ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਵਿਖੇ ਪੱਤਰਕਾਰ ਵਾਰਤਾ ਦੇ ਦੌਰਾਨ ਗੁਜਰਾਤ ਸਰਕਾਰ ਵਲੋਂ ਕੱਛ ਵਿਚ ਕਿਸਾਨੀ ਕਰ ਰਹੇ ਪੰਜਾਬ ਦੇ ਸਿੱਖ ਕਿਸਾਨਾ ਨੂੰ ਪ੍ਰਦੇਸ ਛੱਡ ਕੇ ਚਲੇ ਜਾਣ ਨੂੰ ਹਾਸੋਹਿਣਾ ਦਸਦੇ ਹੋਏ ਕਿਸਾਨਾ ਦਾ ਸਾਥ ਦੇਣ ਦਾ ਏਲਾਨ ਕਰਦੇ ਹੋਏ ਦਾਅਵਾ ਕੀਤਾ ਕਿ ਕਿਸੇ ਵੀ ਕੀਮਤ ਤੇ ਇਨ੍ਹਾਂ ਕਿਸਾਨਾ ਨੂੰ ਇਨ੍ਹਾਂ ਦੀ ਜ਼ਮੀਨਾ ਤੋਂ ਬੇਦਖਲ ਨਹੀਂ ਹੋਣ ਦਿੱਤਾ ਜਾਵੇਗਾ। ਇਥੇ ਇਹ ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਲਾਲਬਹਾਦੁਰ ਸ਼ਾਸਤਰੀ ਨੇ 1960 ਦੇ ਦਹਾਕੇ ਦੌਰਾਨ ਪਾਕਿਸਤਾਨ ਨਾਲ ਲੜਾਈ ਤੋਂ ਬਾਅਦ ਦੇਸ਼ ਦੀ ਸੁਰਖਿਆ ਦੀ ਮਜ਼ਬੂਤੀ ਵਾਸਤੇ ਪੰਜਾਬੀਆਂ ਨੂੰ ਗੁਜਰਾਤ ਦੇ ਕੱਛ ਇਲਾਕੇ ਵਿਚ ਲਿਆ ਕੇ ਵਸਾਇਆ ਸੀ ਤੇ ਇਨ੍ਹਾਂ ਜ਼ਮੀਨਾ ਦੇ ਕਾਗਜ਼ਾਤ ਇਨ੍ਹਾਂ ਕਿਸਾਨਾ ਕੋਲ ਮੌਜੂਦ ਹਨ, ਪਰ ਗੁਜਰਾਤ ਸਰਕਾਰ ਨੇ 30-40 ਸਾਲਾਂ ਤੋ ਗੁਜਰਾਤ ਰਾਜ ਵਿਖੇ ਖੇਤੀ ਕਰ ਰਹੇ ਸਿੱਖ ਕਿਸਾਨਾ ਨੂੰ ਗੁਜਰਾਤੀ ਨਾਗਰਿਗ ਮਨਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਦੀ ਜ਼ਮੀਨਾ ਦਾ ਅਧਿਗ੍ਰਹਣ ਕਰਨ ਦਾ ਤੁਗਲਕੀ ਆਦੇਸ਼ ਦਿੱਤਾ ਸੀ। ਜਿਸਦੇ ਖਿਲਾਫ ਕਿਸਾਨ ਗੁਜਰਾਤ ਹਾਈਕੋਰਟ ਵਿਖੇ ਮੁਕੱਦਮਾ ਜਿੱਤ ਚੁਕੇ ਹਨ। ਪਰੰਤੁ ਗੁਜਰਾਤ ਸਰਕਾਰ ਨੇ ਸਾਰੇ ਨਿਯਮ ਕਾਯਦਿਆਂ ਨੂੰ ਛਿੱਕੇ ਤੇ ਟੰਗ ਕੇ ਹੁਣ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ।
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਾਡੇ ਕੌਮੀ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਮਸਲੇ ਤੇ ਬਿਤੇ ਦਿਨੀ ਭਾਜਪਾ ਆਗੂਆਂ ਅਤੇ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਸਾਨੂੰ ਇਹ ਲਗਣ ਲਗਾ ਸੀ ਕਿ ਗੁਜਰਾਤ ਸਰਕਾਰ ਕਿਸਾਨਾ ਦਾ ਹੱਕ ਨਹੀਂ ਖੋਏਗੀ। ਪਰੰਤੁ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿਖੇ ਜਾਕੇ ਨਾ ਕੇਵਲ ਨਾਗਰਿਕਾ ਦੇ ਸਵੈਧਾਨਿਕ ਅਧਿਕਾਰਾਂ ਦਾ ਉਲੰਘਨ ਕੀਤਾ ਹੈ ਸਗੋ ਭਾਰਤੀਆਂ ਦੇ ਮਨ ਵਿਚ ਨਫਰਤ ਫੈਲਾਕੇ ਵੰਡ ਪਾਉਂਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਛੇਤੀ ਹੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੌਦੀ ਨਾਲ ਮਿਲਕੇ ਇਨ੍ਹਾਂ 5,000 ਸਿੱਖ ਪਰਿਵਾਰਾਂ ਨੂੰ ਉਨ੍ਹਾਂ ਹੱਕ ਦਿਲਾਉਂਣ ਲਈ ਸੰਘਰਸ਼ ਕਰਣਗੇ। ਉਨ੍ਹਾਂ ਨੇ ਗੁਜਰਾਤ ਸਰਕਾਰ ਤੋਂ 27 ਅਗਸਤ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲੇ ਇਨ੍ਹਾਂ ਕਿਸਾਨਾ ਨੂੰ ਉਨ੍ਹਾਂ ਦਾ ਹੱਕ ਦੇਣ ਦੀ ਮੰਗ ਵੀ ਕੀਤੀ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਕ ਪਾਸੇ ਤਾਂ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਨਣਾ ਚਾਹੁੰਦੇ ਹਨ ਤੇ ਦੁਜੇ ਪਾਸੇ ਪਰਪ੍ਰਾੰਤੀਯੇ ਦੇ ਨਾਂ ਤੇ ਉਨ੍ਹਾਂ ਦਾ ਪ੍ਰਸ਼ਾਸਨ ਸਿੱਖ ਕਿਸਾਨਾ ਨੁੰ ਆਪਣੇ ਰਾਜ ਚੋ ਬਾਹਰ ਕਢਣ ਲਈ ਉਤਾਵਲਾ ਲਗਦਾ ਹੈ। ਇਸ ਲਈ ਮੋਦੀ ਦਾ ਫਰਜ਼ ਬਣਦਾ ਹੈ ਕਿ ਉਹ ਗੁਜਰਾਤ ਦੇ ਸੀਮਾਵਰਤੀ ਇਲਾਕਿਆਂ ਦੀ ਬੰਜਰ ਜ਼ਮੀਨ ਨੂੰ ਆਪਣੀ ਮੇਹਨਤ ਸਦਕਾ ਉਪਜਾਉ ਬਨਾਉਂਣ ਵਾਲੇ ਇਨ੍ਹਾ ਕਿਸਾਨਾ ਦੀ ਸਾਰ ਲੈਣ। ਇਸ ਮੌਕੇ ਇਨ੍ਹਾਂ ਕਿਸਾਨਾ ਦੇ ਆਗੂ ਸੁਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਿਸ ਅਧਾਰ ਤੇ ਗੁਜਰਾਤ ਸਰਕਾਰ ਸਾਨੂੰ ਸਾਡੀਆਂ ਜ਼ਮੀਨਾ ਤੋਂ ਬੇਦਖਲ ਕਰਨਾ ਚਾਹੁੰਦੀ ਹੈ ਤੇ ਉਸ ਅਧਾਰ ਤੇ ਤਾਂ ਮੋਦੀ ਵੀ ਪਰਪ੍ਰਾੰਤੀਯੇ ਹੋਣ ਦੇ ਕਾਰਣ ਦਿੱਲੀ ਵਿਖੇ ਪ੍ਰਧਾਨ ਮੰਤਰੀ ਬਨਣ ਦਾ ਦਾਅਵਾ ਨਹੀਂ ਕਰ ਸਕਦੇ। ਉਨ੍ਹਾਂ ਨੇ ਗੁਜਰਾਤ ਸਰਕਾਰ ਤੇ ਆਰੋਪ ਲਗਾਇਆ ਕਿ ਉਸਦੀ ਸ਼ਹਿ ਤੇ ਪ੍ਰਸ਼ਾਸਨ ਸਫੇਦ ਲੁੱਟ ਮਚਾ ਰਿਹਾ ਹੈ, ਤੇ ਕਿਸਾਨ ਦਾ ਪੁੱਤਰ ਜਾਂ ਤੇ ਕਿਸਾਨੀ ਕਰਦਾ ਤੇ ਜਾਂ ਫੋਜ ਵਿਚ ਭਰਤੀ ਹੁੰਦਾ ਹੈ ਤੇ ਦੋਨੋ ਹੀ ਕੰਮ ਕਰਦੇ ਹੋਏ ਕਦੇ ਵੀ ਉਹ ਆਪਣੇ ਮਨ ਵਿਚ ਇਹ ਖਿਆਲ ਨਹੀਂ ਲਿਆਉਂਦਾ ਕਿ ਉਹ ਕਿਹੜੇ ਪ੍ਰਾਂਤ ਵਾਸਤੇ ਕੰਮ ਕਰ ਰਿਹਾ ਹੈ। ਇਸ ਮੌਕੇ ਸੈਂਕੜੋ ਪੀੜਤ ਕਿਸਾਨ ਮੌਜੂਦ ਸਨ।