ਨਵੀਂ ਦਿੱਲੀ : ਅਠਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਸਮੁਚੇ ਇਤਿਹਾਸਿਕ ਗੁਰਦੁਆਰਿਆਂ ਵਿਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਕਥਾ ਵਾਚਕਾਂ ਨੇ ਸੰਗਤਾਂ ਨੂੰ ਗਰੂ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਮੁੱਖ ਸਮਾਗਮ ਵਿਚ ਪੰਥਕ ਵਿਚਾਰਾਂ ਦੇ ਸਮੇਂ ਦੌਰਾਨ ਗੈਰ ਰਾਜਸੀ ਤਕਰੀਰ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੋਂ ਸਿਖਿਆਂ ਲੈਣ ਦੀ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਦਸਿਆ ਕਿ ਜਿਸ ਪ੍ਰਕਾਰ ਗੁਰੂ ਸਾਹਿਬ ਨੇ ਸਰਬ ਲੋਕਾਈ ਦੀ ਸੇਵਾ ਬਿਨਾ ਕਿਸੀ ਭੇਦਭਾਵ ਦੇ ਕੀਤੀ ਉਸੇ ਰਸਤੇ ਤੇ ਚਲਦੇ ਹੋਏ ਗੁਰੂ ਕਿਰਪਾ ਸਦਕਾ ਦਿੱਲੀ ਕਮੇਟੀ ਨੇ ਉਤਰਾਖੰਡ ਵਿਖੇ ਕੁਦਰਤੀ ਕਰੋਪੀ ਦੌਰਾਨ ਸਮੁੱਚੀ ਮਾਨਵਤਾ ਦੀ ਸੇਵਾ ਕਰਕੇ ਲੋਕਾਂ ਨੂੰ ਇਹ ਕਹਿਣ ਤੇ ਮਜਬੂਰ ਕਰ ਦਿੱਤਾ ਕਿ ਅਗਰ ਉਹ ਅੱਜ ਜਿੰਦਾ ਹਨ, ਸੈਨਾ ਤੇ ਸਿੱਖਾਂ ਦੇ ਕਾਰਣ ਹਨ। ਉਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਂ ਤੇ ਚਲਦੇ ਵਿਦਿਅਕ ਅਦਾਰਿਆਂ ਵਿਚ ਕਮੇਟੀ ਵਲੋਂ ਲਾਗੂ ਕੀਤੇ ਜਾ ਰਹੇ “ਵਿਦਿਅਕ ਸੁਧਾਰਾਂ” ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਉਦੇ ਹੋਏ ਭਰੋਸਾ ਦਿੱਤਾ ਕਿ ਛੇਤੀ ਹੀ ਇਨ੍ਹਾਂ ਸਕੂਲਾਂ ਦਾ ਵਿਦਿਅਕ ਮਿਆਰ ਉਚਾ ਚੁੱਕ ਕੇ ਪੁਰਾਣੇ ਸੁਨਹਰੀ ਦੋਰ ਨੂੰ ਵਾਪਿਸ ਲਿਆਇਆ ਜਾਵੇਗਾ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀ ਵੱਖਵਾਦੀ ਜਾਂ ਅੱਤਵਾਦੀ ਨਹੀਂ ਹਾਂ ਪਰ ਬੀਤੇ ਕੁਝ ਦਿਨਾਂ ਦੌਰਾਨ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਨਾ ਸਮਝਣ ਵਾਲੇ ਕੁਝ ਲੋਕਾਂ ਨੇ ਸਿੱਖਾਂ ਦੇ ਖਿਲਾਫ ਇਕ ਕੂੜ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਬੇਲੋੜਾ ਪੰਜਾਬ ਵਿਚ ਅੱਤਵਾਦ ਪਰਤਣ ਦਾ ਡਰ ਖੜਾ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਐਸੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਦਸਣ ਦੀ ਜੋ ਕਿ ਦੇਸ਼ ਕੌਮ ਵਾਸਤੇ ਕੁਰਬਾਨੀਆਂ ਤੋਂ ਭਰਿਆ ਪਇਆ ਹੈ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਪਰਿਵਾਰਿਕ ਖੁਸ਼ੀਆਂ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਹੋਰ ਕੰਮਾਂ ਦੇ ਨਾਲ ਗੁਰੂ ਘਰ ਵਿਚ ਲੋੜਵੰਦਾਂ ਦੇ ਵਾਸਤੇ ਚਲ ਰਹੀ “ਰਸਦ ਸਕੀਮ” ਵਾਸਤੇ ਰਸਦ ਆਦਿਕ ਭੇਜਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਗਿਆਨੀ ਰਜਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ ਵਲੋਂ ਕੀਤੇ ਗਏ ਸਹਿਜ ਪਾਠ ਦੀ ਸੀ.ਡੀ. ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇਵ ਨਗਰ ਦੀ ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਬੰਸ ਕੌਰ ਸੱਗੂ ਵਲੋਂ ਕੌਮ ਦੇ ਮੰਨੇ-ਪ੍ਰਮੰਨੇ ਲਿਖਾਰੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਬਾਰੇ ਲਿਖੇ ਗਏ ਲੇਖਾਂ ਨੂੰ ਇਕੱਠਾ ਕਰਕੇ ਬਨਾਈ ਗਈ ਕਿਤਾਬ “ਗੁਰੂ ਗ੍ਰੰਥ ਸਾਹਿਬ ਦਾ ਸਮਾਜਿਕ ਸਰੋਕਾਰ” ਨੂੰ ਸੰਗਤਾਂ ਵਾਸਤੇ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਮੈਂਬਰ ਕੁਲਮੋਹਨ ਸਿੰਘ, ਗੁਰਵਿੰਦਰ ਪਾਲ ਸਿੰਘ, ਗੁਰਬਚਨ ਸਿੰਘ ਚੀਮਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ ਸ਼ਾਹਪੁਰਾ, ਐਮ.ਪੀ.ਐਸ, ਚੱਡਾ, ਜੀਤ ਸਿੰਘ, ਇੰਦਰਜੀਤ ਸਿੰਘ ਮੌਂਟੀ ਸਮਰਦੀਪ ਸਿੰਘ ਸੰਨੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਲਾਜਪਤ ਨਗਰ, ਜਸਪ੍ਰੀਤ ਸਿੰਘ ਵਿੱਕੀ ਮਾਨ ਨੇ ਜਾਰੀ ਕੀਤਾ।
ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਸਟੇਜ ਦੀ ਸੇਵਾ ਬਖੂਬੀ ਨਿਭਾਉਂਦੇ ਹੋਏ ਕਮੇਟੀ ਅਧੀਨ ਚਲਦੇ ਸਕੂਲਾਂ ਵਿਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਧਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।