ਅੰਮ੍ਰਿਤਸਰ :- ਗੁਜਰਾਤ ਵਿੱਚ ਸਿੱਖ ਕਿਸਾਨਾਂ ਤੋਂ ਧੱਕੇ ਨਾਲ ਖੋਹੀਆਂ ਜਾ ਰਹੀਆਂ ਜ਼ਮੀਨਾਂ ਦੇ ਸਬੰਧ ਵਿੱਚ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਜਰਾਤ ਸਰਕਾਰ ਦਾ ਇਹ ਵਰਤਾਰਾ ਬੇਹੱਦ ਮੰਦਭਾਗਾ ਤੇ ਨਿੰਦਣਯੋਗ ਹੈ। ਉਹਨਾਂ ਨੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕੀਤੇ ਜਾ ਰਹੇ ਜ਼ਬਰੀ ਕਬਜਿਆਂ ਬਾਰੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨ।
ਉਹਨਾਂ ਕਿਹਾ ਕਿ ਪ੍ਰਭਾਵਤ ਸਿੱਖ ਕਿਸਾਨਾਂ ਨੂੰ ਇਹ ਜਮੀਨਾਂ 1960 ਦੇ ਦਹਾਕੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਗੁਜਰਾਤ ਦੇ ਕੱਛ ਇਲਾਕੇ ‘ਚ ਅਲਾਟ ਕੀਤੀਆਂ ਸਨ ‘ਤੇ ਇਹਨਾਂ ਜਮੀਨਾਂ ਦੇ ਕਾਗਜ ਪੱਤਰ ਬਕਾਇਦਾ ਕਿਸਾਨਾਂ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਬੰਜਰ ਜਮੀਨਾਂ ਨੂੰ ਪੰਜਾਬ ਦੇ ਕਿਸਾਨਾਂ ਨੇ ਆਪਣੀ ਹੱਡ ਚੀਰਵੀਂ ਮਿਹਨਤ ਕਰਕੇ ਉਪਜਾਊ ਬਣਾਇਆ ਹੈ, ਗੁਜਰਾਤ ਸਰਕਾਰ ਇਹਨਾਂ ਕਿਸਾਨਾਂ ਨੂੰ ਉਜਾੜਨ ਦੀ ਬਜਾਏ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਲਾਗੂ ਕਰੇ ‘ਤੇ ਉਥੇ ਵਸਦੇ ਘੱਟ-ਗਿੱਣਤੀ ਸਿੱਖ ਕਿਸਾਨਾਂ ਦੀ ਜਾਨ ਤੇ ਮਾਲ ਦੀ ਮੁਦੱਈ ਬਣਕੇ ਆਪਣੇ ਨਾਲ ਲਾਵੇ। ਉਨ੍ਹਾਂ ਕਿਹਾ ਕਿ ਪ੍ਰਭਾਵਤ ਸਿੱਖ ਕਿਸਾਨਾਂ ਦੀਆਂ ਜਮੀਨਾਂ ਬਾਰੇ 2012 ‘ਚ ਵੀ ਗੁਜਰਾਤ ਦੇ ਮੰਤਰੀ ਨੂੰ ਪੱਤਰ ਲਿਖਿਆ ਗਿਆ ਸੀ ਤੇ ਹੁਣ ਫੇਰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਮਿਹਨਤੀ ਸਿੱਖ ਕਿਸਾਨਾਂ ਨਾਲ ਧੱਕਾ ਨਾ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰੀ ਪੱਧਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਕਿਸਾਨਾਂ ਦੇ ਉਜਾੜੇ ਨੂੰ ਰੋਕਿਆ ਜਾਵੇ।