ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਛੱਤ, ਕੰਧਾਂ ਅਤੇ ਦਰਵਾਜਿਆਂ ਦੀਆਂ ਡਾਟਾਂ ਉੱਪਰ ਕਰੀਬ ਡੇਢ ਸਦੀ ਪਹਿਲਾਂ ਹੋਇਆ ਸੋਨੇ ਦਾ ਕੰਮ, ਨੱਕਾਸ਼ੀ ਤੇ ਜੜ੍ਹਤਕਾਰੀ ਦੇ ਕੰਮ ਵਿੱਚ ਆ ਰਹੀ ਖ਼ਰਾਬੀ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਬਾਅਦ ਪਹਿਲੀ ਵਾਰ ਕਾਰ-ਸੇਵਾ ਰਾਹੀਂ ਮੁਰੰਮਤ ਕਰਾਉਣ ਦਾ ਅਹਿਮ ਫ਼ੈਸਲਾ ਕਰਦਿਆਂ ਇਸ ਕਾਰਜ ਦੀ ਕਾਰ-ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਜੋ 18 ਅਗਸਤ ਨੂੰ ਅਰੰਭ ਹੋਵੇਗੀ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲੈਕਟ੍ਰੋਨਿਕਸ ਮੀਡੀਏ ਦੇ ਰੀਪੋਟਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੁੱਜੇ ਸੁਝਾਅ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੋਨੇ ਦੇ ਪੱਤਰੇ ਜੋ ਕਾਲੇ ਪੈ ਗਏ ਹਨ ਅਤੇ ਖਰਾਬ ਹੋ ਗਏ ਹਨ ਉਨ੍ਹਾਂ ਨੂੰ ਮੁਰੰਮਤ ਕਰਕੇ ਉਨ੍ਹਾਂ ਉਪਰ ਦੁਬਾਰਾ ਸੋਨਾ ਚੜਾਉਣ ਅਤੇ ਸੱਚਖੰਡ ਅੰਦਰ ਪੁਰਾਤਨ ਨੱਕਾਸ਼ੀ (ਮੀਨਾਕਾਰੀ) ਜੋ ਫਿੱਕੀ ਪੈ ਗਈ ਹੈ ਨੂੰ ਦੁਬਾਰਾ ਉਸੇ ਰੂਪ ‘ਚ ਤਿਆਰ ਕਰਵਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਉੱਕਤ ਕਾਰ-ਸੇਵਾ ਦੌਰਾਨ ਚਲਦੇ ਕੀਰਤਨ ਦੀ ਮਰਿਯਾਦਾ ਨੂੰ ਬਕਾਇਦਾ ਕਾਇਮ ਰੱਖਿਆ ਜਾਵੇਗਾ। ਇਹ ਕਾਰ-ਸੇਵਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਸੁਖਦੇਵ ਸਿੰਘ ਮੀਤ ਸਕੱਤਰ, ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਿਗਰਾਨੀ ਵਿੱਚ ਹੋਵੇਗੀ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਜਿਹੜਾ ਵੀ ਸੋਨੇ ਦਾ ਪੱਤਰਾ ਉਤਾਰਿਆ ਜਾਵੇਗਾ ਉਸ ਦੀ ਸੇਵਾ ਹੋਣ ਉਪਰੰਤ ਉਸ ਨੂੰ ਦੁਬਾਰਾ ਉਸੇ ਥਾਂ ਲਗਾ ਕੇ ਹੀ ਅੱਗੋਂ ਸੇਵਾ ਲਈ ਪੱਤਰਾ ਉਤਾਰਿਆ ਜਾਵੇਗਾ। ਉਕਤ ਸਾਰੇ ਕੰਮ ਦੀ ਸੇਵਾ ਤੋਂ ਪਹਿਲਾਂ ਬਕਾਇਦਾ ਵੀਡੀਓ ਤੇ ਫੋਟੋਗ੍ਰਾਫੀ ਕਰਵਾਈ ਜਾਵੇਗੀ ਤਾਂ ਕਿ ਸੋਨੇ ਦੇ ਪੱਤਰਿਆਂ ਅਤੇ ਨੱਕਾਸ਼ੀ ਦਾ ਕੰਮ ਕਰਦੇ ਸਮੇਂ ਪੁਰਾਤਨਤਾ ‘ਚ ਫ਼ਰਕ ਨਾ ਪਵੇ। ਉਨ੍ਹਾਂ ਕਿਹਾ ਕਿ ਇਹ ਸੇਵਾ ਲਾਈਵ ਟੈਲੀਕਾਸਟ ਨਹੀਂ ਹੋਵੇਗੀ ਤੇ ਸੀਮਤ ਸਮੇਂ ਵਿੱਚ ਮੁਕੰਮਲ ਕਰਵਾਈ ਜਾਵੇਗੀ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਭਗਵੰਤ ਸਿੰਘ ਸਿਆਲਕਾ ਮੈਂਬਰ ਸ੍ਰੋਮਣੀ ਕਮੇਟੀ, ਸ.ਤਰਲੋਚਨ ਸਿੰਘ ਤੇ ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ, ਸ.ਹਰਭਜਨ ਸਿੰਘ ਮਨਾਵਾਂ ਤੇ ਸ.ਮਹਿੰਦਰ ਸਿੰਘ ਆਹਲੀ ਐਡੀਸ਼ਨਲ ਸਕੱਤਰ, ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਜਵਾਹਰ ਸਿੰਘ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਪ੍ਰੀਤਪਾਲ ਸਿੰਘ ਐਲ.ਏ., ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ.ਰਣਜੀਤ ਸਿੰਘ ਮੀਡੀਆ ਸਲਾਹਕਾਰ ਆਦਿ ਮੌਜੂਦ ਸਨ।