ਇਸਲਾਮਾਬਾਦ- ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਚਹੇਤੇ ਅਤੇ ਸੱਭ ਤੋਂ ਭਰੋਸੇਮੰਦ ਸਾਥੀ ਮਮਨੂਨ ਹੁਸੈਨ ਮੰਗਲਵਾਰ ਨੂੰ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ। ਮਮਨੂਨ ਹੁਸੈਨ ਦਾ ਜਨਮ 1940 ਵਿੱਚ ਭਾਰਤ ਦੇ ਸੂਬੇ ਉਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਹੋਇਆ ਸੀ। ਹੁਸੈਨ 1999 ਵਿੱਚ ਸਿੰਧ ਸੂਬੇ ਦੇ ਗਵਰਨਰ ਵੀ ਰਹਿ ਚੁੱਕੇ ਹਨ।
ਪਾਕਿਸਤਾਨ ਮੁਸਲਿਮ ਲੀਗ ਦੇ ਉਮੀਦਵਾਰ ਹੁਸੈਨ ਨੂੰ 277 ਵੋਟ ਪ੍ਰਾਪਤ ਕਰਨ ਤੋਂ ਬਾਅਦ ਅਗਲਾ ਰਾਸ਼ਟਰਪਤੀ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 263 ਵੋਟਾਂ ਦੀ ਜਰੂਰਤ ਸੀ। ਤਹਿਰੀਖ-ਏ-ਇਨਸਾਫ਼ ਦੇ ਉਮੀਦਵਾਰ ਅਹਿਮਦ ਨੇ ਸਿਰਫ਼ 34 ਵੋਟ ਹੀ ਹਾਸਿਲ ਕੀਤੇ। ਅਜੇ ਰਸਮੀ ਤੌਰ ਤੇ ਰਾਸ਼ਟਰਪਤੀ ਸਬੰਧੀ ਐਲਾਨ ਕਰਨਾ ਅਜੇ ਬਾਕੀ ਹੈ। ਉਹ ਸਿਤੰਬਰ ਵਿੱਚ ਮੌਜੂਦਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦਾ ਸਥਾਨ ਲੈਣਗੇ। ਹੁਣ ਤੱਕ ਪਾਕਿਸਤਾਨ ਦੇ 11 ਰਾਸ਼ਟਰਪਤੀ ਹੋਏ ਹਨ, ਜਿਨ੍ਹਾਂ ਵਿੱਚੋਂ 5 ਆਰਮੀ ਜਨਰਲ ਸਨ।
ਕਰਾਚੀ ਦੇ ਬਿਜ਼ਨਸਮੈਨ ਹੁਸੈਨ ਪਾਰਟੀ ਦੇ ਉਪ ਪ੍ਰਧਾਨ ਵੀ ਹਨ।ਮਮਨੂਨ ਹੁਸੈਨ ਨੇ ਕਰਾਚੀ ਦੇ ਇੰਸਟੀਟਿਊਟ ਆਫ਼ ਬਿਜ਼ਨਸ ਐਡਮਿਨਿਸਟਰੇਸ਼ਨ ਤੋਂ ਗਰੈਜੂਏਸ਼ਨ ਡਿਗਰੀ ਹਾਸਿਲ ਕੀਤੀ ਸੀ।ਇਸ ਸਮੇਂ ਸਿੰਧ ਵਿੱਚ ਆਪਣਾ ਟੈਕਸਟਾਈਲਜ਼ ਦਾ ਕਾਰੋਬਾਰ ਵੀ ਸੰਭਾਲ ਰਹੇ ਹਨ।