁਸਕ੍ਰਾ ਰਹੇ ਸਨ।
ੳਦੋਂ ਹੀ ਜੈਸ ਦੇ ਸ਼ਰਾਬੀ ਦੋਸਤ ਵਿਚ ਆ ਕੇ ਤਮੱਚੜ ਜਿਹਾ ਪਾਉਣ ਲੱਗੇ। ਸਾਰੀਆਂ ਕੁੜੀਆਂ ਇਕ ਪਾਸੇ ਹੋ ਗਈਆਂ, ਮੈ ਅਤੇ ਸ਼ਰਨ ਤਾਂ ਖਲੋ ਹੀ ਗਈਆਂ। ਗਾਣਾ ਵੱਜਣ ਲਗਾ , ਮੇਰੇ ਜਿਹਾ ਗਭਰੂ ਕਿਤੇ ਨਹੀ ਲੱਭਣਾ’ ਗਾਣਾ ਲੱਗਣ ਦੀ ਦੇਰ ਹੀ ਸੀ ਕਿ ਇਕ ਹੋਰ ਮੁੰਡੇ ਨੇ ਜੋ ਬਰੀ ਲੈ ਕੇ ਆਉਣ ਵਾਲਿਆਂ ਵਿਚੋਂ ਹੀ ਸੀ ਅਵਾਜ਼ ਮਾਰੀ, “ ਜੀਤ, ਆ ਜਾ ਹੁਣ।”
ਦੇਖਾਂ ਤਾਂ ਉਹ ਦਸਤਾਰ ਵਾਲਾ ਮੁੰਡਾ ਭੰਗੜੇ ਦੇ ਨਿੱਕੇ ਨਿੱਕੇ ਮਨਮੋਹਣੇ ਸਟੈਪ ਪੇਸ਼ ਕਰਦਾ ਪਿੜ ਵਿਚ ਆ ਗਿਆ। ਮੈ ਸ਼ਰਨ ਵੱਲ ਦੇਖਿਆ ਤਾਂ ਉਹ ਆਪਣੇ ਭਰਵੱਟੇ ਅੱਖਾਂ ਦੇ ਨਾਲ ਹੀ ਘੁੰਮਾਉਂਦੀ ਹੱਸ ਪਈ।ਹੁਣ ਜਦੋਂ ਗੀਤ ਦੀ ਇਹ ਲਾਈਨ ‘ਮੇਰੇ ਜਿਹਾ ਗਭਰੂ ਕਿਤੇ ਨਹੀ ਲਭਣਾ’ ਆਈ ਤਾਂ ਜੀਤ ਸੱਚ-ਮੁੱਚ ਹੀ ਮੇਰੇ ਵੱਲ ਦੇਖ ਕੇ ਮੁਸਕ੍ਰਾ ਪਿਆ। ਉਸ ਦੀ ਇਹ ਹਰਕਤ ਭਾਂਵੇ ਮੈਨੂੰ ਚੰਗੀ ਲੱਗੀ ਸੀ, ਪਰ ਮੈ ਤਾਂ ਬਹੁਤ ਹੀ ਘਬਰਾ ਗਈ।ਕੈਨੇਡਾ ਵਿਚ ਭਾਂਵੇ ਛੋਟੀ ਹੁੰਦੀ ਆ ਗਈ ਸੀ, ਪਰ ਫਿਰ ਵੀ ਮੇਰੀ ਸੋਚ ਪੰਜਾਬੀ ਸਮਾਜ ਦੇ ਕਾਨੂੰਨਾ ਨਾਲ ਬੱਝੀ ਪਈ ਸੀ।ਅੰਗਰੇਜ਼ੀ ਸਮਾਜ ਵਾਂਗ ਬਿਨਾ ਵਜ੍ਹਾ ਮੁੰਡਿਆਂ ਨਾਲ ਦੋਸਤੀਆਂ ਪਾ ਥਾਂ ਥਾਂ ਘੁੰਮਣਾ ਮੈਨੂੰ ਚੰਗਾ ਨਹੀ ਸੀ ਲੱਗਦਾ।ਉਸ ਵਲੋਂ ਭੇਜੀ ਮੁਸਕ੍ਰਾਟ ਨਾਲ ਮੇਰੀਆਂ ਅੱਖਾਂ ਨੀਵੀਆਂ ਹੋਣ ਦੇ ਨਾਲ ਹੱਥ ਵੀ ਲਾਲ ਹੋ ਗਏ।ਸ਼ਰਨ ਨੇ ਮੇਰੀ ਹਾਲਤ ਭਾਪਦਿਆ ਕਿਹਾ, “ਉਸ ਦੇ ਮਸਕ੍ਰਾਉਣ ਨਾਲ ਹੀ ਤੁਹਾਡਾ ਇਹ ਹਾਲ ਹੋ ਗਿਆ, ਮੈ ਤਾਂ ਉਸ ਨਾਲ ਤੁਹਾਡੀ ਗੱਲ ਕਰਾਉਣ ਨੂੰ ਫਿਰਦੀ ਸੀ।”
“ ਮੈ ਨਹੀ ਕਿਸੇ ਨਾਲ ਗੱਲ ਕਰਨੀ।” ਮੈ ਮੱਥੇ ਤੇ ਆਈ ਤਰੇਲੀ ‘ਤੇ ਹੱਥ ਫੇਰਦਿਆਂ ਕਿਹਾ, “ ਸ਼ਕਲ ਦੇਖ ਕੇ ਜ਼ਿੰਦਗੀ ਦੇ ਕੀਤੇ ਫੈਂਸਲੇ ਬਹੁਤੇ ਸਹੀ ਨਹੀ ਨਿਕਲਦੇ।”
“ ਸ਼ਕਲ ਦੇਖ ਕੇ ਇਕ ਸਟੈਪ ਤਾਂ ਚੁਕੋ।” ਸ਼ਰਨ ਨੇ ਕਿਹਾ, “ ਅੱਗੇ ਅਕਲ ਦਾ ਵੀ ਪਤਾ ਲੱਗ ਜਾਵੇਗਾ।”
“ ਮੈਨੂੰ ਨਹੀ ਲੋੜ ਕਿਸੇ ਦੀ ਅਕਲ ਪਰਖਣ ਦੀ।”
“ ਕਿਸੇ ਦੀ ਤਾਂ ਨਹੀ, ਆਪਣੇ ਦੀ ਪਰਖਣੀ ਆ।” ਸ਼ਰਨ ਨੇ ਪੂਰੇ ਮੂਡ ਨਾਲ ਮੈਨੂੰ ਸਿਤਾਉਣ ਲਈ ਕਿਹਾ, “ ਮੈ ਤਾਂ ਉਸ ਨਾਲ ਤੁਹਾਡੇ ਬਾਰੇ ਜ਼ਰੂਰ ਗੱਲ ਕਰਾਂਗੀ।”
ਸ਼ਰਨ ਬੇਸ਼ੱਕ ਇਸ ਤਰਾਂ ਦੀਆ ਗੱਲਾਂ ਕਰੀ ਜਾਂਦੀ ਸੀ, ਪਰ ਮੈ ਡਰਦੀ ਨੇ ਮੁੜ ਆਪਣੀਆ ਅੱਖਾਂ ਜੀਤ ਵੱਲ ਨਾ ਕੀਤੀਆਂ।ੳਦੋਂ ਹੀ ਡੈਲਟੇ ਵਾਲੀ ਮਾਸੀ ਦੀ ਅਵਾਜ਼ ਸੁਣੀ, “ ਸ਼ਰਨ, ਪ੍ਰਹਾਉਣਿਆਂ ਨੂੰ ਅੰਦਰ ਡਾਈਨਇੰਗ ਟੇਬਲ ਤੇ ਲਿਜਾ ਕੇ ਰੋਟੀ ਖਵਾ ਦਿਉ।”
“ ਅਸੀ ਰੋਟੀ ਨਹੀ ਖਾਣੀ।” ਬਰੀ ਲੈ ਕੇ ਆਈ ਵਿਆਹ ਵਾਲੇ ਮੁੰਡੇ ਦੀ ਭਰਜਾਈ ਨੇ ਕਿਹਾ, “ ਸਾਡੇ ਘਰ ਵੀ ਬਹੁਤ ਸਾਰੇ ਗੈਸਟ ਆਏ ਹੋਏ ਨੇ, ਉਹ ਸਾਡੀ ਵੇਟ ਕਰਦੇ ਹੋਣਗੇ, ਵੀ ਆਰ ਗੋਇੰਗ ਨਾਉ।”
“  ਜਿਵੇ ਤੁਹਾਡੀ ਮਰਜ਼ੀ।” ਵੱਡੀ ਮਾਮੀ ਨੇ ਕਿਹਾ, “ ਸਵੇਰੇ ਟਾਈਮ ਨਾਲ ਗੁਰਦੁਆਰੇ ਪਹੁੰਚ ਜਾਇਉ।”
ਉਹਨਾਂ ਦੇ ਜਾਣ ਤੋਂ ਬਾਅਦ ਚੂੜੇ ਦੀ ਰਸਮ ਹੋਣ ਲੱਗੀ। ਜਦੋਂ ਸੋਨੀ ਦਾ ਮਾਮਾ ਉਸ ਦੇ ਮੂੰਹ ਵਿਚ ਸ਼ਗਨ ਦੇਣ ਲੱਗਾ ਤਾਂ ਮੇਰੀ ਛੋਟੀ ਮਾਮੀ ਬੋਲੀ, “ ਸੋਨੀ, ਆਪਣਾ ਜੂਠਾ ਸ਼ਗਨ ਸਿੰਮੀ ਨੂੰ ਵੀ ਦੇ ਇਸ ਦਾ ਵੀ ਵਿਆਹ ਹੋ ਜਾਵੇ।”
“ ਮਾ-ਮਾਮੀ ਜੀ।” ਮੈ ਸ਼ਰਮਿੰਦੀ ਅਜਿਹੀ ਹੁੰਦੀ ਨੇ ਕਿਹਾ, “ ਤੁਸੀ ਮੇਰੇ ਵਿਆਹ ਦੀ ਵਰੀ ਨਾ ਕਰੋ।”
“ ਸੱਚੀ,ਇਹਦਾ ਵਿਆਹ ਹੋਣਾ ਚਾਹੀਦਾ ਹੈ।” ਜ਼ਨਾਨੀਆਂ ਵਿਚੋਂ ਹੀ ਕਿਸੇ ਨੇ ਹੌਲੀ ਅਜਿਹੀ ਕਿਹਾ, “ ਹੁਣ- ਹੁਣ ਹੋ ਗਿਆ ਤਾਂ ਠੀਕ ਨਹੀ ਤਾਂ ਫਿਰ ਨਹੀ ਹੋਣਾ।”
“ ਮੁੰਡਾ ਹੀ ਕੋਈ ਨੱਕ ਹੇਠ ਨਹੀ ਆਉਂਦਾ।” ਕਿਸੇ ਹੋਰ ਨੇ ਹੌਲੀ ਅਵਾਜ਼ ਵਿਚ ਜ਼ਵਾਬ ਦਿੱਤਾ, “ ਵਿਆਹ ਕਿਹਦੇ ਨਾਲ ਹੋ ਜਾਵੇ।”
ਆਪਣੀਆਂ ਜ਼ਨਾਨੀਆਂ ਦੀਆਂ ਇਹ ਗੱਲਾਂ ਮੈਨੂੰ ਬਿਲਕੁਲ ਵੀ ਪਸੰਦ ਨਹੀ। ਕਿਸੇ ਦੀ ਮਜ਼ਬੂਰੀ ਨੂੰ ਕਦੀ ਸਮਝਨਾ ਨਹੀ, ਬਸ ਬੇਮਤਲਵੀਆ ਗੱਲਾਂ ਕਰੀ ਜਾਣੀਆਂ।ਮੈ ਹੋਰ ਗੱਲਾਂ ਨਹੀ ਸੀ ਸੁਨਣੀਆ ਚਾਹੁੰਦੀ।ਇਸ ਲਈ ਉੱਥੋ ਉਠ ਕੇ ਕਿਚਨ ਵਿਚ ਜਾ ਕੇ ਡੈਲਟੇ ਵਾਲੀ ਮਾਸੀ ਦੀ ਹੈਲਪ ਕਰਾਉਣ ਲੱਗ ਪਈ।
ਸਵੇਰੇ ਤਿਆਰ ਹੋਣ ਵਿਚ ਮੈ ਕੁਝ ਜ਼ਿਆਦਾ ਹੀ ਸਮਾ ਲਗਾ ਦਿੱਤਾ। ਦਾਰ ਜੀ ਨੇ ਕਹਿ ਵੀ ਦਿੱਤਾ, “ ਸਿੰਮੀ ਬੇਟਾ, ਅੱਗੇ ਤਾਂ ਝੱਟ ਤਿਆਰ ਹੋ ਜਾਂਦੀ ਸੀ, ਅੱਜ ਕਿਉਂ ਦੇਰ ਲਗਾ ਦਿੱਤੀ?”
ਮੈਨੂੰ ਤਾਂ ਆਪ ਨਹੀ ਸੀ ਸਮਝ ਆ ਰਹੀ ਕਿ ਅੱਜ ਆਪਣੇ-ਆਪ ਨੂੰ ਸਜਾਉਣ ਵਿਚ ਜ਼ਿਆਦਾ ਧਿਆਨ ਕਿਉਂ ਦੇ ਰਹੀ ਹਾਂ।ਦਾਰ ਜੀ ਦੇ ਕਹਿਣ ‘ਤੇ ਮੈ ਛੇਤੀ ਛੇਤੀ ਆਪਣੀ ਸਕਾਈ ਬਿਲਊ ਵੱਡੇ ਪੰਨੇ ਵਾਲੀ ਚੂਨੀ ਨੂੰ ਸੇਫਟੀ ਪਿੰਨ ਲਾ ਕੇ ਸਿਰ ਉੱਪਰ ਫਿਕਸ ਕੀਤਾ ਅਤੇ ਸੂਟ ਨਾਲ ਮੈਚ ਕਰਦਾ ਪਰਸ ਚੁਕ, ਬਾਹਰ ਕਾਰ ਵਿਚ ਉਡੀਕ ਕਰਦੇ ਦਾਰ ਜੀ ਅਤੇ ਬੀਜ਼ੀ ਨਾਲ ਜਾ ਬੈਠੀ।
ਜਾਂਦਿਆਂ ਨੂੰ ਸੋਨੀ ਤਿਆਰ ਬੈਠੀ ਸੀ, ਸਭ ਵਾਰੋ-ਵਾਰੀ ਉਸ ਨਾਲ ਫੋਟੋ ਖਿਚਾ ਰਹੇ ਸਨ। ਫੋਟੋਆਂ ਤੋਂ ਬਾਅਦ ਛੇਤੀ ਹੀ ਫੁੱਲਾਂ ਵਾਲੀਆ ਕਾਰਾਂ ਗੁਰਦੁਆਰੇ ਨੂੰ ਚੱਲ ਪਈਆਂ।ਗੁਰਦੁਆਰੇ ਦੀ ਲਾਟ ਵਿਚ ਹੀ ਮਿਲਣੀ ਦੀ ਰਸਮ ਲਈ ਸਭ ਖਲੋ ਗਏ ਅਤੇ ਮੇਰੀਆਂ ਅੱਖਾਂ ਆਪਣੇ-ਆਪ ਹੀ ਜੰਝ ਵੱਲ ਚਲੇ ਗਈਆਂ। ਸਾਹਮਣੇ ਹੀ ਜੀਤ ਕਾਲੇ ਕੀਮਤੀ ਪੈਂਟ-ਕੋਟ ਵਿਚ ਖਲੋਤਾ ਨਜ਼ਰ ਆਇਆ। ਕਮੀਜ਼ ਨਾਲ ਮਿਲਦੀ ਉਸ ਦੀ ਦਸਤਾਰ ਬਾਕੀ ਸਿਰਾਂ ਵਿਚੋਂ ਉੱਚੀ ਲੱਗੀ।ਸ਼ਰਨ ਨੇ ਮੇਰੇ ਕੰਨ ਵਿਚ ਕਿਹਾ ਵੀ, “ ਅੱਜ ਤਾਂ ਕੱਲ ਨਾਲੋ ਵੀ ਲੰਮਾ ਲੱਗਦਾ ਆ।”
“ ਹੀਲ ਵਾਲੇ ਬੂਟ ਪਾਏ ਹੋਣੇ ਆ।” ਮੈ ਹੱਸਦੀ ਨੇ ਕਿਹਾ, “ ਆਪਾਂ ਨੂੰ ਇਮਪਰੈਸ ਕਰਨ ਲਈ।”
“ ਆਪਾਂ ਨੂੰ ਨਹੀ ਸਿਰਫ ਤੁਾਹਨੂੰ।”
“ ਚੁੱਪ ਕਰ।” ਮੈ ਗੁਰਦੁਆਰੇ ਦੇ ਅੰਦਰ ਦਾਖਲ ਹੁੰਦੇ ਕਿਹਾ, “ ਇਹੋ ਜਿਹੀਆਂ ਗੱਲਾਂ ਗੁਰਦੁਆਰੇ ਆ ਕੇ ਨਹੀ ਕਰੀਦੀਆਂ।”
“ ਦਿਲਾਂ ਦੀ ਸਾਂਝ ਨੂੰ ਪਰਪੱਕ ਕਰਨ ਲਈ ਵਿਆਹ ਤਾਂ ਗੁਰਦੁਆਰੇ ਹੀ ਹੁੰਦੇ ਨੇ।”ਸ਼ਰਨ ਨੇ ਸਿਰ ‘ਤੇ ਚੁੰਨੀ ਲੈਂਦਿਆਂ ਹੱਸਦੇ ਕਿਹਾ, “ਬਾਬਾ ਜੀ, ਕ੍ਰਿਪਾ ਕਰਨ, ਤੁਹਾਡੀ ਸਾਂਝ ਵੀ ਅੱਜ ਪੈ ਹੀ ਜਾਵੇ।”
ਸ਼ਰਨ ਦੀ ਗੱਲ ਦਾ ਮੈਨੂੰ ਕੋਈ ਜ਼ਵਾਬ ਨਹੀ ਸੁੱਝਿਆ ਅਤੇ ਮੈ ਚੁੱਪ-ਚਾਪ ਲੰਗਰ ਹਾਲ ਵੱਲ ਬਾਕੀਆਂ ਦੇ ਨਾਲ ਚਾਹ-ਪਕੌੜਿਆਂ ਦਾ ਅਨੰਦ ਲੈਣ ਤੁਰ ਪਈ।
ਲਾਵਾਂ ਵੇਲੇ ਅਸੀ ਸੋਨੀ ਦੇ ਪਿੱਛੇ ਹੀ ਬੈਠੀਆਂ ਹੋਣ ਕਾਰਨ ਇਧਰ-ਉਧਰ ਦੇਖਣਾ ਮੁਨਾਸਿਬ ਨਹੀ ਸਮਝਿਆ।
ਲੰਗਰ ਲੈਣ ਲਈ ਸ਼ਰਨ ਮੇਰੇ ਅੱਗੇ ਸੀ, ਦੇਖਾਂ ਤਾਂ ਉਸ ਦੇ ਅੱਗੇ ਜੀਤ ਅਤੇ ਇਕ ਹੋਰ ਮੁੰਡਾ ਖਲੋਤੇ ਸਨ। ਜੀਤ ਨੇ ਇਕਦਮ ਪਿੱਛੇ ਦੇਖਦਿਆਂ ਮੁਸਕ੍ਰਾਂਦਿਆ ਕਿਹਾ, “ ਆਪ ਸਾਡੇ ਤੋਂ ਅੱਗੇ ਹੋ ਜਾਉ।”
ਮੈ ਅਜੇ ਕੁਝ ਸੋਚ ਹੀ ਰਹੀ ਸੀ ਕਿ ਸ਼ਰਨ ਨੇ ਕਹਿ ਵੀ ਦਿੱਤਾ, “ ਥੈਂਕਸ, ਆ ਜਾਉ ਸਿੰਮੀ ਭੈਣ ਜੀ ਆਪਾਂ ਅੱਗੇ ਹੋ ਜਾਈਏ।”
“ ਇਹਨਾਂ ਦਾ ਨਾਮ ਸਿੰਮੀ ਹੈ।” ਜੀਤ ਨੇ ਮੇਰੇ ਵੱਲ ਦੇਖ ਕੇ ਪੁੱਛਿਆ, “ ਸਰੀ ਵਿਚ ਹੀ ਰਹਿੰਦੇ ਹੋ।”
“ ਹਾਂ ਜੀ।” ਸ਼ਰਨ ਬੋਲੀ, “ ਤੁਸੀ ਕਿੱਥੇ ਰਹਿੰਦੇ ਹੋ?”
“ ਮੈ ਸਿਆਟਲ ਤੋਂ ਹਾਂ।”
“ ਬਹੁਤ ਖੁਸ਼ੀ ਹੋਈ ਆਪ ਜੀ ਨੂੰ ਮਿਲ ਕੇ।” ਸ਼ਰਨ ਨੇ ਕਿਹਾ, “ ਸਿਆਟਲ ਬਹੁਤ ਸੋਹਣਾ ਸ਼ਹਿਰ ਹੈ।”
“ ਤੁਸੀ ਇਕੱਲੇ ਹੀ ਖੁਸ਼ ਹੋਏ।” ਜੀਤ ਨੇ ਸਿਧਾ ਹੀ ਕਹਿ ਦਿੱਤਾ, “ਜਾਂ ਤੁਹਾਡੀ ਭੈਣ ਜੀ ਵੀ ”
“ ਨਾਈਸ ਟੂ ਮੀਟ ਜੂ।” ਮੇਰੇ ਮੂੰਹੋ ਆਪਣੇ-ਆਪ ਹੀ ਨਿਕਲ ਗਿਆ, “ਤੁਸੀ ਵਿਆਹ ਅਟੈਂਡ ਕਰਨ ਲਈ ਅਮਰੀਕਾ ਤੋਂ ਆਏ ਹੋ।”
“ ਤੁਸੀ ਤਾਂ ਅਮਰੀਕਾ ਇਸ ਤਰਾਂ ਕਿਹਾ ਜਿਵੇ ਮੈ ਬਹੁਤ ਦੂਰੋਂ ਆਇਆ ਹੋਵਾਂ।” ਜੀਤ ਨੇ ਹੱਸ ਕੇ ਕਿਹਾ, “ ਸਰੀ ਅਤੇ ਸਿਆਟਲ ਦਾ ‘ਡਿਸਟੈਂਸ’ ਹੈ ਹੀ ਕਿੰਨਾ।”
“ ਫਰਕ ਤਾਂ ਕੁਝ ਵੀ ਨਹੀ।” ਸ਼ਰਨ ਨੇ ਕਿਹਾ, “ਹਾਂ ਜੀ, ਦੇ ਆਰ ਵੈਰੀ ਕਲੋਜ਼।”
ਜੀਤ ਨੇ ਮੈਨੂੰ ਦੇਖਦਿਆ ਮੁਸਕ੍ਰਾ ਕੇ ਕਿਹਾ,” ਇਹਨਾਂ ਸ਼ਹਿਰਾਂ ਦੇ ਸਿਟੀਜਨਜ਼ ਨੂੰ ਵੀ ਕਲੋਜ਼ ਹੋਣਾ ਚਾਹੀਦਾ ਏ।”ਜੀਤ ਵਲੋਂ ਲਾਈ ਗੱਲ ਦਾ ਮੈ ਕੋਈ ਜ਼ਵਾਬ ਨਹੀ ਦਿੱਤਾ, ਪਰ ਸ਼ਰਨ ਨੇ ਜ਼ਰੂਰ ਜਾਅ,ਜਾਅ(ਹਾਂ) ਕਿਹਾ।
ਕੈਨੇਡਾ ਵਿਚ ਜਿਵੇ ਰਿਵਾਜ਼ ਹੀ ਹੈ ਵਿਆਹ ਤੋਂ ਬਾਅਦ ਨਵਾ ਜੋੜਾ ਆਪਣੇ ਮਿਤਰਾਂ ਨਾਲ ਪਾਰਕ ਵਿਚ ਜਾਂਦਾ ਹੀ ਹੈ, ਲੰਗਰ ਛਕਣ ਤੋਂ ਬਾਅਦ ਅਸੀ ਵੀ ਸੋਨੀ ਨਾਲ ਚੱਲ ਪਈਆਂ।
ਪਾਰਕ ਵਿਚ ਘੁੰਮਦਿਆਂ ਜੀਤ ਸਾਡੇ ਨਾਲ ਤੁਰਦਾ ਕਹਿਣ ਲੱਗਾ, “ ਇਸ ਪਾਰਕ ਵਿਚ ਸਾਰੇ ਫੁੱਲ ਸਹੋਣੇ ਨੇ, ਪਰ ਫਿਰ ਵੀ ਹਰ ਇਕ ਨੂੰ ਕੋਈ ਖਾਸ ਫੁੱਲ ਜ਼ਿਆਦਾ ਹੀ ਪਿਆਰਾ ਹੁੰਦਾ ਆ।”
“ ਤੁਹਾਨੂੰ ਕਿਹੜਾ ਫੁੱਲ ਪਸੰਦ ਹੈ?” ਮੇਰੇ ਪੁੱਛਣ ਤੋਂ ਪਹਿਲਾਂ ਹੀ ਸ਼ਰਨ ਬੋਲ ਪਈ, “ ਆਈ ਲਾਈਕ ਰੋਜ਼(ਗੁਲਾਬ)।”
“ ਜਿਹੜਾ ਫੁੱਲ ਮੈਨੂੰ ਪਸੰਦ ਹੈ, ਉਹ ਅੱਜਕਲ੍ਹ ਦੇ ਫੁੱਲਾਂ ਤੋਂ ਵੱਖਰਾ ਹੈ।”
ਮੇਰੇ ਨਾਲ ਸ਼ਰਨ ਵੀ ਇਹ ਗੱਲ ਸਮਝ ਗਈ ਅਤੇ ਹੱਸਦੀ ਹੋਈ ਬੋਲੀ, “ ਨਾਮ ਤਾਂ ਦੱਸੋ।”
“ ਠਹਿਰ ਕੇ ਦਸਾਂਗਾਂ।” ਜੀਤ ਨੇ ਕਿਹਾ, “ ਵਾਏ ਦਾ ਵੇ, ਸਿੰਮੀ ਜੀ ਤੁਸੀ ਅੱਜਕਲ੍ਹ ਕੀ ਕਰਦੇ ਹੋ।”
“ ਹੋਸਪਿਟਲ ਵਿਚ ਜੋਬ ਕਰਦੀ ਹਾਂ।” ਮੈ ਕਿਹਾ, “ ਤੁਸੀ ਕੀ ਕਰਦੇ ਹੋ?”
“ ਸੋਫਟਵਿਅਰ ਵਿਚ ਕੰਮ ਕਰਦਾ ਹਾਂ।”
“ ਤੁਸੀ ਅਜੇ ਅਨਮੈਰਿਡ ਹੀ ਹੋ।” ਸ਼ਰਨ ਵਿਚੋ ਹੀ ਬੋਲ ਪਈ, “ ਜਾਂ…?”
“ ਸਾਡੇ ਖਿਆਲਾਂ ਦੀ ਕੁੜੀ ਹੀ ਨਹੀ ਮਿਲ ਰਹੀ।”ਜੀਤ ਇਕਦਮ ਬੋਲਿਆ, “ ਨਹੀ ਤਾਂ ਹੁਣ ਨੂੰ ਦੋ ਤਿੰਨ ‘ਕਿਡਜ਼’ ਵੀ ਹੁੰਦੇ।”
“ ਕਿਸ ਤਰਾਂ ਦੀ ਕੁੜੀ ਭਾਲਦੇ ਹੋ।” ਸ਼ਰਨ ਨੇ ਪੁੱਛਿਆ, “ ਸ਼ਾਇਦ ਅਸੀ ਤੁਹਾਡੀ ਕੋਈ ਹੈਲਪ ਕਰ ਸਕੀਏ।”
“ ਖਾਨਦਾਨੀ ਕੁੜੀ, ਆਪਣੇ ਰੀਤ-ਰੀਵਾਜ਼ਾ ਸੰਸਕਾਰਾ ਬਾਰੇ ਪਤਾ ਹੋਵੇ, ਪੰਜਾਬੀ ਸੋਸਾਈਟੀ ਦੀਆ ਹੱਦਾ ਵਿਚ ਰਹਿ ਕੇ ਗੋਰਿਆਂ ਵਿਚ ਵੀ ਰਸਪੈਕਟ ਰੱਖੇ।” ਜੀਤ ਨੇ ਮੇਰੇ ਮੂੰਹ ਵੱਲ ਦੇਖ ਕੇ ਕਿਹਾ, “ ਉਸ ਦੀ ਗੱਲ-ਬਾਤ ਅਤੇ ਚਾਲ ਤੋਂ ਸਾਊਪੁਣੇ ਦੀ ਝਲਕ ਪਵੇ।”
“ ਲਉ ਜੀ, ਇਹ ਗੱਲਾਂ ਤਾਂ ਮੇਰੀ ਭੈਣ ਜੀ ਵਿਚ ਵੀ ਨੇ।”
“ ਤੁਹਾਡੀ ਭੈਣ ਜੀ ਨੂੰ ਦੇਖ ਹੀ ਤਾਂ ਇਹ ਗੱਲਾਂ ਮੈ ਕੀਤੀਆਂ ਨੇ।” ਜੀਤ ਨੇ ਫਿਰ ਸਿਧਾ ਕਹਿ ਦਿੱਤਾ,” ਪਰ, ਪਤਾ ਨਹੀ ਤੁਹਾਡੀ ਭੈਣ ਜੀ ਨੂੰ ਕਿਹੋ ਜਿਹਾ…?”
“ ਤੁਹਾਡੇ ਵਰਗਾ ਹੀ।” ਸ਼ਰਨ ਵਿਚੋਂ ਬੋਲੀ, “ ਰਾਈਟ ਭੈਣ ਜੀ।”
ਮੈ ਹੈਰਾਨ-ਪਰੇਸ਼ਾਨ ਹੋਈ ਸੰਗ ਨਾਲ ਇਕੱਠੀ ਹੀ ਹੋ ਗਈ ਅਤੇ ਹੌਲੀ ਅਜਿਹੀ ਇੰਨਾ ਹੀ ਕਿਹਾ, “ ਸ਼ਰਨ, ਤੈਨੂੰ ਪਤਾ ਹੀ ਹੈ ਕਿ  ਮੈ ਦਾਰ ਜੀ ਅਤੇ ਬੀਜ਼ੀ ਦੀ ਸਲਾਹ ਤੋਂ ਬਗੈਂਰ…।”
“ ਅੱਜ ਰੀਸੈਪਸ਼ਨ ਵਿਚ ਹੀ ਮਾਸੀ ਜੀ ਅਤੇ ਮਾਸੜ ਜੀ ਨੂੰ ਵੀ ਇਹਨਾਂ ਨਾਲ ਮਿਲਾ ਦੇਣਾ ਹੈ।” ਸ਼ਰਨ ਨੇ ਕਿਹਾ, “ ਰਾਈਟ ਭਾਜੀ।”
“ ਹਾਂ ਜੀ, ਜ਼ਰੂਰ।” ਜੀਤ ਨੇ ਸ਼ਰਨ ਨਾਲ ਹਾਈ ਫਾਈਵ ਕਰਦੇ ਕਿਹਾ, “ ਮੇਰੇ ਮੱਮੀ ਵੀ ਆਏ ਹੋਏ ਨੇ, ਅਸੀ ਆਪਣੀ ਮੱਮੀ ਦੇ ਦੋ ਹੀ ਬੱਚੇ ਹਾਂ,ਸਿਸਟਰ ਵੱਡੀ ਹੈ ਉਸ ਦੀ ਮੈਰਿਜ਼ ਹੋ ਚੁੱਕੀ ਹੈ।”
“ ਕਿੱਥੇ ਨੇ ਤੁਹਾਡੇ ਮੱਮੀ?”
“ ਸਾਡੇ ਭੂਆ ਜੀ ਸਰੀ ਹੀ ਰਹਿੰਦੇ ਨੇ।” ਜੀਤ ਨੇ ਦੱਸਿਆ, “ ਉਹ ਉਹਨਾਂ ਵੱਲ ਚਲੇ ਗਏ, ਅਤੇ ਮੈ ਆਪਣੇ ਫਰੈਂਡ ਦੇ ਵਿਆਹ ਆ ਗਿਆ।”
ਸ਼ਰਨ ਅਤੇ ਜੀਤ ਆਪ ਹੀ ਸਵਾਲ ਜ਼ਵਾਬ ਕਰਦੇ ਰਹੇ।ਵਿਆਹ ਵਾਲਾ ਜੋੜਾ ਅਤੇ ਬਾਕੀ ਗਰੁੱਪ ਕਾਫੀ ਅੱਗੇ ਨਿਕਲ ਗਿਆ।ਕਿਸੇ ਨੇ ਜੀਤ ਨੂੰ ਅਵਾਜ਼ ਮਾਰੀ ਅਤੇ ਛੇਤੀ ਆਉਣ ਲਈ ਕਿਹਾ।
“ ਉ.ਕੇ ਜੀ।” ਜੀਤ ਨੇ ਕਿਹਾ, “ ਸੀ ਜੂ ਲੇਟਰ।”
ਉਸ ਦੇ ਜਾਣ ਦੀ ਹੀ ਦੇਰ ਸੀ ਕਿ ਸ਼ਰਨ ਮੇਰੇ ਨਾਲ ਲਿਪਟਦੀ ਕਹਿਣ ਲੱਗੀ, “ ਭੈਣ ਜੀ, ਆਈ ਐਮ ਵੈਰੀ ਹੈਪੀ, ਲੈਟਸ ਗੋ, ਮਾਸੀ- ਮਾਸੜ ਜੀ ਨੂੰ ਵੀ ਜਾ ਕੇ ਨਿਊਜ਼ ਦਈਏ।”
ਘਰ ਜਾਂਦਿਆਂ ਹੀ ਸ਼ਰਨ ਬੀਜ਼ੀ ਅਤੇ ਦਾਰ ਜੀ ਨੂੰ  ਵੱਡੀ ਮਾਮੀ ਦੇ ਮਾਸਟਰ  ਬੈਡ ਰੂਮ ਵਿਚ ਲੈ ਆਈ ਅਤੇ ਬੋਲੀ, “ ਮਾਸੀ ਜੀ, ਮੈ ਭੈਣ ਜੀ ਲਈ ਮੁੰਡਾ ਲਭ ਲਿਆ।”
“ ਕਿੱਥੇ।” ਬੀਜ਼ੀ ਚਾਅ ਅਜਿਹੇ ਨਾਲ ਬੋਲੇ, “ ਕੌਣ ਆ?”
“ ਕੋਈ ਵੀ ਹੋਵੇ ਤੁਹਾਨੂੰ ਜ਼ਰੂਰ ਪਸੰਦ ਆਵੇਗਾ।” ਸ਼ਰਨ ਨੇ ਦੱਸਿਆ, “ ਉਸ ਦੀ ਤਾਂ ਥਿੰਕਇੰਗ ਵੀ ਭੈਣ ਜੀ ਵਰਗੀ ਆ।”
“ ਬੇਟਾ, ਤੈਨੂੰ ਪਸੰਦ  ਹੈ।” ਦਾਰ ਜੀ ਨੇ ਪੁੱਛਿਆ, “ ਉਸ ਬਾਰੇ ਕੁਝ ਪਤਾ ਵੀ ਹੈ।”
ਮੇਰੇ ਥਾਂ ਤੇ ਸ਼ਰਨ ਅਕਸਾਈਟਿਡ ਹੋਈ ਬੋਲੀ ਜਾ ਰਹੀ ਸੀ, “ ਸਭ ਕੁੱਝ ਪਤਾ ਕਰ ਲਿਆ, ਤੁਹਾਨੂੰ ਰਾਤ ਨੂੰ ਪਾਰਟੀ ਤੇ ਉਸ ਨਾਲ ਮਿਲਾ ਦੇਣਾ ਹੈ।”
“ ਠੀਕ ਹੈ ਪਾਰਟੀ ‘ਤੇ ਅਸੀ ਉਸ ਨੂੰ ਮਿਲ ਲਵਾਂਗੇ।” ਬੀਜ਼ੀ ਨੇ ਸ਼ਰਨ ਨੂੰ ਕਿਹਾ, “ ਅਜੇ ਇਸ ਬਾਰੇ ਕਿਸੇ ਕੋਲ ਗੱਲ ਨਾ ਕਰੀ।”
ਇਸ ਤਰਾਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਡੈਲਟੇ ਵਾਲੀ ਮਾਸੀ ਨੇ ਅਵਾਜ਼ ਮਾਰੀ, “ ਸੋਨੀ ਦੀ ਡੋਲੀ ਤੁਰਨ ਲੱਗੀ ਆ, ਆ ਜਾਉ।”
ਡੋਲੀ ਲੈਣ ਆਏ ਮਹਿਮਾਨਾ ਵੱਲ ਮੈ ਧਿਆਨ ਮਾਰਿਆ ਤਾਂ ਜੀਤ ਉਹਨਾਂ ਵਿਚ ਨਹੀ ਸੀ।ਮੈ ਸ਼ਰਨ ਨੂੰ ਕਿਹਾ, “ ਜੀਤ ਆਇਆ ਹੀ ਨਹੀ।”
“ ਪਾਰਟੀ ਲਈ ਖਾਸ ਤਿਆਰੀ ਕਰਦਾ ਹੋਣਾ, ਤਾਂ ਜੋ ਮਾਸੀ- ਮਾਸੜ ਜੀ ਦਾ ਦਿਲ ਜਿਤ ਸਕੇ।”
ਉਹੀ ਹੀ ਗੱਲ ਹੋਈ, ਜਦੋਂ ਅਸੀ ਪਾਰਟੀ ਵਿਚ  ਪਹੁੰਚੇ ਤਕਰੀਬਨ ਸਭ ਲੋਕੀ ਆ ਚੁੱਕੇ ਸਨ। ਮੇਰੀਆਂ ਨਜ਼ਰਾ ਜੀਤ ਨੂੰ ਲੱਭਦੀਆਂ ਕੋਰਨਰ ਵਿਚ ਟਿਕ ਗਈਆਂ।ਬਗੈਰ ਪੱਗ ਦੇ ਜੀਤ ਦਾ ਸਿਰ ਦੇਖ ਕੇ ਮੇਰੀਆਂ ਅੱਖਾਂ ਅੱਗੇ ਤਾਰੇ ਘੁੰਮਣ ਲੱਗੇ, ਮੈ ਜਿਵੇ ਬੌਂਦਲ ਗਈ ਹੋਵਾਂ, ਆ ਕੀ ਹੋਇਆ?ਸ਼ਰਨ ਮੇਰੇ ਕੋਲ ਬੈਠੀ ਮੇਰੇ ਕੰਨ ਵਿਚ ਕਹਿਣ ਲੱਗੀ, “ ਭੈਣ ਜੀ, ਜੀਤ ਭਾਜੀ ਤਾਂ ਕਿਤੇ ਦਿਸਦਾ ਹੀ ਨਹੀ।”
“ ਐਵੇ ਨਾ ਲੋਕਾਂ ਨੂੰ ਭਾਜੀ ਬਣਾ ਲਿਆ ਕਰ।”ਮੈ ਖਿਝ ਕੇ ਕਿਹਾ, “ ਸਾਹਮਣੇ ਲੈਫਟ ਹੈਂਡ ਕੋਰਨਰ ਵਿਚ ਦੇਖ ਕੌਣ ਆ।”
“ਉ ਮਾਈ ਗੋਡ, ਉਹਦੀ ਪੱਗ ਕਿੱਥੇ ਗਈ?”
“ ਕੀ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰੀ ਜਾਂਦੀਆਂ ਹੋ।” ਬੀਜ਼ੀ ਨੇ ਪੁੱਛਿਆ, “ ਜਿਹੜਾ ਮੁੰਡਾ ਤਹਾਨੂੰ ਪਸੰਦ ਆਇਆ ਸੀ, ਉਹ ਦਿਖਾਉ ਤਾਂ ਸਹੀ।”
“ ਅਸੀ ਲਭਦੀਆਂ ਹਾਂ ਉਹਨੂੰ।” ਸ਼ਰਨ ਨੇ ਬੀਜ਼ੀ ਦੇ ਅੱਗੇ ਆਲੂੰ ਟਿਕੀਆਂ ਵਾਲੀ ਪਲੇਟ ਕਰਦੇ ਕਿਹਾ, “ ਮਾਸੀ ਜੀ ਤੁਸੀ ਆ ਖਾਉ।”
“ ਅਸੀ ਵਾਸ਼ਰੂਮ ਜਾ ਕੇ ਆਈਆਂ।” ਮੈ ਆਪਣੀ ਕੁਰਸੀ ਤੋਂ ਉੱਠਦੇ ਕਿਹਾ, “ ਸ਼ਰਨ ਆ ਜਾ ਤੂੰ ਵੀ ਮੇਰੇ ਨਾਲ।”
“ ਹੁਣ ਘਰੋ ਆਈਆਂ, ਵਾਸ਼ਰੂਮ ਵੀ ਤੁਰ ਪਈਆਂ।” ਵੱਡੀ ਮਾਮੀ ਬੋਲੀ, “ ਮੇਕੱਪ ਠੀਕ ਕਰਨ ਚੱਲੀਆਂ ਹੋਣੀਆਂ।”
ਪਹਿਲਾਂ ਵਾਂਗ ਹੀ ਮਾਮੀ ਨੂੰ ਅਣਸੁਣਿਆ ਕਰਦੀਆਂ ਚੁੱਪ-ਚਾਪ ਤੁਰ ਪਈਆਂ।ਜੀਤ ਨੇ ਸਾਨੂੰ ਦੇਖ ਲਿਆ ਅਤੇ ਸਾਡੇ ਮਗਰ ਹੀ ਆ ਗਿਆ। ਉਸ ਨੂੰ ਦੇਖ ਕੇ ਅਸੀ ਹਾਲ ਤੋਂ ਬਾਹਰ ਆ ਗਈਆਂ। ਪਾਰਕਿੰਗ ਵਿਚ ਰੁਕੱਦੇ ਉਸ ਨੇ ਪੁੱਛਿਆ, “ ਕੀ ਗੱਲ ਹੋਈ, ਤੁਸੀ ਵਾਪਸ ਜਾ ਰਹੀਆਂ ਹੋ, ਤੁਸੀ ਤਾਂ ਕਿਹਾ ਸੀ ਪੇਰੈਂਟਸ ਨਾਲ ਮਿਲਾਵਾਂਗੇ।”
“ ਜੋ ਵੀ ਅਸੀ ਕਿਹਾ ਸੀ।” ਐਤਕੀ ਮੈ ਸ਼ਰਨ ਤੋਂ ਪਹਿਲਾਂ ਹੀ ਬੋਲ ਪਈ, “ ਉਸ ਨੂੰ ਭੁੱਲ ਜਾਉ।”
“ ਕਿਉਂ?” ਜੀਤ ਨੇ ਪੁੱਛਿਆ, “ ਆਰ ਜੂ ਜੋਕਿੰਗ?”
“ ਨੋ ਆਈ ਐਮ ਨੋਟ ਜੋਕਿੰਗ।”
“ ਵਟ ਡੂ ਜੂ ਮੀਨ।”
ਸਾਨੂੰ ਇਸ ਤਰਾਂ ਗੱਲਾਂ ਕਰਦਿਆਂ ਦੇਖ ਸ਼ਰਨ ਬੋਲੀ, “ ਐਕਚਲੀ, ਜੋ ਅਸੀ ਸੋਚਿਆ ਉਹ ਨਹੀ ਹੋਇਆ।”
“ ਕੀ ਨਹੀ ਹੋਇਆ।” ਜੀਤ ਨੇ ਪੁੱਛਿਆ,” ਤੁਹਾਡੇ ਪੇਰੈਂਟਸ  ਐਗਰੀ ਨਹੀ ਹੋਏ।”
“ ਅਸੀ ਤਾਂ ਸੋਚਿਆ ਸੀ ਕਿ ਤੁਸੀ ਸਰਦਾਰ ਹੋ।” ਸ਼ਰਨ ਨੇ ਸਿਧਾ ਹੀ ਕਿਹਾ, “ ਪੱਗ ਬੰਨਦੇ ਹੋ।”
“ ਸਿਰਫ ਏਨੀ ਗੱਲ ਲਈ ਠੁਕਰਾ ਰਹੇ ਹੋ।” ਜੀਤ ਨੇ ਕਿਹਾ, “ਪੱਗ ਬੰਨਣ ਦਾ ਮੈਨੂੰ ਸ਼ੌਂਕ ਹੈ, ਇਸ ਲਈ ਕਦੀ ਕਦੀ ਪੱਗ ਬੰਨ ਲੈਂਦਾ ਹਾਂ।”
“ ਤੁਹਾਡੇ ਲਈ ਏਨੀ ਗੱਲ ਹੋਵੇਗੀ।” ਮੈ ਕਿਹਾ, “ ਮੇਰੇ ਲਈ ਬਹੁਤ ਵੱਡੀ ਹੈ।”
“ ਮੈਨੂੰ ਤਾਂ ਪਤਾ ਲੱਗਾ ਸੀ ਕਿ ਅੱਜਕਲ੍ਹ ਦੀਆਂ ਕੁੜੀਆਂ ਪੱਗ ਵਾਲੇ ਮੁੰਡੇ ਪਸੰਦ ਨਹੀ ਕਰਦੀਆਂ,ਆਪਣੇ ਵਲੋਂ ਮੈ ਹੋਰ ਸਹੋਣਾ ਦਿਸਣ ਲਈ ਪੱਗ ਨਹੀ ਬੰਨੀ।”
“ ਤੁਹਾਨੂੰ ਪਤਾ ਹੋਵੇਗਾ ਕਿ ਕਿਸੇ ਵੀ ਗੱਲ ਦੀ ਹੌਂਦ ਖਤਮ ਨਹੀ ਹੁੰਦੀ।” ਮੈ ਕਿਹਾ, “ ਜਿੱਥੇ ਕਈ ਕੁੜੀਆ ਨੂੰ ਦਸਤਾਰ ਤੋਂ ਬਿਨਾ ਮੁੰਡੇ ਚੰਗੇ ਲੱਗਦੇ ਹੋਣਗੇ, ਉੱਥੇ ਉਹ ਵੀ ਹਨ ਜੋ ਦਸਤਾਰ ਵਾਲੇ ਮੁੰਡੇ ਚਾਹੁੰਦੀਆਂ ਨੇ।”
“ ਤੁਹਾਡਾ ਮਤਲਵ ਜਿੱਥੇ ਹਨੇਰਾ ਏ ਉੱਥੇ ਚਾਨਣ ਵੀ, ਜਿੱਥੇ ਧੁੱਪ ਉਥੇ ਛਾਂ ਵੀ।” ਜੀਤ ਨੇ ਕਿਹਾ, “ ਮੈਨੂੰ ਤਾਂ ਬੜ੍ਹੀ ਖੁਸ਼ੀ ਹੋਈ ਤੁਹਾਡੀ ਗੱਲ ਸੁਣ ਕੇ, ਮੈ ਹਮੇਸ਼ਾ ਲਈ ਪੱਗ ਬੰਨ ਲੈਂਦਾ ਹਾਂ ਨਾਲੇ ਮੱਮੀ ਵੀ ਹੈਪੀ ਹੋ ਜਾਣਗੇ।”
“ ਭਾਜੀ, ਮਾਈਂਡ ਨਹੀ ਕਰਨਾ।” ਸ਼ਰਨ ਨੇ ਕਿਹਾ, “ ਹੁਣ ਨਾਲੋ ਤੁਸੀ ਪੱਗ ਵਿਚ ਜ਼ਿਆਦਾ ਹੈਂਡਸਮ ਲੱਗਦੇ ਸੀ।”
“ ਜੇ ਤੁਸੀ ਦਸਤਾਰ ਬੰਨਣ ਦਾ ਪਰੋਮਸ ਕਰਦੇ ਹੋ ਤਾਂ ਮੈ ਤੁਹਾਨੂੰ ਦਾਰ ਜੀ ਅਤੇ ਬੀਜ਼ੀ ਨਾਲ ਮਿਲਾਵਾਗੀ।”
“ ਹੱਦ ਹੋ ਗਈ ਰਾਂਝੇ ਨੇ ਹੀਰ ਖਾਤਰ, ਮੱਝਾਂ ਚੁਰਾਈਆ,ਤਖਤ ਹਜ਼ਾਰਾ ਛੱਡਿਆ ਮੈ ਦਸਤਾਰ ਨਹੀ ਬੰਨ ਸਕਦਾ।”
ਜੀਤ ਦੀ ਗੱਲ ਸੁਣ ਕੇ ਸ਼ਰਨ ਹੱਸ ਪਈ ਅਤੇ ਮੈ ਸ਼ਰਮਾ ਗਈ।ਜੀਤ ਫਿਰ ਬੋਲਿਆ, “ ਹੁਣ ਤਾਂ ਮਿਲਾ ਦਿਉ ਆਪਣੇ ਦਾਰ ਜੀ ਅਤੇ ਬੀਜ਼ੀ ਨਾਲ।”
“ਇਸ ਤਰਾਂ ਮੈ ਤੁਹਾਨੂੰ ਉਹਨਾਂ ਨਾਲ ਨਹੀ ਮਿਲਾ ਸਕਦੀ।” ਮੈ ਕਿਹਾ, “ ਪੱਗ ਵਿਚ ਹੀ ਮਿਲਾਵਾਗੀ।”
“ ਕਲ੍ਹ  ਨੂੰ ਅਸੀ ਵਾਪਸ ਚਲੇ ਜਾਣਾ ਹੈ।”
“ ਨੈਕਸ ਵੀਕਐਂਡ ਆ ਸਕਦੇ ਹੋ।” ਮੈ ਕਿਹਾ, “ ਨਾਲੇ ਸੋਨੀ ਦੇ ਵਿਆਹ ਦੇ ਫੰਕਸ਼ਨ ਵੀ ਕੰਪਲੀਟ ਹੋ ਜਾਣਗੇ।”
“ ਸ਼ੁਅਰ, ਮੇਰੀ ਦਾੜ੍ਹੀ ਵੀ ਆ ਜਾਵੇਗੀ, ਅੱਜ ਸ਼ਾਮੀ ਹੀ ਸ਼ੇਵ ਕੀਤੀ ਸੀ।”
ਹੱਸਦੇ-ਹਸਾਉਂਦੇ ਅਸੀ ਪਾਰਟੀ ਵਿਚ ਵਾਪਸ ਆ ਗਏ।ਆਪਣੇ ਟੇਬਲ ਕੋਲ ਪੁੰਹਚ ਕੇ ਸ਼ਰਨ ਨੇ ਬੀਜ਼ੀ ਦੇ ਕੰਨ ਲਾਗੇ ਜਾ ਕੇ ਕਿਹਾ, “ ਮੁੰਡੇ ਨੁੰ ਜ਼ਰੂਰੀ ਕੰਮ ਪੈ ਗਿਆ, ਉਹ ਸਿਆਟਲ ਨੂੰ ਮੁੜ ਗਿਆ, ਨੈਕਸ ਵੀਕਐਂਡ ‘ਤੇ ਆਪਣੀ ਮੱਮੀ ਨੂੰ ਨਾਲ ਲੈ ਕੇ ਆਵੇਗਾ।”
“ ਉਸ ਦਾ ਫੋਨ ਆਇਆ।” ਬੀਜ਼ੀ ਹੈਰਾਨੀ ਵਿਚ ਬੋਲੇ, “ ਵਿਆਹ ਦੇਖ ਕੇ ਹੀ ਮੁੜ ਗਿਆ।”
“ ਹਾਂਜੀ।”
ਫਿਰ ਉਸ ਵੀਕਐਂਡ ‘ਤੇ ਮੇਰੇ ਦਾਰ ਜੀ ਅਤੇ ਬੀਜ਼ੀ ਜੀਤ ਹੋਰਾਂ ਨੂੰ ਇਕ ਰੈਸਟੋਰੈਂਟ ਵਿਚ ਮਿਲੇ।ਦਾਰ ਜੀ ਜੀਤ ਨਾਲ ਗੱਲਬਾਤ ਕਰਕੇ ਖੁਸ਼ ਹੋਏ। ਜੀਤ ਦੇ ਮੱਮੀ ਨੇ ਮੈਨੂੰ ਸ਼ਗਨ ਵੀ ਦੇ ਦਿੱਤਾ। ਦੋਨੋ ਫੈਮਲੀਆ ਮੰਗਣੀ ਦੀ ਡੇਟ ਫਿਕਸ ਕਰਕੇ ਰੈਸਟੋਰੈਂਟ ਤੋਂ ਬਾਹਰ ਨਿਕਲੀਆਂ ਤਾਂ ਬੀਜ਼ੀ ਨੇ ਮੇਰੇ ਕੰਨ ਕੋਲ ਹੱਸਦਿਆ ਕਿਹਾ, “ ਸੋਨੀ ਦੇ ਜੂਠੇ ਸ਼ਗਨ ਦਾ ਬਹੁਤ ਛੇਤੀ ਅਸਰ ਹੋ ਗਿਆ।”
ਪਰ ਬੀਜ਼ੀ ਨੂੰ ਕੀ ਪਤਾ ਸੀ ਕਿ ਕਾਰਜ ਤਾਂ ਦਸਤਾਰ ਕਰਕੇ ਸਿਰੇ ਚੜ੍ਹਿਆ।

This entry was posted in ਕਹਾਣੀਆਂ.

One Response to ਦਸਤਾਰ

  1. Karuninder Singh says:

    eh story parh ke bahut hi maan mehsoos hoia apne sikh hon te .es story nu parh ke agar merian do char sisters vi sedh lai lain ta bahut prapti hai.bahut khoob lehk
    hai

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>