ਖਡੂਰ ਸਾਹਿਬ-ਸਾਬਕਾ ਸੰਸਦ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਜਿਹਨਾਂ ਦੀ ਪਛਾਣ ਰਾਸ਼ਟਰੀ ਪੱਧਰ ਦੇ ਸਿੱਖ ਸਿਆਸਤਦਾਨ ਵਜੋਂ ਹੈ, ਵੱਲੋਂ ਅੱਜ ਆਪਣੀ ਖਡੂਰ ਸਾਹਿਬ ਫੇਰੀ ਦੌਰਾਨ ਕਾਰ ਸੇਵਾ ਅਧੀਨ ਚੱਲ ਰਹੀ ਪ੍ਰਸਿੱਧ ਸੰਸਥਾ ‘ਨਿਸ਼ਾਨ-ਏ-ਸਿੱਖੀ’ ਅਤੇ ਹੋਰ ਅਦਾਰਿਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਹਨਾਂ ਨੇ ਬਾਬਾ ਸੇਵਾ ਸਿੰਘ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਹਨਾਂ ਕਾਰਜਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ।
ਸ. ਤਰਲੋਚਨ ਸਿੰਘ ਨੇ ਅੱਜ ਖਡੂਰ ਸਾਹਿਬ ਪਹੁੰਚਦਿਆਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਵਿਖੇ ਮੱਥਾ ਟੇਕਿਆ ਜਿੱਥੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਪਰਮਜੀਤ ਸਿੰਘ ਨੇ ਸਿਰਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਉਹਨਾਂ ਨੇ ਬਾਬਾ ਸੇਵਾ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ‘ਨਿਸ਼ਾਨ-ਏ-ਸਿੱਖੀ’ ਇਮਾਰਤ ਵਿਖੇ ਧਰਮ, ਡਿਫੈਂਸ, ਮੈਡੀਕਲ, ਅਤੇ ਇੰਜੀਨੀਅਰਿੰਗ ਦੇ ਖੇਤਰ ਦੀ ਉਚ ਪੱਧਰੀ ਵਿੱਦਿਆ ਪ੍ਰਦਾਨ ਕਰ ਰਹੇ ਵੱਖ-ਵੱਖ ਇੰਸਟੀਚਿਊਟਾਂ ਦਾ ਦੌਰਾ ਕੀਤਾ। ਇਸ ਤਹਿਤ ਉਹਨਾਂ ਨੇ ਇਹਨਾਂ ਇੰਸਟੀਚਿਊਟਾਂ ਦੇ ਡਾਇਰੈਕਟਰ ਸਾਹਿਬਾਨਾਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸੰਬਧਿਤ ਇੰਸਟੀਚਿਊਟ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਉਹਨਾਂ ਨੂੰ ਆਪਣੇ ਵੱਡਮੁੱਲੇ ਸੁਝਾਅ ਵੀ ਦਿੱਤੇ। ਇਸ ਤੋਂ ਇਲਾਵਾ ਉਹਨਾਂ ਨੇ ਇਥੋਂ ਦੇ ਵਿੱਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਉਹ ਕਾਰ ਸੇਵਾ ਅਧੀਨ ਧਰਮ, ਵਿੱਦਿਆ, ਵਾਤਾਵਰਨ ਸੰਭਾਲ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ’ਚ ਚੱਲ ਰਹੇ ਪ੍ਰਾਜੈਕਟਾਂ ਤੋਂ ਬੇਹੱਦ ਪ੍ਰਭਾਵਿਤ ਹੋਏ ਅਤੇ ਉਹਨਾਂ ਇਸ ਬਾਰੇ ਬਾਬਾ ਜੀ ਨਾਲ ਅਹਿਮ ਵਿਚਾਰਾਂ ਕੀਤੀਆਂ। ਉਹਨਾਂ ਨੇ ਇਹਨਾਂ ਕਾਰਜਾਂ ਸਬੰਧੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਬਾਬਾ ਸੇਵਾ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਬੇਮਿਸਾਲ ਹਨ। ਉਹਨਾਂ ਕਿਹਾ ਕਿ ਇਸ ਵੇਲੇ ਸਿੱਖ ਨੌਜਵਾਨੀ ਹਰ ਪੱਖੋਂ ਪਿੱਛੇ ਜਾ ਰਹੀ ਹੈ ਤੇ ਕੁਰਾਹੇ ਪੈ ਰਹੀ ਹੈ ਤੇ ਬਾਬਾ ਸੇਵਾ ਸਿੰਘ ਜੀ ਵੱਲੋਂ ਇਸ ਦਿਸ਼ਾ ਵਿਚ ਸੁਧਾਰ ਲਿਆਉਣ ਲਈ ਅਤੇ ਸਿੱਖ ਨੌਜਵਾਨਾਂ ਨੂੰ ਉਚੀਆਂ ਪਦਵੀਆਂ ’ਤੇ ਪਹੁੰਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬੇਹੱਦ ਸ਼ਲਾਘਾਯੋਗ ਹਨ। ਉਹਨਾਂ ਇਹ ਵੀ ਕਿਹਾ ਕਿ ਵਾਤਾਵਰਨ ਸੰਭਾਲ ਇਸ ਵੇਲੇ ਪੰਜਾਬ ਤੇ ਸਮੁੱਚੀ ਲੋਕਾਈ ਦਾ ਭਖਵਾਂ ਮੁੱਦਾ ਬਣਿਆ ਹੋਇਆ ਹੈ ਅਤੇ ਕਾਰ ਸੇਵਾ ਅਧੀਨ ਜੋ ਵਾਤਾਰਨ ਸੰਭਾਲ ਲਈ ਉ¤ਦਮ ਕੀਤੇ ਜਾ ਰਹੇ ਹਨ, ਉਹਨਾਂ ਤੋਂ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਬਾਬਾ ਬਲਦੇਵ ਸਿੰਘ, ਸ. ਸੰਦੀਪ ਸਿੰਘ ਰੰਧਾਵਾ, ਸ. ਸਰੂਪ ਸਿੰਘ ਆਈ.ਪੀ.ਐ¤ਸ. (ਸੇਵਾ ਮੁਕਤ), ਸ. ਬਲਦੇਵ ਸਿੰਘ ਸੰਧੂ (ਸੇਵਾ ਮੁਕਤ) ਡੀ.ਜੀ.ਐਮ. ਪੰਜਾਬ ਐਂਡ ਸਿੰਧ ਬੈਂਕ, ਸ. ਗੁਰਸ਼ਰਨਜੀਤ ਸਿੰਘ ਮਾਨ ਅਤੇ ਸ. ਪਿਆਰਾ ਸਿੰਘ (ਦੋਵੇਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ) ਆਦਿ ਹਾਜ਼ਰ ਸਨ।