ਨਵੀਂ ਦਿੱਲੀ- ਡਾਲਰ ਦੇ ਮੁਕਾਬਲੇ ਰੁਪੈ ਦੇ ਮੂਧੇ ਮੂੰਹ ਡਿੱਗਣ ਕਰਕੇ ਗਲੋਬਲ ਮਾਰਕਿਟ ਵਿੱਚ ਭਾਰਤ ਦੀ ਨਿਵੇਸ਼ ਸਾਖ ਤੇ ਖਤਰਾ ਮੰਡਰਾਉਣ ਲਗਾ ਹੈ। ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਰੁਪੈ ਦੀ ਕਮਜੋਰ ਸਥਿਤੀ ਨੂੰ ਵੇਖਦੇ ਹੋਏ ਭਾਰਤ ਦੀ ਰੇਟਿੰਗ ਤੇ ਖਤਰੈ ਦੀ ਚਿਤਾਵਨੀ ਦੇ ਦਿੰਤੀ ਹੈ। ਭਾਰਤ ਦੀ ਰੇਟਿੰਗ ਪਹਿਲਾਂ ਹੀ ਸੁਰੱਖਿਅਤ ਨਿਵੇਸ਼ ਦੇ ਪੈਮਾਨੇ ਦੇ ਹਿਸਾਬ ਨਾਲ ਪਹਿਲਾਂ ਹੀ ਹੇਠਲੇ ਪੱਧਰ ਤੇ ਹੈ।
ਵਿਦੇਸ਼ੀ ਨਿਵੇਸ਼ ਦੇ ਵੱਡੇ ਐਲਾਨਾਂ ਅਤੇ ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਪਿਆ ਡਿੱਗ ਰਿਹਾ ਹੈ। ਏਨਾ ਹੀ ਨਹੀਂ ਰਿਜ਼ਰਵ ਬੈਂਕ ਦੀ 120,00 ਕਰੋੜ ਤਾਜ਼ਾ ਬਾਂਡ ਵਿਕਰੀ ਵੀ ਫਸਦੀ ਨਜ਼ਰ ਆ ਰਹੀ ਹੈ।ਰੁਪੈ ਦੀ ਗਿਰਾਵਟ ਨੂੰ ਰੋਕਣ ਲਈ ਆਰਬੀਆਈ ਨੇ ਜੋ ਵੀ ਐਮਰਜੰਸੀ ਕਦਮ ਉਠਾਏ ਹਨ, ਸੱਭ ਬੇਅਸਰ ਸਾਬਿਤ ਹੋ ਰਹੇ ਹਨ।ਆਰਬੀਆਈ ਨੇ ਬਾਜ਼ਾਰ ਵਿੱਚ ਸੱਟੇਬਾਜ਼ੀ ਰੋਕਣ ਲਈ ਵਿਆਜ ਦਰਾਂ ਵਿੱਚ ਵਾਧਾ ਕੀਤਾ ਸੀ। ਪਰ ਨਿਵੇਸ਼ਕ ਉਚੇ ਵਿਆਜ ਦੀ ਦਰ ਮੰਗ ਰਹੇ ਹਨ। ਇਸ ਕਰਕੇ ਰੀਜ਼ਰਵ ਬੈਂਕ ਵੱਲੋਂ ਬੋਲੀਆਂ ਨਕਾਰੇ ਜਾਣ ਦੀ ਖ਼ਬਰ ਹੈ।
ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਹੈ ਕਿ ਰਾਜਕੋਸ਼ੀ ਚੁਣੌਤੀਆਂ ਅਤੇ ਰੁਪੈ ਵਿੱਚ ਆ ਰਹੀ ਗਿਰਾਵਟ ਮਿਲ ਕੇ ਭਾਰਤ ਦੀ ਰੇਟਿੰਗ ਨੂੰ ਖਤਰੇ ਵਿੱਚ ਪਾ ਰਹੀਆਂ ਹਨ। ਏਜੰਸੀ ਅਨੁਸਾਰ ਡਾਲਰ ਦੇ ਮੁਕਾਬਲੇ ਰੁਪੈ ਦੀ ਕਮਜੋਰੀ ਨੂੰ ਰੋਕਣ ਦੇ ਯਤਨ ਇੱਕ ਸੀਮਾਂ ਤੱਕ ਹੀ ਸਫਲ ਹੋ ਸਕਦੇ ਹਨ।ਇਸ ਦਾ ਕਾਰਣ ਉਚਾ ਵਪਾਰਿਕ ਘਾਟਾ ਅਤੇ ਭਾਰਤੀ ਬਾਜ਼ਾਰਾਂ ਵਿੱਚ ਘੱਟ ਰਿਹਾ ਵਿਦੇਸ਼ੀ ਨਿਵੇਸ਼ ਹੈ। ਮੂਡੀਜ਼ ਨੇ ਹੁਣ ਤੱਕ ਭਾਰਤ ਦੀ ਰੇਟਿੰਗ ਦਾ ਆਊਟਲੁਕ ਸਥਿਰ ਰੱਖਿਆ ਹੋਇਆ ਹੈ, ਜਦੋਂ ਕਿ ਰੇਟਿੰਗ ਟ੍ਰਿਪਲ ਬੀ3 ਹੈ। ਇਹ ਰੇਟਿੰਗ ਦਾ ਸੱਭ ਤੋਂ ਹੇਠਲਾ ਪੱਧਰ ਹੈ।