ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਕੀਤੀਆਂ ਤਿੰਨ ਹਾਕੀ ਅਕਾਦਮੀਆਂ ਦੇ ਖਿਡਾਰੀਆਂ ਨੂੰ 100 ਹਾਕੀ ਕਿੱਟਾਂ ਵੰਡੀਆਂ, ਜਿਨ੍ਹਾਂ ਵਿੱਚ 12 ਕਿੱਟਾਂ ਗੋਲਕੀਪਰਾਂ ਲਈ ਤਿਆਰ ਕਰਵਾਈਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਭਰ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ ਤੇ ਬੱਚਿਆਂ ਨੂੰ ਨਸ਼ਾਖੋਰੀ ਤੇ ਪਤਿਤਪੁਣੇ ਤੋਂ ਬਚਾਉਣ ਅਤੇ ਨਿਰੋਈ ਸਿਹਤ ਨੂੰ ਧਿਆਨ ‘ਚ ਰੱਖਦਿਆਂ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਖੇਡਾਂ ਦਾ ਵੀ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾ ਕਬੱਡੀ ਦੀ ਟੀਮ ਤਿਆਰ ਕੀਤੀ ਤੇ ਹੁਣ ਦੇਸ਼ ਦੀ ਕੌਮਾਤਰੀ ਖੇਡ ਹਾਕੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਤਿੰਨ ਹਾਕੀ ਅਕਾਦਮੀਆਂ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ਵਿਖੇ ਸਥਾਪਤ ਕੀਤੀਆਂ ਗਈਆਂ ਸਨ ਜਿਨ੍ਹਾਂ ਲਈ 1200 ਸੌ ਦੇ ਕਰੀਬ ਬੱਚਿਆਂ ਨੇ ਟਰਾਇਲ ਦਿੱਤੇ ਤੇ ਉਨ੍ਹਾਂ ਵਿੱਚੋਂ 93 ਬੱਚੇ ਹੀ ਇਹਨਾਂ ਅਕਾਦਮੀਆਂ ਲਈ ਚੁਣੇ ਗਏ ਸਨ ਨੂੰ ਹਾਕੀ ਕਿੱਟਾਂ ਵੰਡੀਆਂ ਗਈਆਂ। ਹਰੇਕ ਕਿੱਟ ਵਿੱਚ ਦੋ ਟੀ-ਸ਼ਰਟਸ, ਦੋ ਜੋੜੇ ਸਪੋਰਟਸ ਬੂਟ, ਇੱਕ ਹਾਕੀ, ਦੋ ਬਾਲਾਂ, ਇੱਕ ਵਿਬਜ਼, ਇੱਕ ਛਿਨ ਗਾਰਡ, ਦੋ ਜੁਰਾਬਾਂ ਦੇ ਜੋੜੇ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਵਧੀਆ ਕੋਚਿਗ ਲਈ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਹਾਕੀ ਕੋਚ ਐਕਸੋਟਰਫ ਤੇ ਵੀ ਸਖਤ ਮਿਹਨਤ ਕਰਵਾ ਰਹੇ ਹਨ ਤੇ ਬਹੁਤ ਜਲਦੀ ਹੀ ਸਾਡੀਆਂ ਸਾਬਤ ਸੂਰਤ ਹਾਕੀ ਦੀਆਂ ਟੀਮਾਂ ਗਰਾਉਂਡਾਂ ਵਿੱਚ ਹੋਰ ਟੀਮਾਂ ਨਾਲ ਮੈਚ ਖੇਡਣ ਲਈ ਗਰਾਉਂਡ ਵਿੱਚ ਹੋਣਗੀਆਂ। ਜੋ ਇਹਨਾਂ ਅਕਾਦਮੀਆਂ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਹਨਾਂ ਖਿਡਾਰੀਆਂ ਨੂੰ ਚੰਗੀ ਖੇਡ ਦੀ ਸਿਖਲਾਈ ਦੇ ਨਾਲ-ਨਾਲ ਮਿਆਰੀ ਵਿੱਦਿਆ ਵੀ ਦੇਵੇਗੀ। ਇਸ ਦੇ ਇਲਾਵਾ ਇਨ੍ਹਾਂ ਖਿਡਾਰੀਆਂ ਦੀ ਰਿਹਾਇਸ਼, ਖਾਣਾ, ਹਾਕੀ ਕਿੱਟਾਂ ਤੇ ਪੜ੍ਹਾਈ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਸਹਿਣ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚ ਹਰੇਕ ਸਾਲ ਖਾਲਸਾਈ ਖੇਡ ਉਤਸਵ ਕਰਵਾਇਆ ਜਾਂਦਾ ਹੈ ਤੇ ਅੱਗੋਂ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਬਤ-ਸੂਰਤ ਸਿੱਖ ਖਿਡਾਰੀਆਂ ਦੀਆਂ ਹਾਕੀ ਟੀਮਾਂ ਤਿਆਰ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਖਿਡਾਰੀ ਪਤਿਤ ਹੋਣਗੇ ਉਨ੍ਹਾਂ ਨੂੰ ਇਹਨਾਂ ਟੀਮਾਂ ਵਿੱਚ ਨਹੀਂ ਲਿਆ ਜਾਵੇਗਾ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਮਿਆਰੀ ਵਿੱਦਿਆ ਦੇ ਨਾਲ-ਨਾਲ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਅੱਜ ਸਾਬਤ-ਸੂਰਤ ਨੌਜਵਾਨ ਪੀੜ੍ਹੀ ਅਤੇ ਸਿਹਤਮੰਦ ਸਿੱਖ ਖਿਡਾਰੀਆਂ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਉਹ ਦੇਸ਼-ਵਿਦੇਸ਼ ਵਿੱਚ ਕੌਮ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਮਾਪਿਆਂ ਤੇ ਅਧਿਆਪਕਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਚੰਗੇ ਗੁਣਾਂ ਦੇ ਧਾਰਨੀ ਬਨਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਨ। ਇਸ ਲਈ ਉਹ ਆਪਣਾ ਫਰਜ ਪਛਾਣਦੇ ਹੋਏ ਜਿਥੇ ਬੱਚਿਆਂ ਨੂੰ ਉਚੀ ਤੇ ਮਿਆਰੀ ਵਿਦਿਆ ਦੇਣ ਵਿੱਚ ਯਕੀਨ ਰੱਖਦੇ ਹਨ ਉਥੇ ਉਨਾਂ ਨੂੰ ਪਤਿਤਪੁਣੇ ਤੇ ਨਸ਼ਿਆਂ ਤੋਂ ਬਚਾ ਕੇ ਉਚਾ-ਸੁੱਚਾ ਗੁਰਸਿੱਖੀ ਜੀਵਨ ਜਿਉਂਣ ਵੱਲ ਵੀ ਪ੍ਰੇਰਤ ਕਰਨ।
ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਤਪਰ ਹੈ ਤੇ ਪਹਿਲਾਂ ਨਾਲੋਂ ਪਿੰਡਾਂ ‘ਚ ਇਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਨੇ ਪੰਜਾਬ ਤੇ ਇਸ ਤੋਂ ਬਾਹਰਲੇ ਸੂਬਿਆਂ ‘ਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਸਿੱਖ ਧਰਮ ਬਾਰੇ ਮੁਢਲੀ ਜਾਣਕਾਰੀ ਤੋਂ ਇਲਾਵਾ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ ‘ਚ ਦਸਤਾਰ ਮੁਕਾਬਲੇ ਵੀ ਕਰਵਾਏ ਸਨ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਪੱਤਰਕਾਰਾਂ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਲਾਲਚ ਵੱਸ ਹੋ ਕੇ ਜੇਕਰ ਕੋਈ ਵਿਅਕਤੀ ਧਰਮ ਪਰਿਵਰਤਨ ਕਰਦਾ ਹੈ ਤਾਂ ਉਹ ਧਰਮੀਂ ਨਹੀਂ ਹੋ ਸਕਦਾ। ਧਰਮੀ ਉਹੀ ਵਿਅਕਤੀ ਹੁੰਦਾ ਹੈ ਜਿਸ ਦੀ ਆਤਮਾਂ ਅੰਦਰੋਂ ਅਵਾਜ਼ ਦੇਵੇ। ਗੁਰਦੁਆਰਾ ਦਮਦਮਾਂ ਸਾਹਿਬ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ) ਦੀ ਕਾਰਸੇਵਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਚਲਦੀ ਕਾਰਸੇਵਾ ਤਸੱਲੀਬਖਸ਼ ਨਾ ਹੋਣ ਕਰਕੇ ਇਹ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰੇਕ ਲੋੜਵੰਦ ਦੀ ਸਹਾਇਤਾ ਕਰਦੀ ਹੈ ਪਿਛਲੇ ਦਿਨੀ ਖਵਾਜਾ ਗਰੀਬ ਮੁਸਲਿਮ ਟ੍ਰਸਟ ਲੁਧਿਆਣਾ ਵੱਲੋਂ ਕੀਤੀ ਮੰਗ ਤੇ ਮਸਜਿਦ ਤੇ ਮਦਰੱਸਾ ਲਈ ਠੰਡੇ ਪਾਣੀ ਵਾਲੀ ਮਸ਼ੀਨ ਖਰੀਦ ਕੇ ਦਿਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਈਂ ਮੀਆਂ ਪੁਸਤਕ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਲਈ ਕਿਤਾਬਾਂ, ਅਲਮਾਰੀਆਂ ਤੇ ਏ.ਸੀ. ਆਦਿ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਲੱਖ ਰੁਪਏ ਸਹਾਇਤਾ ਦੇਣੀ ਪ੍ਰਵਾਨ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਪਾਸੋਂ ਲਈ ਜਾਂਦੀ ਪਾਰਕਿੰਗ ਫੀਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪਾਰਕਿੰਗ ਫੀਸ ਨਹੀਂ ਲਈ ਜਾਵੇਗੀ ਤਾਂ ਇਮਾਰਤ ਦੀ ਸਾਂਭ-ਸੰਭਾਲ ਕਿਸ ਤਰ੍ਹਾਂ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਕਿੰਗ ਫੀਸ ਨਾ ਘਾਟਾ ਤੇ ਨਾ ਹੀ ਵਾਧੇ ਦੇ ਰੂਪ ‘ਚ ਹੀ ਲੈਣੀ ਚਾਹੀਦੀ ਹੈ।