ਬਹੁਮੁੱਲਾ ਸਰਮਾਇਆ ਚਾਨਣ,
ਕਿਸੇ ਕਿਸੇ ਨੇ ਪਾਇਆ ਚਾਨਣ।
ਮਨ ਅੰਦਰ ਤਾਂ ਲਟਕਣ ਜਾਲੇ,
ਤਨ ‘ਤੇ ਖੂਬ ਸਜਾਇਆ ਚਾਨਣ।
ਨੇਰ੍ਹੇ ਦੀ ਹਰ ਕਾਤਰ ਸ਼ਾਤਰ,
ਪੱਥਰਾਂ ‘ਤੇ ਖੁਣਵਾਇਆ ਚਾਨਣ।
ਸ਼ਹਿਰ ਦੀ ਜਗਮਗ ਨਿਰਾ ਛਲਾਵਾ,
ਇਹ ਨਾ ਸਮਝ ਕਿ ਆਇਆ ਚਾਨਣ।
ਯਤਨ ਬੜੇ ਕੀਤੇ ਕਾਲਖ਼ ਨੇ,
ਗਿਆ ਨਾ ਪਰ ਦਫਨਾਇਆ ਚਾਨਣ।
ਕੂੜ ਨੇ ਕੀਤੀ ਰਾਤ ਦੀ ਰਾਖੀ,
ਸੱਚ ਨੇ ਸੀਨੇ ਲਾਇਆ ਚਾਨਣ।
ਸਾਡੇ ਸੁਪਨੇ ਨੇਰ੍ਹ ‘ਚ ਰੁਲ’ਗੇ,
ਸਾਡਾ ਕਿਸ ਹਥਿਆਇਆ ਚਾਨਣ।
ਦੀਪ ਜਦੋਂ ਮੱਥੇ ਵਿਚ ਬਲਿਆ,
‘ਮਾਨ’ ਉਦੋਂ ਹੀ ਆਇਆ ਚਾਨਣ।