ਨਵੀਂ ਦਿੱਲੀ- ਕਾਂਗਰਸ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਵੱਲੋਂ ਕੈਂਪੇਨ ਕਮੇਟੀ ਦੇ ਪ੍ਰਧਾਨ ਨਰੇਂਦਰ ਮੋਦੀ ਨੂੰ ਉਸ ਦੇ ਹੀ ਰਾਜ ਵਿੱਚ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ।ਰਾਹੁਲ ਦੀ ਟੀਮ ਨੇ ਮੋਦੀ ਨੂੰ ਠੁਸ ਕਰਨ ਲਈ ਗੁਜਰਾਤ ਵਿੱਚ ਹੀ ਉਸ ਦੇ ਖਿਲਾਫ਼ ‘ਪੋਲ ਖੋਲ੍ਹ’ ਮੁਹਿੰਮ ਚਲਾਉਣ ਦਾ ਫੈਸਲਾ ਕਰ ਲਿਆ ਹੈ।
ਗੁਜਰਾਤ ਵਿੱਚ ਮੋਦੀ ਦੁਆਰਾ ਕੀਤੇ ਜਾ ਰਹੇ ਵਿਕਾਸ ਨੂੰ ਬਹੁਤ ਹੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਾਂਗਰਸ ਵੀ ਮੋਦੀ ਦੇ ਬਖੀਏ ਉਧੇੜਨ ਦੀ ਤਾਕ ਵਿੱਚ ਹੈ। ਲੋਕ ਸੱਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਮੋਦੀ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ ਗੁਜਰਾਤ ਵਿੱਚ ਅੰਦੋਲਨ ਚਲਾ ਕੇ ਵਿਕਾਸ ਦੇ ਨਾਂ ਤੇ ਮੋਦੀ ਦੇ ਝੂਠੇ ਦਾਅਵਿਆਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਗੁਜਰਾਤ ਸਿੱਖਿਆ ਦੇ ਮਾਮਲੇ ਵਿੱਚ ਕਿੰਨਾ ਪੱਛੜਿਆ ਹੋਇਆ ਹੈ, ਕੁਪੋਸ਼ਣ, ਬਾਲ ਮ੍ਰਿਤੂ ਦਰ ਦੇ ਅੰਕੜੇ ਅਤੇ ਐਨਆਰਐਚਐਮ ਵਿੱਚ ਘੋਟਾਲੇ ਆਦਿ ਮੁੱਦਿਆਂ ਤੇ ਪਾਰਟੀ ਵਰਕਰ ਸਚਾਈ ਤੋਂ ਜਾਣੂੰ ਕਰਵਾਉਣਗੇ। ਰਾਜ ਵਿੱਚ ਦੰਗਿਆਂ ਅਤੇ ਘੱਟ-ਗਿਣਤੀ ਦੀ ਮਾੜੀ ਸਥਿਤੀ ਸਬੰਧੀ ਵੀ ਮੋਦੀ ਨੂੰ ਘੇਰਿਆ ਜਾਵੇਗਾ।
ਮੋਦੀ ਆਪਣੇ ਆਪ ਨੂੰ ਸੋਸ਼ਲ ਨੈਟਵਰਕਿੰਗ ਸਾਈਟਸ ਦੁਆਰਾ ਜਿਆਦਾ ਹਾਈਲਾਈਟ ਕਰ ਰਿਹਾ ਹੈ। ਕਾਂਗਰਸ ਵੀ ਸਾਈਬਰ ਮਾਹਿਰਾਂ ਨੂੰ ਹਾਇਰ ਕਰ ਰਹੀ ਹੈ। ਹਰ ਰਾਜ ਵਿੱਚ ਦਸ-ਦਸ ਕਾਂਗਰਸੀਆਂ ਨੂੰ ਦੋ ਦਿਨ ਦੀ ਆਈਟੀ ਟਰੇਨਿੰਗ ਦਿੱਤੀ ਜਾਵੇਗੀ।ਰਾਹੁਲ ਇਸ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵੇਖੋ, ਕਾਂਗਰਸ ਇਸ ਮਿਸ਼ਨ ਵਿੱਚ ਕਿਸ ਹਦ ਤੱਕ ਸਫਲ ਹੁੰਦੀ ਹੈ।