ਲੁਧਿਆਣਾ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੇ ਵਾਈਸ ਚਾਂਸਲਰ ਡਾ: ਨਛੱਤਰ ਸਿੰਘ ਮੱਲ੍ਹੀ ਨੇ ਅੱਜ ਆਪਣੀ ਲੁਧਿਆਣਾ ਫੇਰੀ ਦੌਰਾਨ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਇੰਜੀਨੀਅਰਿੰਗ, ਮੈਨੇਜਮੈਂਟ, ਐਜੂਕੇਸ਼ਨ, ਕੰਪਿਊਟਰ ਸਿੱਖਿਆ, ਸਰੀਰਕ ਸਿੱਖਿਆ ਬਾਰੇ ਜਿਥੇ ਪੋਸਟ ਗਰੈਜੂਏਟ ਪੱਧਰ ਦੀ ਪੜ੍ਹਾਈ ਦਾ ਪ੍ਰਬੰਧ ਹੈ ਉਥੇ ਪਿਛਲੇ ਤਿੰਨ ਸਾਲਾਂ ਤੋਂ ਬੀ ਐਸ ਸੀ ਖੇਤੀਬਾੜੀ ਚਾਰ ਸਾਲਾ ਪ੍ਰੋਗਰਾਮ 10+2 ਤੋਂ ਬਾਅਦ ਅਤੇ ਛੇ ਸਾਲਾ ਪ੍ਰੋਗਰਾਮ 10ਵੀਂ ਤੋਂ ਬਾਅਦ ਕਰਵਾਏ ਜਾ ਰਹੇ ਹਨ। ਇਸੇ ਦੌਰਾਨ ਹਾਰਟੀਕਲਚਰ ਅਤੇ ਐਗਰੋਨੌਮੀ ਵਿੱਚ ਐਮ ਐਸ ਸੀ ਪੱਧਰ ਦੀ ਸਿੱਖਿਆ ਦਾ ਵੀ ਪ੍ਰਬੰਧ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਦੀ ਸਿੱਖਿਆ ਲਈ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਦੇਸ਼ ਦੇ ਹੋਰ ਉਚੇਰੇ ਖੇਤੀਬਾੜੀ ਗਿਆਨ ਕੇਂਦਰਾਂ ਨਾਲ ਸਹਿਯੋਗ ਕਰਕੇ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਮਿਆਰ ਤੇ ਲਿਜਾਣ ਲਈ ਯਤਨਸ਼ੀਲ ਹਨ।
ਡਾ: ਮੱਲ੍ਹੀ ਨੇ ਆਖਿਆ ਕਿ ਜਿਹੜੇ ਲਾਇਕ ਵਿਦਿਆਰਥੀਆਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਵੇਸ਼ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕੀਤੀ ਹੈ ਉਨ੍ਹਾਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪਹਿਲ ਦੇ ਆਧਾਰ ਤੇ ਦਾਖਲਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਡਾ: ਮੱਲ੍ਹੀ ਨੇ ਦੱਸਿਆ ਕਿ ਯੋਗ ਫੈਕਲਟੀ ਰਾਹੀਂ ਖੇਤੀਬਾੜੀ ਖੋਜ ਵਿਕਾਸ ਅਤੇ ਅਧਿਆਪਨ ਤੋਂ ਇਲਾਵਾ ਬਾਗਬਾਨੀ ਅਤੇ ਨਰਮਾ ਪੱਟੀ ਦੀਆਂ ਸਮੱਸਿਆਵਾਂ ਸਮਝਣ ਅਤੇ ਕਿਸਾਨਾਂ ਨੂੰ ਸਿਖਿਅਤ ਕਰਨ ਲਈ ਵੀ ਸਰ ਰਤਨ ਟਾਟਾ ਟਰੱਸਟ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀਆਂ ਸੇਵਾਵਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਇਹ ਯੂਨੀਵਰਸਿਟੀ ਆਪਣਾ ਯੋਗਦਾਨ ਪਾਵੇਗੀ।
ਡਾ: ਮੱਲ੍ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚੋਂ ਪਹਿਲਾਂ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਫਿਰ ਪਸਾਰ ਸਿੱਖਿਆ ਨਿਰਦੇਸ਼ਕ ਅਤੇ ਸਰ ਰਤਨ ਟਾਟਾ ਟਰੱਸਟ ਦੇ ਖੇਤੀਬਾੜੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ 15 ਜੁਲਾਈ ਨੂੰ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲ ਚੁੱਕੇ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਵੀ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਨੇੜ ਭਵਿੱਖ ਵਿੱਚ ਮੀਡੀਆ ਸਟੱਡੀਜ਼ ਬਾਰੇ ਉਚੇਰਾ ਕੇਂਦਰ ਸਥਾਪਿਤ ਕਰਨ ਲਈ ਵੀ ਮੁੱਢਲੀ ਤਿਆਰੀ ਆਰੰਭ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਲਗਪਗ ਡੇਢ ਸੌ ਕਿਲੋਮੀਟਰ ਘੇਰੇ ਅੰਦਰ ਇਹ ਸਿੱਖਿਆ ਪ੍ਰਾਪਤ ਨਾ ਹੋਣ ਕਾਰਨ ਇਸ ਇਲਾਕੇ ਦੇ ਨੌਜਵਾਨਾਂ ਨੂੰ ਮੀਡੀਆ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਨਹੀਂ ਮਿਲ ਰਹੇ। ਇਸ ਕੇਂਦਰ ਦੀ ਸਥਾਪਨਾ ਨਾਲ ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲਗਵੇਂ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵੀ ਮੀਡੀਆ ਨਾਲ ਸਬੰਧਿਤ ਸਿੱਖਿਆ ਹਾਸਿਲ ਕਰਨ ਦਾ ਮੌਕਾ ਮਿਲੇਗਾ।