ਸ੍ਰੀ ਹਰਗੋਬਿੰਦਪੁਰ,(ਗੁਰਦਾਸਪੁਰ) – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਘੇਰਦਿਆਂ ਉਹਨਾਂ ਨੂੰ ਕਾਂਗਰਸ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵਿਰੁੱਧ ਬਿਆਨਬਾਜ਼ੀ ’ਚ ’ਫੁਰਤੀ ’ ਦਿਖਾਉਣ ਦੀ ਥਾਂ ਆਪਣੇ ਵਿਭਾਗਾਂ ਖਾਸ ਕਰ ਮਾਲ ਮਹਿਕਮੇ ਦੀ ਨਖਿੱਧ ਕਾਰਗੁਜ਼ਾਰੀ ’ਚ ਸੁਧਾਰ ਲਿਆਉਣ ਅਤੇ ਆਪਣੇ ਪਰਿਵਾਰਕ ਪਿਛੋਕੜ ਵਲ ਵਿਸ਼ੇਸ਼ ਝਾਤੀ ਮਾਰਨ ਦੀ ਸਲਾਹ ਦਿੱਤੀ ਹੈ।
ਸ: ਫ਼ਤਿਹ ਬਾਜਵਾ ਅੱਜ ਇੱਥੇ ਸ੍ਰੀ ਹਰਗੋਬਿੰਦਪੁਰ ਹਲਕੇ ਦੇ ਜੇਤੂ ਪੰਚਾਂ ਸਰਪੰਚਾਂ ਨੂੰ ਸਨਮਾਨ ਦੇਣ ਹਿਤ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਨ ਲਈ ਉਚੇਚੇ ਪਹੁੰਚੇ ਹੋਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਮਜੀਠੀਆ ਦੀ ਕਾਂਗਰਸ ਵਿਰੋਧੀ ਬਿਆਨਾਂ ’ਤੇ ਟਿੱਪਣੀ ਦੌਰਾਨ ਚੁਟਕੀ ਲਈ ਤੇ ’’ ਤੂ ਨਹੀਂ ਬੋਲਦੀ ਰਕਾਨੇ ਤੇਰੇ ਪਿੱਛੇ ਯਾਰ ਬੋਲਦਾ ’’ ਸੁਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਰਾਜ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ ਅਤੇ ਆਪਣੀਆਂ ਨਾਕਾਮੀਆਂ ’ਤੇ ਪਰਦਾਪੋਸ਼ੀ ਕਰਦਿਆਂ ਲੋਕਾਂ ਦਾ ਧਿਆਨ ਹਟਾਉਣ ਲਈ ਹਮ ਰੁਤਬਾ ਦੀ ਥਾਂ ਪਿਓ ਪੁੱਤਰ ਸ: ਮਜੀਠੀਆ ਤੋਂ ਸ: ਬਾਜਵਾ ਅਤੇ ਕਾਂਗਰਸ ਵਿਰੁੱਧ ਬਿਆਨਬਾਜ਼ੀ ਕਰਵਾ ਕੇ ਰਹੇ ਹਨ।
ਉਹਨਾਂ ਕਿਹਾ ਕਿ ਸ: ਮਜੀਠੀਆ ਦੇ ਬਚਕਾਨਾ ਬਿਆਨਾਂ ਨੇ ਉਹਨਾਂ ਦੇ ਹੀ ਸਤਿਕਾਰਯੋਗ ਬਜ਼ੁਰਗ ਦਾਦਾ ਜੀ ਸ: ਸੁਰਜੀਤ ਸਿੰਘ ਮਜੀਠੀਆ ਨੂੰ ਜਾਣੇ ਅਨਜਾਣੇ ਵਿੱਚ ਦੋਸ਼ੀਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਉਹਨਾਂ ਕਿਹਾ ਕਿ ਕੀ ਸ: ਮਜੀਠੀਆ ਆਪਣੇ ਦਾਦਾ ਜੀ ਦੇ ਕਾਂਗਰਸ ਵਿੱਚ ਰਹਿ ਕੇ ਕੀਤੇ ਗਏ ਕੰਮਾਂ ਨੂੰ ਪੰਜਾਬ ਵਿਰੋਧੀ ਮੰਨ ਕੇ ਅੱਜ ਪਸ਼ਚਾਤਾਪ ਕਰ ਰਹੇ ਹਨ?
ਉਹਨਾਂ ਮਜੀਠੀਆ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਕਿਹਾ ਕਿ ਉਹਨਾਂ ਨੂੰ ਕਾਂਗਰਸ ਵਿਰੁੱਧ ਕੁੱਝ ਵੀ ਕਹਿਣ ਤੋਂ ਪਹਿਲਾਂ ਪਰਿਵਾਰਕ ਅਤੀਤ ਬਾਰੇ ਇਹ ਜ਼ਰੂਰ ਯਾਦ ਰਖਣਾ ਚਾਹੀਦਾ ਹੈ ਕਿ ਉਸ ਦੇ ਪਰਿਵਾਰ ਨੇ ਕਾਂਗਰਸ ਵਿੱਚ ਰਹਿ ਕੇ ਪੰਚ ਦਹਾਕੇ ਤਕ ਸਤਾ ਦਾ ਸੁਖ ਮਾਣਿਆ ਹੈ। ਉਹਨਾਂ ਮਜੀਠੀਆ ਨੂੰ ਕੁਪੁੱਤਰ ਦੀ ਥਾਂ ਸਪੁੱਤਰ ਬਣਨ ਦੀ ਨਸੀਹਤ ਦਿੱਤੀ । ਉਹਨਾਂ ਕਿਹਾ ਕਿ ਉਸ ਦੇ ਕਾਂਗਰਸ ਵਿਰੁੱਧ ਦੇਸ਼ ਦੀ ਆਜ਼ਾਦੀ ਸਮੇਂ ਤੋਂ ਪੰਜਾਬ ਨਾਲ ਵਿਤਕਰਿਆਂ ਦਾ ਦੋਸ਼ ਲਾਉਣ ਤੋਂ ਪਹਿਲਾਂ ਉਹ ਇਹ ਕਿਵੇਂ ਭੁੱਲ ਗਏ ਹਨ ਕਿ ਉਸ ਦੇ ਦਾਦਾ ਸ: ਸੁਰਜੀਤ ਸਿੰਘ ਮਜੀਠੀਆ ਦੇਸ਼ ਦੀ ਆਜ਼ਾਦੀ ਉਪਰੰਤ ਸ੍ਰੀ ਪੰਡਿਤ ਜਵਾਹਰ ਨਹਿਰੂ ਦੀ ਕਾਂਗਰਸ ਸਰਕਾਰ ਸਮੇਂ ਨੇਪਾਲ ਦੇ ਰਾਜਦੂਤ ਅਤੇ 1952 ਤੋਂ 1962 ਤਕ ਮੈਂਬਰ ਪਾਰਲੀਮੈਂਟ ਵਜੋਂ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਦੇਸ਼ ਦੇ ਡਿਪਟੀ ਡਿਫੈਂਸ ਮਨਿਸਟਰ ਵਜੋਂ ਵਿਕਾਰੀ ਅਹੁਦੇ ’ਤੇ ਰਹੇ।
ਕਾਂਗਰਸ ਦੇ ਜਨਰਲ ਸਕੱਤਰ ਨੇ ਪੰਜਾਬ ਦੀ ਉਦਯੋਗਿਕ ਤਬਾਹੀ ਲਈ ਜ਼ਿੰਮੇਵਾਰ ਮੰਨੇ ਜਾਂਦੇ ਗੁਆਂਢੀ ਪਹਾੜੀ ਰਾਜਾਂ ਨੂੰ ਕੇਂਦਰੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਪੈਕੇਜ ਸੰਬੰਧੀ ਆਲੋਚਨਾ ਕਰਨ ’ਤੇ ਉਹਨਾਂ ਕਿਹਾ ਕਿ ਮਜੀਠੀਆ ਦੀ ਯਾਦਦਾਸ਼ਤ ਸ਼ਕਤੀ ਕਮਜ਼ੋਰ ਹੋ ਚੁੱਕੀ ਹੈ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਪਹਾੜੀ ਗੁਆਂਢੀ ਰਾਜਾਂ ਨੂੰ ਸਨਅਤੀ ਪੈਕੇਜ ਐਨ ਡੀ ਏ ਸਰਕਾਰ ਸਮੇਂ 2003 ਵਿੱਚ ਦਿੱਤਾ ਗਿਆ ਜੱਦੋ ਕਿ ਸਰਕਾਰ ਵਿੱਚ ਸੁਖਬੀਰ ਬਾਦਲ ਮੰਤਰੀ ਸਨ।
ਉਹਨਾਂ ਕਿਹਾ ਕਿ ਮਜੀਠੀਆ ਅੱਜ ਪੂਰੇ ਰਾਜ ਦਾ ਮੰਤਰੀ ਨਾ ਹੋ ਕੇ ਸਿਰਫ਼ ਮਜੀਠੇ ਹਲਕੇ ਦਾ ਬਣ ਕੇ ਰਹਿ ਗਿਆ ਹੈ ਉਹਨਾਂ ਕਿਹਾ ਕਿ ਪਿਛਲੇ ਛੇ ਸਾਲਾਂ ਦਾ ਰਿਕਾਰਡ ਵੇਖ ਲਿਆ ਜਾਵੇ ਤਾਂ ਪਤਾ ਲੱਗੇ ਗਾ ਕਿ ਮਜੀਠੇ ਹਲਕੇ ਵਿੱਚ ਤਾਂ ਸੈਂਕੜੇ ਕਰੋੜ ਰੁਪੈ ਵਿਕਾਸ ’ਤੇ ਖਰਚ ਦਿੱਤੇ ਗਏ ਪਰ ਗੁਆਂਢੀ ਹਲਕਿਆਂ ਸਰਕਾਰ ਲਈ 26 ਕਰੋੜ ਵੀ ਨਹੀਂ ਜੁਟਾ ਪਾਈ । ਉਹਨਾਂ ਇਹ ਵੀ ਦੋਸ਼ ਲਾਇਆ ਕਿ ਮਾਲ ਮਹਿਕਮਾ ਲੋਕਾਂ ਦੀ ਲੁਟ ਕਰਨ ਵਿੱਚ ਸਭ ਤੋਂ ਅੱਗੇ ਹੈ ਤੇ ਸੁਵਿਧਾਵਾਂ ਦੇਣ ਵਿੱਚ ਸਭ ਤੋਂ ਪਿੱਛੇ , ਉਹਨਾਂ ਦੱਸਿਆ ਕਿ ਲੋਕਾਂ ਨੂੰ ਸੁਵਿਧਾ ਦੇਣ ਵਿੱਚ ਫਾਡੀ 22 ਜਿੱਲ੍ਹਿਆਂ ਵਿੱਚੋਂ ਮਜੀਠੀਆ ਦ; ਗ੍ਰਹਿ ਜ਼ਿਲ੍ਹਾ ਅੰਮ੍ਰਿਤਸਰ 17 ਨੰਬਰ ’ਤੇ ਹੋਣਾ ਸ਼ਰਮਨਾਕ ਹੈ।
ਸਨਮਾਨ ਸਮਾਰੋਹ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਾਦਲ ਸਰਕਾਰ ਵਿਕਾਸ ਦੇ ਨਾਮ ’ਤੇ ਸਿਰਫ਼ ਹਵਾਈ ਕਿਲੇ ਉੱਸਾਰ ਰਹੀ ਹੈ।ਉਹਨਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ ਜਿਸ ਕਰ ਕੇ ਇਸ ਸਰਕਾਰ ਤੋਂ ਹਰ ਵਰਗ ਦੁਖੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀ ਫਿਰਕੂ ਸੋਚ ਨੂੰ ਮਾਤ ਦੇਣ ਲਈ ਆਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਸੰਬੰਧੀ ਕਿਹਾ ਕਿ ਹਰ ਬੂਥ ਲਈ 10- 10 ਨੌਜਵਾਨ ਅੱਜ ਤੋਂ ਹੀ ਚੋਣ ਕੀਤੀ ਜਾਵੇ। ਅਤੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇ। ਉਹਨਾਂ ਖੁਰਾਕ ਸੁਰੱਖਿਆ ਕਾਨੂੰਨ , ਆਰਟੀਆਈ, ਸਰਵਸਿੱਖਿਆ ਅਭਿਆਨ ਅਤੇ ਨਰੇਗਾ ਆਦਿ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ। ਉਹਨਾਂ ਕਾਂਗਰਸ ਦੀ ਜਨ ਸੰਪਰਕ ਮੁਹਿੰਮ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਵੀ ਲੋਕਾਂ ਨੂੰ ਪ੍ਰੇਰਿਆ।
ਇਸ ਮੌਕੇ ਸ: ਫ਼ਤਿਹ ਬਾਜਵਾ ਨੇ ਪੰਚਾਇਤੀ ਰਾਜ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਸੈਂਕੜੇ ਕਾਂਗਰਸੀਆਂ ਦਾ ਸਿਰੋਪਾਉ ਨਾਲ ਸਨਮਾਨਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਬਲਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਨਾਭਾ, ਸਾਹਿਬ ਸਿੰਘ ਮੰਡ, ਉੱਜਲ ਦੀਦਾਰ ਸਿੰਘ ਔਲਖ, ਭੁਪਿੰਦਰ ਪਾਲ ਸਿੰਘ ਵਿਟੀ ਭਗਤੂਪੁਰ, ਸਵਾਮੀਪਾਲ ਖੋਸਲਾ, ਕਸ਼ਮੀਰ ਸਿੰਘ ਸ਼ਕਾਲਾ, ਅਵਤਾਰ ਸਿੰਘ ਬੋਹਜਾ ਆਦਿ ਹਾਜ਼ਰ ਸਨ।