ਖਡੂਰ ਸਾਹਿਬ – ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਬੀ.ਏ. ਅਤੇ ਬੀ.ਐਸ.ਸੀ. ਭਾਗ ਦੂਜਾ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਬੀ.ਏ. ਭਾਗ ਦੂਜਾ ਦੇ ਨਤੀਜੇ ਵਿਚ ਤਿੰਨ ਵਿੱਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਵਿਚ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕੀਤੀ ਹੈ। ਮੈਰਿਟ ਵਿਚ ਥਾਂ ਬਣਾਉਣ ਵਾਲੇ ਵਿੱਦਿਆਰਥੀਆਂ ਜਗਦੀਪ ਸਿੰਘ ਸਪੁੱਤਰ ਸ. ਕਾਬਲ ਸਿੰਘ ਨੇ 71.25 ਫ਼ੀਸਦ, ਸੁਖਬੀਰ ਸਿੰਘ ਸਪੁੱਤਰ ਸ. ਬਲਵਿੰਦਰ ਸਿੰਘ ਨੇ 69.75 ਫ਼ੀਸਦ ਅਤੇ ਜਗਰੂਪ ਕੌਰ ਸਪੁੱਤਰੀ ਸ. ਹਰਪਾਲ ਸਿੰਘ ਨੇ 69.12 ਫ਼ੀਸਦ ਅੰਕ ਹਾਸਲ ਕੀਤੇ ਹਨ। ਇਸ ਕਲਾਸ ਦੇ 26 ਵਿੱਦਿਆਰਥੀ ਪਹਿਲੇ ਦਰਜੇ ਵਿਚ ਅਤੇ 57 ਵਿੱਦਿਆਰਥੀ ਦੂਜੇ ਦਰਜੇ ਵਿਚ ਪਾਸ ਹੋਏ ਹਨ। ਉਧਰ ਬੀ.ਐਸ.ਸੀ. ਭਾਗ ਦੂਜਾ ਦੇ ਵਿੱਦਿਆਰਥੀਆਂ ਨੇ ਵੀ ਬੇਹੱਦ ਚੰਗੀ ਕਾਰਗੁਜਾਰੀ ਦਿਖਾਈ ਹੈ। ਇਸ ਦੀਆਂ ਵਿੱਦਿਆਰਥਣਾਂ ਰੁਪਿੰਦਰ ਕੌਰ ਨੇ 74.75 ਫ਼ੀਸਦ, ਸੁਖਮਨਪ੍ਰੀਤ ਕੌਰ ਨੇ 73.12 ਫ਼ੀਸਦ ਅਤੇ ਸੁਖਦੀਪ ਕੌਰ ਨੇ 66.62 ਫ਼ੀਸਦ ਅੰਕ ਹਾਸਲ ਕਰਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਬਾਬਾ ਸੇਵਾ ਸਿੰਘ ਨੇ ਇਸ ਪ੍ਰਾਪਤੀ ਲਈ ਕਾਮਯਾਬ ਵਿੱਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਕਾਲਜ ਦੀ ਇਸ ਗੌਰਵਮਈ ਪਰੰਪਰਾ ਦੇ ਜਾਰੀ ਰਹਿਣ ਦੀ ਕਾਮਨਾ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਨੇ ਇਸ ਪ੍ਰਾਪਤੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀ.ਏ. ਦੇ ਉਕਤ ਵਿੱਦਿਆਰਥੀਆਂ ਨੇ ਮੈਰਿਟ ਵਿਚ ਥਾਂ ਬਣਾ ਕੇ ਅਤੇ ਬੀ.ਐਸ.ਸੀ. ਦੇ ਵਿੱਦਿਆਰਥੀਆਂ ਨੇ ਵੀ ਸ਼ਾਨਦਾਰ ਕਾਰਗ਼ੁਜਾਰੀ ਦਿਖਾ ਕੇ ਇਸ ਕਾਲਜ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਮੈਰਿਟ ਵਿਚ ਉਚੇਰੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨੀਆਂ ਕਾਲਜ ਦੀ ਗੌਰਵਮਈ ਪਰੰਪਰਾ ਹੈ, ਜਿਸ ਨੂੰ ਉਕਤ ਵਿੱਦਿਆਰਥਣਾਂ ਨੇ ਬਾਖੂਬੀ ਕਾਇਮ ਰੱਖਿਆ ਹੈ। ਇਸ ਤੋ ਪਹਿਲਾਂ ਹਾਲ ਹੀ ਵਿਚ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਸੀ.ਏ. ਭਾਗ ਦੂਜਾ ਦੇ ਨਤੀਜੇ ਵਿਚ ਵੀ ਕਾਲਜ ਦੀਆਂ ਦੋ ਵਿੱਦਿਆਰਥਣਾਂ ਨੇ ਮੈਰਿਟ ਵਿਚ ਥਾਂ ਬਣਾਈ ਹੈ। ਇਹ ਵੀ ਜਿਕਰਯੋਗ ਹੈ ਕਿ ਸਮੁੱਚੀ ਕਾਰਗੁਜ਼ਾਰੀ ਪੱਖੋਂ ਇਸ ਕਾਲਜ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਪੇਂਡੂ ਖੇਤਰ ਦੇ ਕਾਲਜਾਂ ਨੂੰ ਪਛਾੜਿਆ ਹੈ ਜੋ ਕਿ ਕਾਲਜ ਦੀ ਇਕ ਮਾਣਮੱਤੀ ਪ੍ਰਾਪਤੀ ਹੈ।