ਇੰਡੀਅਨਐਪਲਿਸ(ਅਮਰੀਕਾ): ਅਮਰੀਕਾ ਦੇ ਪ੍ਰਸਿੱਧ ਸ਼ਹਿਰ ਇੰਡੀਅਨਐਪਲਿਸ ਦੇ ਗੁਰਦੁਆਰਾ,ਸਿੱਖ ਸੰਗਤ ਆਫ਼ ਇੰਡੀਅਨਐਪਲਿਸ, ਵਿਖੇ ਚੜ੍ਹਦੀ ਕਲਾ ਯੂਥ ਗਰੁਪ ਵਲੋਂ ਲਗਾਏ ਗਏ ਸਤਵੇਂ ਦਸ਼ਮੇਸ਼ ਗਰਮੀਆਂ ਦੇ ਕੈਂਪ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ , ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਧਰਤੀ, ਹਵਾ ਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਸੱਦਾ ਦਿੱਤਾ।ਧਰਤੀ , ਹਵਾ ਤੇ ਪਾਣੀ ਪ੍ਰਮਾਤਮਾ ਦੀ ਮਹਾਨ ਦੇਣ ਹਨ।ਧਰਤੀਆਂ ਤਾਂ ਇਸ ਬ੍ਰਹਿਮੰਡ ਵਿਚ ਅਣ-ਗਿਣਤ ਹਨ,ਪਰ ਪਾਣੀ ਤੇ ਹਵਾ ਦੀ ਅਣਹੋਂਦ ਕਰਕੇ ਉਨ੍ਹਾਂ ‘ਤੇ ਜੀਵਨ ਨਹੀਂ।ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਅਸੀਂ ਸੁਚੇਤ ਨਾ ਹੋਏ ਤੇ ਕੁਦਰਤੀ ਵਾਤਾਵਰਨ ਨਾਲ ਏਸੇ ਤਰ੍ਹਾਂ ਖ਼ਿਲਵਾੜ ਕਰਦੇ ਰਹੇ ਤਾਂ ਇਕ ਦਿਨ ਆਵੇਗਾ ਜਿਵੇਂ ਬਾਕੀ ਅਲੋਪ ਹੋ ਰਹੇ ਜੀਵਾਂ ਵਾਂਗ ਮਨੁਖ ਵੀ ਅਲੋਪ ਹੋ ਜਾਵੇਗਾ।ਗੁਰਦੁਆਰੇ ਦੇ ਪ੍ਰਧਾਨ ਸ. ਮਨਿੰਦਰ ਸਿੰਘ ਵਾਲੀਆ, ਸਾਬਕਾ ਪ੍ਰਧਾਨ ਸ. ਜਸਵੀਰ ਸਿੰਘ ਲਾਲੀ ਤੇ ਗ੍ਰੰਥੀ ਸਿੰਘ ਭਾਈ ਪ੍ਰੀਤਮ ਸਿੰਘ ਨੇ ਸੰਤ ਸੀਂਚੇਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਸ. ਕੰਵਲ ਪ੍ਰਕਾਸ਼ ਸਿੰਘ ਨੇ ਸੰਤ ਸੀਂਚੇਵਾਲ ਵਲੋਂ ਕੀਤੇ ਕੰਮਾਂ ਤੇ ਸੇਵਾ ਦੀ ਸ਼ਲਾਘਾ ਕਰਦੇ ਹੋਏ, ਸੰਗਤ ਨੂੰ ਉਨ੍ਹਾਂ ਦੇ ਜੀਵਨ ਤੋਂ ਸਿਖਿਆ ਤੇ ਉਤਸ਼ਾਹ ਲੈਣ ਦੀ ਪ੍ਰੇਰਨਾ ਕੀਤੀ।
ਹਫ਼ਤਾਭਰ ਚਲੇ ਇਸ ਕੈਂਪ ਵਿਚ ਚਾਰ ਅੰਮ੍ਰਿਤਧਾਰੀ ਅਮਰੀਕੀ ਸਿੱਖਾਂ ਗੁਰੂਜੋਤ ਸਿੰਘ ਖਾਲਸਾ(ਡਾਇਰੈਕਟਰ ਸਿੱਖਨੈੱਟ), ਗਿਆਨ ਧਰਮ ਕੌਰ, ਸਤ ਕਰਤਾਰ ਸਿੰਘ ਖਾਲਸਾ ਤੇ ਹਿੰਮਤ ਸਿੰਘ ਖਾਲਸਾ ਨੇ 125 ਵਿਦਿਆਰਥੀਆਂ ਨੂੰ ਨਾਮ ਸਿਮਰਨ, ਹੁਕਮਨਾਮਾ ਲੈਣ, ਅਰਦਾਸ ਕਰਨ ਬਾਰੇ ਸਿੱਖਿਅਤ ਕੀਤਾ।ਗ਼ਤਕਾ, ਘੋੜ-ਸੁਆਰੀ,ਵਾਲੀਬਾਲ,ਕੁਸ਼ਤੀ ਆਦਿ ਖੇਡਾਂ ਵੀ ਕਰਵਾਈਆਂ ਗਈਆਂ।25 ਫੁੱਟ ਦੀ ਬਨਾਵਟੀ ਪਹਾੜੀ ‘ਤੇ ਚੜ੍ਹਨ ਲਈ ਸਿੱਖਿਅਤ ਕੀਤਾ ਗਿਆ । ਚੰਗੀ ਸਿਹਤ ਲਈ ਰੋਜ਼ਾਨਾ ਸਵੇਰੇ ਯੋਗਾ ਕਰਵਾਇਆ ਜਾਂਦਾ ਸੀ।ਸਿੱਖਨੈੱਟ ਦੇ ਡਾਇਰੈਕਟਰ ਗੁਰੂਜੋਤ ਸਿੰਘ ਖਾਲਸਾ ਨੇ ਸਿੱਖਨੈੱਟ ਵਲੋਂ ਪ੍ਰਦਾਨ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਸੰਗਤ ਨੂੰ ਇਸ ਇੰਟਰਨੈੱਟ ਵਲੋਂ ਕਰਵਾਏ ਜਾਂਦੇ ਫ਼ਿਲਮ ਫ਼ੈਸਟੀਵਲ ਵਿਚ ਭਾਗ ਲੈਣ ਦੀ ਅਪੀਲ ਕੀਤੀ ਗਈ। ਇਸ ਕੈਂਪ ਦੇ ਕੋਆਰਡੀਨੇਟਰ ਸ. ਸੁਖਦੀਪ ਸਿੰਘ ਤੇ ਉਨ੍ਹਾਂ ਦੀ ਸਪਤਨੀ ਬੀਬੀ ਪ੍ਰਮਿੰਦਰ ਕੌਰ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਦੀ ਸਹਾਇਤਾ ਨਾਲ ਇਸ ਕੈਂਪ ਨੂੰ ਸਫ਼ਲਤਾਪੂਰਵਕ ਸਿਰੇ ਚਾੜ੍ਹਿਆ।
ਇਸ ਪੱਤਰਕਾਰ ਨੇ ਵੇਖਿਆ ਕਿ ਸੰਗਤ ਨੇ ਸੰਤ ਸੀਂਚੇਵਾਲ ਦਾ ਬਹੁਤ ਮਾਣ ਸਤਿਕਾਰ ਕੀਤਾ।ਕੈਂਪ ਦੇ ਵਿਦਿਆਰਥੀਆਂ ਵਿਚ ਵੀ ਬਹੁਤ ਉਤਸ਼ਾਹ ਸੀ।ਸਾਰਾ ਹਾਲ ਸੰਗਤ ਨਾਲ ਭਰਿਆ ਪਿਆ ਸੀ ਤੇ ਦੂਜੇ ਸੂਬਿਆਂ ਤੋਂ ਵੀ ਸੰਗਤ ਆਈ ਹੋਈ ਸੀ।ਨਵੀਂ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖੀ ਦੇ ਲੜ ਲਾਉਣ ਲਈ ਸਾਰੇ ਗੁਰਦੁਆਰਿਆਂ ਵਿਚ ਅਜਿਹੇ ਕੈਂਪ ਲਾਉਣੇ ਚਾਹੀਦੇ ਹਨ।ਇਸ ਕੈਂਪ ਵਿਚ ਵਲੰਟੀਅਰਾਂ ਨੇ ਵੀ ਵਧ ਚੜ ਕੇ ਹਿੱਸਾ ਲਿਆ।ਓਹਾਇਔ ਸੂਬੇ ਦੇ ਸ਼ਹਿਰ ਸਪਰਿੰਗਫ਼ੀਲਡ ਤੋਂ ਆਏ ਸ. ਅਵਤਾਰ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਤੇ ਲੜਕੀ ਨੇ ਵਲੰਟੀਅਰ ਦੀਆਂ ਸੇਵਾਵਾਂ ਨਿਭਾਈਆਂ।ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਬਚੇ ਕਲੀਵਲੈਂਡ ਵਿਚ ਲਗਦੇ ਕੈਂਪ ਵਿਚ ਹਰ ਸਾਲ ਭਾਗ ਲੈਂਦੇ ਹਨ। ਇਸ ਨਾਲ ਬਚਿਆਂ ਨੂੰ ਹੋਰਨਾਂ ਗੱਲਾਂ ਤੋਂ ਇਲਾਵਾ ਚੰਗੀ ਜੀਵਨ ਜਾਚ ਸਿੱਖਣ ਨੂੰ ਮਿਲਦੀ ਹੈ, ਜਿਸ ਦੀ ਕਿ ਅਜੋਕੇ ਸਮਾਜ ਨੂੰ ਬਹੁਤ ਜਰੂਰਤ ਹੈ।ਡੇਟਨ(ਓਹਾਇਔ) ਤੋਂ ਇੰਜ. ਸਮੀਪ ਸਿੰਘ ਆਪਣੇ ਛੋਟੇ ਛੋਟੇ ਬਚਿਆਂ ਨੂੰ ਇਹ ਸਮਾਗਮ ਵਿਖਾਉਣ ਲਈ ਲਿਆਇਆ ਹੋਇਆ ਸੀ ਤਾਂ ਜੋ ਭਵਿਖ ਵਿਚ ਉਨ੍ਹਾਂ ਵਿਚ ਵੀ ਕੈਂਪ ਵਿਚ ਸ਼ਾਮਲ ਹੋਣ ਲਈ ਉਤਸ਼ਾਹ ਪੈਦਾ ਹੋਵੇ।