ਚੰਡੀਗੜ੍ਹ – ਆਗਾਮੀ 2 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਨੌਟੀ ਜੱਟਸ’ ਦੀ ਪ੍ਰਮੋਸ਼ਨ ਲਈ ਅਦਾਕਾਰ ਆਰੀਆ ਬੱਬਰ, ਰੌਸ਼ਨ ਪ੍ਰਿੰਸ, ਨੀਰੂ ਬਾਜਵਾ, ਬੀਨੂੰ ਢਿੱਲੋ ਅਤੇ ਗਾਇਕ ਜੀ ਦੀਪ ਅੱਜ ਚੰਡੀਗੜ੍ਹ ਪੁੱਜੇ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਅਤੇ ਨਿਰਮਾਤਾ ਸਤੀਸ਼ ਕਟਿਆਲ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੀ ਟੀਮ ਨੇ ਦਸਿਆ ਕਿ ਨਿਰਮਾਤਾ ਸਤੀਸ਼ ਕਟਿਆਲ ਅਤੇ ਸੰਦੀਪ ਭੱਲਾ ਵਲੋਂ ‘ਮਲਟੀਲਾਈਨ ਇੰਟਰਟੇਨਮੈਂਟ’ ਬੈਨਰ ਥੱਲੇ ਬਣਾਈ ਗਈ ਇਹ ਫ਼ਿਲਮ ‘ਨੌਟੀ ਜੱਟਸ’ ਪੰਜਾਬੀ ਸਿਨੇਮੇ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਦੇਵੇਗੀ। ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਨੇ ਦਸਿਆ ਕਿ ਉਨ੍ਹਾਂ ਦੀ ਇਹ ਫ਼ਿਲਮ ਕਮੇਡੀ, ਰੁਮਾਂਸ ਅਤੇ ਐਕਸ਼ਨ ਨਾਲ ਭਰਪੂਰ ਹੈ।
ਇਸ ਫ਼ਿਲਮ ‘ਚ ਉਹ ਸਭ ਕੁਝ ਸ਼ਾਮਲ ਹੈ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਦੇ ਦਰਸ਼ਕ ਦੇਖਣਾ ਪਸੰਦ ਕਰਦੇ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਵਿਰਸਾ’ ਵਾਂਗ ਹੀ ਇਸ ਫ਼ਿਲਮ ’ਚ ਵੀ ਸੰਗੀਤ ਨੂੰ ਅਹਿਮ ਤਵੱਜੋ ਦਿੱਤੀ ਗਈ ਹੈ। ‘ਕੈਰੀ ਆਨ ਜੱਟਾ’ ਅਤੇ ‘ਜੱਟਸ ਇਨ ਗੋਲਮਾਲ’ ਵਰਗੀਆਂ ਕਾਮਯਾਬ ਫ਼ਿਲਮਾਂ ਦੀ ਕਹਾਣੀ ਤੇ ਸੰਵਾਦ ਲਿਖ ਚੁੱਕੇ ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦੀ ਕਹਾਣੀ ਅਤੇ ਸੰਵਾਦ ਲਿਖੇ ਹਨ। ਇਸ ਫ਼ਿਲਮ ’ਚ ਆਰੀਆ ਬੱਬਰ, ਰੌਸ਼ਨ ਪ੍ਰਿੰਸ ਅਤੇ ਬੀਨੂੰ ਢਿੱਲੋਂ ਦੀ ਜੋੜੀ ਨੂੰ ਦਰਸ਼ਕ ਬੇਹੱਦ ਪਸੰਦ ਕਰਨਗੇ। ਫ਼ਿਲਮ ਦੀ ਨਾਇਕਾ ਨੀਰੂ ਬਾਜਵਾ ਦਰਸ਼ਕਾਂ ਨੂੰ ਐਸੇ ਚੱਕਰਾਂ ’ਚ ਪਾਵੇਗੀ ਕਿ ਦਰਸ਼ਕ ਹੱਸ ਹੱਸ ਕੇ ਲੋਟ ਪੋਟ ਹੋ ਜਾਣਗੇ।
ਇਸ ਮੌਕੇ ਫ਼ਿਲਮ ਦੇ ਅਦਾਕਾਰ ਆਰੀਆ ਬੱਬਰ ਨੇ ਦਸਿਆ ਕਿ ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ’ਚ ਇਕ ਵੱਖਰੇ ਅਵਤਾਰ ’ਚ ਨਜ਼ਰ ਆਉਣਗੇ। ਉਹ ਇਸ ਫ਼ਿਲਮ ’ਚ ਰੌਕੀ ਨਾਂ ਦੇ ਇਕ ਐਸੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਫ਼ਿਲਮ ਦੀ ਨਾਇਕਾ (ਸਿੰਮੀ) ਦੇ ਚੱਕਰ ’ਚ ਐਸਾ ਫ਼ਸਦਾ ਹੈ ਕਿ ਉਸਦਾ ਕਿਰਦਾਰ ਪਰਦੇ ’ਤੇ ਖੂਬ ਧਮਾਲ ਪਾਉਂਦਾ ਹੈ। ਗਾਇਕ ਅਤੇ ਨਾਇਕ ਰੌਸ਼ਨ ਪ੍ਰਿੰਸ ਵੀ ਇਸ ਫ਼ਿਲਮ ’ਚ ਇਕ ਵੱਖਰੇ ਅੰਦਾਜ਼ ’ਚ ਨਜ਼ਰ ਆਉਣਗੇ। ਉਹ ਆਪਣੀ ਅਸਲ ਜ਼ਿੰਦਗੀ ਵਾਂਗ ਹੀ ਇਸ ਫ਼ਿਲਮ ’ਚ ਵੀ ਗਾਇਕ ਵਜੋਂ ਨਜ਼ਰ ਆਉਣਗੇ। ਉਨ੍ਹਾਂ ਦੇ ਕਿਰਦਾਰ ਦਾ ਨਾਂ ਬਲਵਿੰਦਰ ਸਿੰਘ ਦਿਉਲ ਹੈ। ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ’ਚ ਕਲਾਕਾਰ ਵਜੋਂ ਕੰਮ ਕਰ ਚੁੱਕੇ ਬੀਨੂੰ ਢਿੱਲੋਂ ਇਸ ਫ਼ਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਦਾ ਇਹ ਕਿਰਦਾਰ ਦਰਸ਼ਕਾਂ ਦੇ ਖੂਬ ਢਿੱਡੀ ਪੀੜਾਂ ਪਾਵੇਗੀ।
ਫ਼ਿਲਮ ਦੀ ਨਾਇਕਾ ਨੀਰੂ ਬਾਜਵਾ ਨੇ ਦਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ‘ਚ ਸਿੰਮੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਸਿੰਮੀ ਇਕ ਨਾਮਵਾਰ ਗਾਇਕਾ ਬਣਨਾ ਚਾਹੁੰਦੀ ਹੈ। ਪਰ ਉਸਦਾ ਪਰਿਵਾਰ ਨਹੀ ਚਾਹੁੰਦਾ ਉਹ ਗਾਇਕਾ ਬਣੇ। ਪਰ ਉਸਦੇ ਤਿੰਨ ਪ੍ਰੇਮੀ ਉਸਦੀ ਜ਼ਿੰਦਗੀ ਨੂੰ ਕਿਸੇ ਹੋਰ ਪਾਸੇ ਹੀ ਲੈ ਜਾਂਦੇ ਹਨ। ਨਿਰਮਾਤਾ ਸਤੀਸ਼ ਕਟਿਆਲ ਨੇ ਦਸਿਆ ਕਿ ਇਸ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣ ਚੁੱਕਾ ਹੈ। ਫ਼ਿਲਮ ਦਾ ਸੰਗੀਤ ਜੱਗੀ ਸਿੰਘ ਅਤੇ ਜੀਦੀਪ ਦਾ ਹੈ। ਗੀਤ ਜਨਾਬ ਰਾਹਤ ਫ਼ਤਿਹ ਅਲੀ ਖਾਨ, ਰੌਸ਼ਨ ਪ੍ਰਿੰਸ, ਜੀਦੀਪ ਅਤੇ ਅਰਸ਼ਦੀਪ ਨੇ ਗਾਏ ਹਨ। ਫ਼ਿਲਮ ਦੇ ਕੈਮਰਾਮੈਨ ਵਿਨੀਤ ਮਲੋਹਤਰਾ ਹਨ।