ਡਾਕਟਰ ਮੈਰੀ ਨਾਲ਼ ਗੱਲ ਬਾਤ ਕਰਦਿਆਂ, ਹਰੀਮੋਹਨ ਨੂੰ ਇਹ ਤਾਂ ਸਮਝ ਆ ਗਈ ਕਿ ਉਸ ਦੀ ਪਤਨੀ ਸ਼ਿਲਪਾ ਦੀ ਕੁੱਖ ਹਰੀ ਕਰਨ ਲਈ ਨਵੇਂ ਪ੍ਰਚੱਲਤ ਢੰਗ ਵੀ ਵਰਤਕੇ ਵੇਖ ਲੈਣੇ ਚਾਹੀਦੇ ਹਨ। ਡਾਕਟਰ ਨੇ ਖਰਚੇ ਦਾ ਵੇਰਵਾ ਵੀ ਪਾਇਆ ਪਰ ਹਰੀਮੋਹਨ ਨੂੰ ਮਾਇਆ ਦੀ ਚਿੰਤਾ ਨਹੀਂ ਸੀ। ਚਿੰਤਾ ਸੀ ਤਾਂ ਵਰਤ ਰਹੀ ਪ੍ਰਭੂ ਮਿਹਰ ਦੀ ਕਮੀ ਦੀ, ਜਿਸ ਨੂੰ ਰੱਬ ਦੀ ਕਰੋਪੀ ਕਹਿਣ ਤੋਂ ਸ਼ਿਲਪਾ ਗੁਰੇਜ਼ ਕਰਦੀ ਸੀ। ਪੂਜਾ ਦੀ ਕਮੀ ਤਾਂ ਉਸ ਵਿਚਾਰੀ ਨੇ ਰਹਿਣ ਨਹੀਂ ਸੀ ਦਿੱਤੀ ਅਤੇ ਨਾ ਹੀ ਕਦੇ ਵਾਹਿਗੁਰੂ ਦੀ ਮਿਹਰ ਨੂੰ ਊਣੀਂ ਕਿਹਾ। ਡਾਕਟਰ ਮੈਰੀ ਦਾ ਇਲਾਜ ਬਹੁਤ ਦੇਰ ਚਲਦਾ ਰਿਹਾ। ਹੁਣ ਉਹ ਡਾਕਟਰ ਚਾਂਦਨੀ ਦੀ ਸਪੈਸ਼ਲਿਟੀ ਵੱਲ ਇਸ਼ਾਰਾ ਕਰ ਰਹੀ ਸੀ ਅਤੇ ਕੇਸ ਉਸ ਕੋਲ਼ ਰੈਫਰ ਕਰਨ ਦੀ ਸਲਾਹ ਦਿੰਦੀ ਰਹਿੰਦੀ ਸੀ।
ਅੱਜ ਹਰੀਮੋਹਨ ਡਾਕਟਰ ਮੈਰੀ ਕੋਲ਼, ਰੈਫਰੈਂਸ ਪੱਤਰ ਲੈਣ ਲਈ, ਮਿੱਥੇ ਸਮੇਂ ਤੇ ਪਹੁੰਚ ਗਿਆ। ਡਾਕਟਰ ਨੇ ਕਲਿਨਿਕ ਖੁਹਲਣ ਤੋਂ ਪਹਿਲਾਂ ਹੀ ਬੁਲਾਇਆ ਸੀ। ਹਰੀਮੋਹਨ ਹੈਰਾਨ ਸੀ ਕਿ ਮੈਰੀ ਨੇ ਅਜੇਹਾ ਕਿਉਂ ਕੀਤਾ। ਡਾਕਟਰ ਨੇ ਹਰੀਮੋਹਨ ਦਾ ਸਵਾਗਤ ਕੀਤਾ।
ਅਤੇ ਅਖਿਆ,“ ਆਓ ਕੈਫੀਟੇਰੀਏ ਵਿੱਚ ਚਲਕੇ ਕੌਫੀ ਪੀਂਦੇ ਆਂ। ਚਿੱਠੀ ਵੀ ਓਥੇ ਬਹਿ ਕੇ ਹੀ ਲਿਖ ਦਿਆਂਗੀ। ਡਾ: ਚਾਂਦਨੀ ਅਪਣੇ ਕੰਮ ਵਿੱਚ ਬਹੁਤ ਨਿਪੁਣ ਹੈ।”
ਮਰਦਾ ਕੀ ਨਹੀਂ ਕਰਦਾ। ਹਰੀਮੋਹਨ ਡਾਕਟਰ ਦੇ ਪਿੱਛੇ ਹੋ ਲਿਆ ਅਤੇ ਦੋਵੇਂ ਇੱਕ ਕੋਣੇ ਵਿੱਚ ਟੇਬਲ ਮੱਲ ਕੇ ਬਹਿ ਗਏ। ਕੁੱਝ ਮਿੰਟਾਂ ਦੀ ਖਾਮੋਸ਼ੀ ਨੂੰ ਅਲਵਿਦਾ ਆਖ, ਉਸ ਨੇ ਮੈਰੀ ਨੂੰ ਸੰਬੋਧਿਤ ਕੀਤਾ,“ ਡਾਕਟਰ ਜੀ ਖਾਣ ਲਈ ਕੀ ਲਿਆਵਾਂ, ਕੌਫੀ ਨਾਲ਼। ਆਪ ਦੀ ਪਸੰਦ ਦਾ ਮੈਨੂੰ ਗਿਆਨ ਨਹੀਂ।”
ਹਰੀਮੋਹਨ ਖਲੋਣ ਲਗਾ ਪਰ ਡਾਕਟਰ ਨੇ ਬਿਰਾਜਮਾਨ ਰਹਿਣ ਲਈ ਕਿਹਾ,“ ਜੋ ਤੈਨੂੰ ਪਸੰਦ ਹੈ ਬੋਲ, ਨਹੀਂ ਤਾਂ ਜੋ ਮੈਂ ਲਵਾਂਗੀ ਤੂੰ ਵੀ ਉਹੀ ਖਾ ਲਵੀਂ। ਵਰਤਾਉਣ ਵਾਲੀ ਕੁੜੀ ਨੂੰ ਸਭ ਪਤਾ ਹੀ ਹੈ। ਮੇਰਾ ਨਿੱਤ ਨਾਸ਼ਤਾ ਐਥੇ ਹੀ ਹੁੰਦਾ ਹੈ। ਕੁੱਝ ਮਿੰਟਾਂ ਵਿੱਚ ਪਹੁੰਚ ਜਾਏਗਾ। ਅਪਣੇ ਦੇਸ਼ ਵਿੱਚ ਮਰਦ ਕਰਦੇ ਨੇ ਕੁੜੀਆਂ ਦੀ ਆਓ ਭਗਤ ਪਰ ਜ਼ਮਾਨਾ ਬਦਲ ਚੁਕਾ ਹੈ। ਨਾਲ਼ੇ ਇਹ ਅਮਰੀਕਾ ਹੈ।” ਡਾਕਟਰ ਨੇ ਬੜੇ ਪਿਆਰ ਨਾਲ਼ ਅਪਣੇ ਉੱਨਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
“ ਠੀਕ ਐ ਡਾਕਟਰ ਜੀ। ਅੱਜ ਆਪ ਦੀ ਪਸੰਦ ਹੀ ਖਾਵਾਂਗਾ। ਵੈਸੇ ਸ਼ਿਲਪਾ ਨਾਸ਼ਤਾ ਕਰਵਾਏ ਬਿਨਾਂ ਘਰੋਂ ਪੈਰ ਪੁੱਟਣ ਨਹੀਂ ਦਿੰਦੀ। ਕਹਿੰਦੀ ਐ ਆਦਮੀ ਅਪਣਾ ਖਿ਼ਆਲ ਨਹੀਂ ਰੱਖਦੇ।” ਉਹ ਧੀਮੀ ਜਿਹੀ ਵਾਣੀ ਬੋਲਿਆ, ਨਾਲ਼ ਦੀ ਨਾਲ਼ ਮਨ ਵਿੱਚ ਇੱਕ ਤਰੰਗ ਨੇ ਵਾਹਣ ਵੀ ਕੀਤਾ — ਡਾਕਟਰ ਕਿੰਨੀ ਚੰਗੀ ਐ। ਸੋਹਣੀ ਵੀ। ਪਿਆਰੀ ਵੀ।
ਨਾਸ਼ਤਾ ਨਿੱਬੜਨ ਤੇ ਆਇਆ ਜਦੋਂ ਡਾਕਟਰ ਨੇ ਹਰੀਮੋਹਨ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ,“ ਹਰੀਮੋਹਨ, ਜੇਕਰ ਨਵੇਂ ਢੰਗ ਵੀ ਅਸਫਲ਼ ਰਹੇ, ਜਿਸ ਦਾ ਪਤਾ ਕੁੱਝ ਮਾਹ ਵਿੱਚ ਹੀ ਲਗ ਜਾਣਾ ਚਾਹੀਦਾ ਹੈ, ਤਾਂ ਤੁਸੀਂ ਸਰੋਗੇਟ ਮਦਰ ਵਾਲਾ ਰਸਤਾ ਅਪਣਾਉਣ ਲਈ ਤਿਆਰ ਹੋ।”
“ ਡਾਕਟਰ ਜੀ ਪੈਸੇ ਦੇ ਕੇ ਕੁੱਖ ਖਰੀਦਣਾ ਕੁੱਝ ਜਚਦਾ ਨਹੀਂ। ਕਿੰਨੇ ਹੀ ਕੇਸ ਵੇਖਣ ਵਿੱਚ ਆਉਂਦੇ ਨੇ, ਅਸਲ ਮਾਵਾਂ ਬੱਚੇ ਵਾਪਸ ਮੰਗ ਲੈਂਦੀਆਂ ਨੇ। ਕੋਰਟਾਂ ਵਿੱਚ ਧੱਕੇ ਖਾਣੇ ਪੈਂਦੇ ਨੇ। ਵਕੀਲਾਂ ਦੇ ਵਸ ਪੈਣ ਨਾਲੋਂ ਤਾਂ ਪ੍ਰਭੂ ਦਾ ਭਾਣਾ ਮੰਨਣ ਵਿੱਚ ਹੀ ਸਿਆਣਪ ਹੈ।”
“ ਨਹੀਂ ਹਰੀਮੋਹਨ। ਮੇਰਾ ਮਤਲਬ ਕੁੱਖ ਖਰੀਦਣ ਤੋਂ ਨਹੀਂ ਸੀ। ਜੇ ਮੈਂ ਅਪਣੀ ਕੁੱਖ ਦੀ ਗੱਲ ਕਰਾਂ ਤਾਂ ਤੈਨੂੰ ਮਨਜ਼ੂਰ ਹੋਵੇਗਾ। ਕੋਈ ਖਰਚਾ ਨਹੀਂ। ਕੀ ਤੂੰ ਅਪਣੀ ਵਹੁਟੀ ਨੂੰ ਰਜ਼ਾਮੰਦ ਕਰ ਲਵੇਂਗਾ?” ਡਾਕਟਰ ਨੇ ਅਪਣਾ ਪੱਛਮੀ ਖੁਹਲਾਪਣ ਨਿਧੜਕ ਸਾਹਮਣੇ ਲੈ ਆਂਦਾ।
“ ਡਾਕਟਰ ਜੀ ਤੁਸੀਂ ਕਿੰਨੇ ਚੰਗੇ ਹੋ। ਕਈ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਸੀ ਪਰ ਸਾਡੇ ਸਮਾਜ ਵਿੱਚ ਅਜੇਹੀ ਸੇਵਾ ਕਰਨੀ ਵੀ ਕੋਈ ਸੌਖੀ ਤਾਂ ਨਹੀਂ। ਦਾਦ ਦੇਣੀ ਪੈਂਦੀ ਐ ਆਪ ਦੇ ਜਿਗਰੇ ਦੀ।” ਹਰੀਮੋਹਨ ਚੁੱਪ ਹੋ ਗਿਆ। ਸੋਚਾਂ ਦੇ ਹੜ ਚ ਵਹਿ ਗਿਆ, ਵਿਚਾਰਾ। ਮਨ ਨੇ ਵਿਰੋਧ ਕੀਤਾ। ਇਹ ਪ੍ਰਸਤਾਵ ਸਿਲ਼ਪਾ ਤੱਕ ਪਹੁੰਚਾਉਣਾ ਬਹੁਤ ਔਖਾ ਹੈ।
ਮੈਰੀ ਨੇ ਸ਼ਫਾਰਸ਼ੀ ਚਿੱਠੀ ਫੜਾਈ ਅਤੇ ਹਰੀਮੋਹਨ ਨੂੰ ਤਾਕੀਦ ਕੀਤੀ,” ਤੂੰ ਅਪਣੀ ਵਹੁਟੀ ਨਾਲ ਸਲਾਹ ਕਰਕੇ ਦੱਸੀਂ। ਕੋਈ ਜਲਦੀ ਨਹੀਂ। ਇੰਨਸੈਮੀਨੇਸ਼ਨ ਮਗਰੋਂ ਐਥੇ ਇਸੇ ਸਮੇਂ ਆ ਕੇ ਕਿਸੇ ਦਿਨ ਮਿਲ ਲਵੀਂ। ਕਲਿਨਿਕ ਦਾ ਸਮਾਂ ਹੋ ਗਿਆ ਹੈ। ਚਲਦੀ ਆਂ।”
ਹਰੀਮੋਹਨ ਦਾ ਮਨ ਕਈ ਕਿਸਮ ਦੇ ਪ੍ਰਸ਼ਨ ਪੈਦਾ ਕਰਦਾ। ਦੁਬਿਧਾ ਭਰਿਆ ਮਨ ਬੇਚੈਨ ਹੋ ਹੀ ਜਾਂਦਾ ਹੈ। ਇਸੇ ਬੇਚੈਨੀ ਨੂੰ ਉਹ ਘਰ ਵੀ ਨਾਲ਼ ਹੀ ਲੈ ਆਇਆ। ਵਹੁਟੀ ਨਾਲ਼ ਗੱਲ ਸਾਂਝੀ ਕੀਤੀ।
ਵਹੁਟੀ ਥੋਹੜੀ ਸ਼ੱਕ ਦੀ ਸ਼ਿਕਾਰ ਵੀ ਹੋਈ, ਬੋਲੀ,“ ਜੇ ਰੱਬ ਨੂੰ ਮਨਜ਼ੂਰ ਨਾ ਹੋਇਆ ਤਾਂ ਅਸੀਂ ਕਿਸੇ ਕੁੱਖ ਦੇ ਚੱਕਰ ਚ ਬਿਲਕੁਲ ਨਹੀਂ ਪੈਣਾ। ਡਾਕਟਰਨੀ ਦਾ ਅਜੇ ਵਿਆਹ ਤਾਂ ਹੋਇਆ ਹੀ ਨਹੀਂ। ਅੱਗੇ ਵਾਸਤੇ ਜਦੋਂ ਵੀ ਤੁਸੀਂ ਡਾਕਟਰ ਨੂੰ ਮਿਲਣ ਜਾਓ ਤਾਂ ਮੈਂ ਵੀ ਨਾਲ਼ ਹੀ ਜਾਵਾਂਗੀ, ਖਿ਼ਆਲ ਰਹੇ ਜੀ।” ਉਸ ਮਨ ਹੀ ਮਨ ਸੋਚਿਆ, ਕਿਤੇ ਮੇਰੇ ਪਤੀ ਤੇ ਹੀ ਡੋਰੇ ਨਾ ਪਾ ਲਵੇ। ਕੁਆਰ ਗੰਦਲ ਨੂੰ ਹੱਥ ਲਗਾਉਣਾ ਠੀਕ ਨਹੀਂ।
ਇੱਕ ਦਿਨ, ਕਈ ਮਹੀਨਿਆਂ ਬਾਅਦ, ਦੋਵੇਂ ਮੈਰੀ ਨੂੰ ਮਿਲਣ ਗਏ। ਅਪਣੀ ਅਸਫਲਤਾ ਦੀ ਨਵੀਂ ਦਾਸਤਾਂ ਸੁਣਾਈ। ਡਾਕਟਰ ਨੂੰ ਤਾਂ ਪੂਰਾ ਵੇਰਵਾ ਪਤਾ ਹੀ ਸੀ। ਉਸ ਨੇ ਅਸਫਲਤਾ ਦੇ ਕਾਰਨ ਪੂਰੀ ਤਰ੍ਹਾਂ ਸਮਝਾਏ। ਇਸ ਤੋਂ ਪਹਿਲਾਂ ਕਿ ਡਾਕਟਰ ਕੋਈ ਹੋਰ ਅੱਗੇ ਗੱਲ ਕਰਦੀ ਸ਼ਿਲਪਾ ਨੇ ਫੁਰਤੀ ਨਾਲ਼ ਗੱਲ ਦਾ ਰੁਖ ਐਧਰੋਂ ਉਧਰ ਪਲਟ ਦਿੱਤਾ।
“ ਡਾਕਟਰ ਜੀ ਤੁਹਾਡੇ ਅਪਣੇ ਬੱਚੇ ਤਾਂ ਪੜ੍ਹਦੇ ਹੋਣਗੇ ਐਥੇ ਕਿਸੇ ਚੰਗੇ ਸਕੂਲ ਚ? ਪਤੀ ਵੀ ਡਾਕਟਰ ਹੀ ਹੋਣੇਂ ਐਂ।” ਉਸ ਪੁਛਿਆ, ਦਰਸ਼ਾਇਆ ਜਿਵੇਂ ਉਹ ਡਾਕਟਰ ਦੀ ਪ੍ਰਾਈਵੇਟ ਜਿੰਦਗੀ ਵਾਰੇ ਅਣਜਾਣ ਹੀ ਹੈ।
“ ਮੇਰਾ ਇੱਕ ਮੁੰਡਾ ਹੈ ਜੋ ਇੰਡੀਆ ਅਪਣੇ ਪਿਓ ਨਾਲ਼ ਹੀ ਰਹਿੰਦਾ ਹੈ। ਲਖਨਊ ਵਿੱਚ ਪੜ੍ਹਦਾ ਹੈ।” ਡਾਕਟਰ ਨੇ ਸੰਖੇਪ ਜਿਹਾ ਉੱਤਰ ਦਿੱਤਾ।
“ ਆਪ ਦੇ ਪਤੀ ਦਾ ਜ਼ਰੂਰ ਕੋਈ ਵੱਡਾ ਕਾਰੋਬਾਰ ਹੋਣਾ ਐਂ ਦੇਸ਼। ਵੱਡਿਆਂ ਦੀਆਂ ਵੱਡੀਆਂ ਬਾਤਾਂ। ਮੁੰਡਾ ਦੇਸ਼ ਪੜ੍ਹੇਗਾ ਤਾਂ ਪੱਛਮੀ ਸੱਭਿਆ ਦੀਆਂ ਅਸ਼ੁਭ ਆਦਤਾਂ ਨਹੀਂ ਪੈ ਸਕਦੀਆਂ। ਔਲਾਦ ਵਾਸਤੇ ਬਹੁਤ ਕੁੱਝ ਕਰਨਾ ਪੈਂਦਾ ਹੈ ਜੀ।” ਹਰੀਮੋਹਨ ਨੇ ਗੱਲ ਨੂੰ ਅਪਣੀ ਸੋਚ ਵਿੱਚ ਢਾਲਿਆ।
“ ਅਸਲ ਗੱਲ ਅਜੇਹੀ ਨਹੀਂ। ਮੇਰਾ ਪਤੀ ਅਮਰੀਕਾ ਦੀ ਜਿੰਦਗੀ ਤੋਂ ਹੀ ਤੰਗ ਆ ਗਿਆ। ਵਾਪਸ ਚਲਾ ਗਿਆ। ਮੁੰਡਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਕੋਲ ਰਹਿ ਕੇ ਰਾਜ਼ੀ ਨਹੀਂ ਸੀ। ਉਹ ਵੀ ਚਲਾ ਗਿਆ। ਮੇਰੀ ਪ੍ਰੈਕਟਿਸ ਅਮਰੀਕਾ ਵਿੱਚ ਠੀਕ ਜਮ ਗਈ ਸੀ। ਭਾਰਤਵਰਸ਼ ਵਾਪਸ ਜਾਣਾ ਮੈਨੂੰ ਪਸੰਦ ਨਹੀਂ ਸੀ। ਸਹੀ ਚਲ ਰਹੀ ਜਿੰਦਗੀ ਵਿੱਚ ਵਿਘਨ ਪੈ ਗਿਆ।” ਮੈਰੀ ਬੋਲ ਕੇ ਚੁੱਪ ਹੋ ਗਈ।
“ ਡਾਕਟਰ ਜੀ, ਸ਼ਾਇਦ ਕੋਈ ਨਾਂ ਦੱਸਣ ਯੋਗ ਘਟਨਾਂ ਵਾਪਰ ਗਈ ਜਿਸ ਕਾਰਨ ਆਪ ਵਰਗੇ ਸਿਆਣੇ ਪੁਰਸ਼ ਮੁੜ ਸੰਧੀ ਨਾ ਕਰ ਸਕੇ।” ਹਰੀਮੋਹਨ ਦੀ ਪਤਨੀ ਨੇ ਸਿੱਧਾ ਨਾਂ ਪੁੱਛ ਕੇ ਵੀ ਪੁੱਛ ਹੀ ਲਿਆ ਜੋ ਉਹ ਜਾਣਨ ਲਈ ਕਾਹਲ਼ੀ ਪਈ ਹੋਈ ਸੀ।
“ ਭੈਣਾਂ ਇਸ ਵਿੱਚ ਨਾਂ ਦੱਸਣ ਵਾਲੀ ਕੋਈ ਗੱਲ ਨਹੀਂ। ਮੇਰੇ ਮਰਦ ਲਈ ਉਸਦੀ ਕਾਲਜ ਵੇਲੇ ਦੀ ਮਾਸ਼ੂਕਾ ਤੋਂ ਪਿੱਛਾ ਛਡਵਾਉਣਾ ਅਸੰਭਵ ਹੋ ਗਿਆ ਸੀ। ਕੁੜੀ ਦੇ ਮਾਪੇ ਅਮੀਰ ਅਤੇ ਖੂਨਖਾਰ ਲੋਗ ਜਾਣੇ ਜਾਂਦੇ ਸਨ। ਸਾਡਾ ਆਪਸ ਦਾ ਝਗੜਾ ਵੀ ਸਿਰਾਂ ਤੇ ਪਹੁੰਚ ਗਿਆ ਸੀ। ਅਸੀਂ ਉਸ ਕੁੜੀ ਦੇ ਘਰ ਵੀ ਗਏ ਮੁਆਫੀ ਮੰਗਣ ਪਰ ਉਲਟਾ ਮੇਰੀ ਹੀ ਜਾਨ ਜੋਖੋਂ ਵਿੱਚ ਪੈ ਗਈ। ਅਪਣੇ ਬਚਾ ਲਈ ਮੈਨੂੰ ਚੁੱਪ ਚਾਪ ਭਾਰਤ ਵਰਸ਼ ਛੱਡ ਤੁਰਤ ਅਮਰੀਕਾ ਵਾਪਸ ਆਉਣਾ ਪਿਆ। ਮੁੰਡਾ ਵੀ ਉਹਨਾਂ ਕੋਲ਼ ਹੀ ਰਹਿ ਗਿਆ। ਹੁਣ ਤਾਂ ਥੋੜ੍ਹਾ ਵੱਡਾ ਵੀ ਹੋ ਗਿਆ ਹੋਵੇਗਾ। ਓਥੇ ਕੋਈ ਫੁਰਿਆਦ ਨਹੀਂ ਸੁਣੀਂ ਜਾਂਦੀ। ਸਭ ਯਤਨ ਵਿਅਰਥ ਗਏ। ਜੀਵਨ ਚਲਦਾ ਰੱਖਣ ਲਈ ਅਗਾਹਾਂ ਦੀ ਸੰਭਾਲ ਕਰਨੀ ਜ਼ਰੂਰੀ ਸੀ। ਆਪ ਲੋਗਾਂ ਨਾਲ਼ ਪਿਆਰ ਜਿਹਾ ਪੈ ਗਿਆ ਜਿਵੇਂ ਕੋਈ ਪੂਰਬ ਜਨਮ ਦੀ ਸਾਂਝ ਹੋਵੇ।” ਡਾਕਟਰ ਨੇ ਵਿਸਥਾਰ ਨਾਲ ਗੱਲ ਪੂਰੀ ਕੀਤੀ।
“ ਉਹਨਾਂ ਦਾ ਵਿਆਹ ਹੋ ਗਿਆ। ਹੋ ਤੇ ਨਹੀਂ ਸਕਦਾ। ਤਲਾਕ ਤਾਂ ਓਹਦਾ ਹੋਇਆ ਨਹੀਂ ਵਿਆਹ ਕਿਹਾ।” ਹਰੀਮੋਹਨ ਬੋਲਿਆ।
“ ਅਪਣੇ ਦੇਸ਼ ਵਿੱਚ ਤਾਂ ਹੋ ਹੀ ਜਾਂਦਾ ਐ।” ਡਾਕਟਰ ਬੋਲੀ।
“ ਅਜੀਬ ਔਰਤ ਹੈ ਮਾਸ਼ੂਕਾ। ਇਹ ਜਾਣਦੇ ਹੋਏ ਕਿ ਉਹ ਇੱਕ ਪੁੱਤਰ ਦਾ ਪਿਉ ਵੀ ਹੈ ਫੇਰ ਵੀ ਕੋਈ ਝਿਜਕ ਨਹੀਂ ਕੀਤੀ।” ਹਰੀਮੋਹਨ ਦੀ ਪਤਨੀ ਵੀ ਹੈਰਾਨ ਹੋਈ।
“ਦੇਸ਼ ਵਿੱਚ ਕਾਨੂੰਨ ਤਾਂ ਛਿੱਕੇ ਟੰਗਿਆ ਹੋਇਆ ਸੀ।”
“ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ? ਉਹ ਕਰਵਾ ਸਕਦਾ ਐ ਤੁਸੀਂ ਕਿਉਂ ਨਹੀਂ?” ਹਰੀਮੋਹਨ ਦੁਖੀ ਹੋ ਬੋਲਿਆ।
“ ਮੇਰੇ ਮਾਪੇ ਨਹੀਂ ਮੰਨੇ। ਉਹ ਵਾਪਸ ਆਏਗਾ, ਇਹ ਆਸ ਵੀ ਮੈਨੂੰ ਕਾਫੀ ਚਿਰ ਬੱਝੀ ਰਹੀ। ਸੋਚਦੀ ਸਾਂ ਬੱਚਾ ਮਾਂ ਨੂੰ ਭੁੱਲ ਕਿਵੇਂ ਸਕਦਾ ਹੈ। ਸੁਣਿਆਂ ਹੈ ਕਿ ਮਾਸ਼ੂਕਾ ਵੀ ਬੇਵਫਾ ਨਿਕਲੀ ਅਤੇ ਅਲੱਗ ਰਹਿ ਰਹੀ ਹੈ। ਤਲਾਕ ਦਾ ਕੇਸ ਚਲ ਰਿਹਾ ਹੈ।” ਡਾਕਟਰ ਦਾ ਚਿਹਰਾ ਚਿੰਤਾਜਨਕ ਵੇਖ, ਹਰੀਮੋਹਨ ਦੀ ਵਹੁੱਟੀ ਨੇ ਹਮਦਰਦੀ ਦੀ ਭਾਵਨਾ ਦਰਸ਼ਾਉਂਦਿਆਂ ਕਿਹਾ।
“ ਰੱਬ ਕਰੇ ਮਾਸ਼ੂਕਾ ਦਾ ਤਲਾਕ ਸਿਰੇ ਚੜ੍ਹ ਜਾਵੇ। ਉਹ ਘਰੋਂ ਤਾਂ ਗਿਆ ਹੀ ਹੁਣ ਘਾਟ ਦਾ ਵੀ ਨਾ ਰਹੇ। ਅਕਲ ਠਿਕਾਣੇ ਆ ਜਾਵੇਗੀ।”
“ ਕਿਸੇ ਨੂੰ ਬਦ ਦਵਾ ਦੇਣ ਨਾਲ, ਸ਼ਿਲਪਾ ਜੀ, ਮੇਰਾ ਭਲਾ ਤਾਂ ਨਹੀਂ ਹੋ ਸਕਦਾ। ਮੇਰੀ ਕੁੱਖ ਵੈਸੇ ਵੀ ਹੁਣ ਵਿਅਰਥ ਹੀ ਜਾ ਰਹੀ ਹੈ। ਆਪ ਦੇ ਕੰਮ ਆ ਸਕੇ ਤਾਂ ਮੈਨੂੰ ਖੁਸ਼ੀ ਹੋਵੇਗੀ।” ਡਾਕਟਰ ਨੇ ਅਪਣੇ ਵੱਲੋਂ ਸੁਝਾ ਦਿੱਤਾ।
“ ਡਾਕਟਰ ਜੀ, ਇਸ ਜੁਆਨ ਉਮਰ ਵਿੱਚ ਆਪ ਦਾ ਵਿਆਹ ਕਰਵਾ ਲੈਣਾਂ ਹੀ ਸਹੀ ਸੁਝਾ ਹੈ।” ਹਰੀਮੋਹਨ ਨੇ ਅਪਣੀ ਸਹਾਨੂੰਭੂਤੀ ਪ੍ਰਗਟ ਕਰ ਹੀ ਦਿੱਤੀ।
“ ਵਿਚਾਰ ਸਹੀ ਹੈ। ਹਰੀਮੋਹਨ ਜੀ ਕੋਈ ਤੇਰੇ ਵਰਗਾ ਪੜ੍ਹਿਆ ਲਿਖਿਆ ਸ਼ਰੀਫ ਬੰਦਾ ਮਿਲੇ ਤਾਂ ਹੀ ਗੱਲ ਬਣ ਸਕਦੀ ਹੈ। ਅਜੇ ਤਾਂ ਰੱਬ ਦਾ ਭਾਣਾਂ ਹੀ ਮਨਜ਼ੂਰ ਹੈ।” ਡਾਕਟਰ ਮੈਰੀ ਬੋਲ ਕੇ ਐਧਰ ਉਧਰ ਝਾਕਣ ਲਗ ਪਈ।
“ ਲਗਦਾ ਹੈ ਡਾਕਟਰ ਹੋਰਾਂ ਦਾ ਕਲਿਨਿਕ ਜਾਣ ਦਾ ਸਮਾਂ ਹੋ ਗਿਆ ਹੈ। ਆਪਾਂ ਨੂੰ ਵੀ ਜਾਣਾ ਚਾਹੀਦਾ ਹੈ।” ਹਰੀਮੋਹਨ ਦੀ ਵਹੁੱਟੀ ਨੇ ਅਪਣਾਂ ਪਰਸ ਚੁੱਕ ਲਿਆ ਅਤੇ ਜਾਣ ਲਈ ਖਲੋ ਗਈ।
“ ਚੰਗਾ ਡਾਕਟਰ ਜੀ ਮੈਂ ਆਪ ਜੀ ਨੂੰ ਫੋਨ ਤੇ ਦੱਸਾਂਗਾ ਕਿ ਅਗਾਹਾਂ ਸਾਡਾ ਕੀ ਕਰਨ ਦਾ ਵਿਚਾਰ ਬਣਿਆਂ। ਆਪ ਬਹੁਤ ਮਿਹਰਬਾਨ ਹੋ ਜੀ।” ਹਰੀਮੋਹਨ ਨੇ ਅਲਵਿਦਾ ਆਖ ਚਾਲੇ ਪਾਏ। ਡਾਕਟਰ ਕਲਿਨਿਕ ਚ ਜਾ ਵੜੀ।
“ ਬੜੀ ਭਲੀ ਔਰਤ ਹੈ ਵਿਚਾਰੀ ਡਾਕਟਰ। ਉਸਦੇ ਪਤੀ ਦੀ ਬਦਕਿਸਮਤੀ ਹੀ ਸਮਝੋ ਜੋ ਐਥੋਂ ਚਲਾ ਗਿਆ। ਡਾਕਟਰ ਸੋਹਣੀ ਵੀ ਐ। ਡਾਕਟਰਾਂ ਕੋਲ਼ ਦਮੜੇ ਵੀ ਬਹੁਤ ਹੁੰਦੇ ਨੇ। ਸਿ਼ਲਪਾ, ਮੁਫਤ ਦੀ ਕੋਖ ਮਿਲਦੀ ਐ, ਕੀ ਹਰਜ਼ ਹੈ। ਜ਼ਰਾ ਸੋਚ।” ਹਰੀਮੋਹਨ ਨੇ ਕਾਰ ਵਿੱਚਲੀ ਖਾਮੋਸ਼ੀ ਤੋੜਨ ਲਈ ਗੱਲ ਅਰੰਭੀ।
“ ਘਰ ਚਲਕੇ ਸੋਚਾਂਗੀ। ਤੁਸੀਂ ਮੈਰੀ ਦੇ ਚੱਕਰ ਚ ਕਾਰ ਨਾ ਕਿਤੇ ਠੋਕ ਦਿਓ। ਸੜਕ ਤੇ ਵੀ ਧਿਆਨ ਰੱਖਣਾ ਜ਼ਰੂਰੀ ਐ।” ਸ਼ਿਲਪਾ ਦਾ ਧਿਆਨ ਮੈਰੀ ਦੀ ਮਧੁਰ ਵਾਣੀ ਵੱਲ ਜਾ ਰਿਹਾ ਸੀ। —- ਹਰੀਮੋਹਨ ਜੀ ਕੋਈ ਤੇਰੇ ਵਰਗਾ ਪੜ੍ਹਿਆ ਲਿਖਿਆ ਸ਼ਰੀਫ ਬੰਦਾ ਮਿਲੇ ਤਾਂ ਹੀ ਗੱਲ ਬਣ ਸਕਦੀ ਹੈ। —- ਡਾਕਟਰ ਦੇ ਆਖੇ ਇਹ ਸ਼ਬਦ ਚੋਭਾਂ ਮਾਰ ਰਹੇ ਸਨ।
ਹਰੀਮੋਹਨ ਦੇ ਦਿਮਾਗ਼ ਵਿੱਚ ਬਾਰੰਬਾਰ ਵਿਚਾਰ ਗੇੜੇ ਮਾਰ ਰਿਹਾ ਸੀ। ਮੈਰੀ ਸ਼ਰੀਫ ਹੈ, ਸੁਹਣੀ ਹੈ, ਅਮੀਰ ਹੈ, ਔਲਾਦ ਵੀ ਵਧੀਆ ਹੀ ਮਿਲ ਸਕਦੀ ਐ। ਜੇ ਸ਼ਿਲਪਾ ਮੰਨ ਜਾਵੇ ਤਾਂ ਕੁੱਖ ਡਾਕਟਰ ਦੀ, ਬੀਅ ਅਪਣਾ, ਕੋਈ ਬੁਰੀ ਗੱਲ ਨਹੀਂ।
ਘਰ ਪਹੁੰਚ ਗਏ। ਟੇਬਲ ਤੇ ਲੰਚ ਖਾਣ ਬੈਠੇ। ਹਰੀਮੋਹਨ ਨੇ ਪਤਨੀ ਨੂੰ ਆਖਿਆ,“ ਸ਼ਿਲਪਾ, ਵੇਖ ਸਾਡੇ ਕੋਲ਼ ਹੁਣ ਦੋ ਹੀ ਰਸਤੇ ਰਹਿ ਗਏ ਨੇ। ਇੱਕ ਕੋਈ ਬੱਚਾ ਗੋਦ ਲੈ ਲੱਈਏ ਤੇ ਦੂਜਾ ਡਾਕਟਰ ਮੈਰੀ ਦੀ ਗੱਲ ਮੰਨ ਲਈਏ।”
“ ਬਿਨਾਂ ਔਲਾਦ ਰਹਿ ਜਾਣਾ ਵੀ ਇੱਕ ਤੀਜਾ ਰਾਹ ਹੈ। ਕੀ ਜ਼ਰੂਰਤ ਹੈ ਝੱਖ ਮਾਰਨ ਦੀ, ਮੱਲੋ ਮੱਲੀ ਹਾਸਲ ਕਰਨ ਦੀ, ਜੋ ਵਾਹਿਗੁਰੂ ਨੂੰ ਹੀ ਪਰਵਾਨ ਨਹੀਂ।” ਥੋੜ੍ਹੀ ਚੁੱਪ ਤੋਂ ਬਾਅਦ, ਸ਼ਿਲਪਾ ਨੇ, ਮੈਰੀ ਤੋਂ ਭੈਅ ਖਾਂਦਿਆਂ ਕਿਹਾ,“ ਗੋਦ ਹੀ ਲੈ ਲੈਂਦੇ ਹਾਂ, ਕਿਸੇ ਗਰੀਬ ਨੂੰ।”
“ ਮੈਨੂੰ ਇਹ ਰਸਤਾ ਭਾਉਂਦਾ ਹੀ ਨਹੀਂ। ਗੋਦ ਲਏ ਬੱਚੇ ਵਿੱਚ ਮੇਰਾ ਅੰਸ਼ ਤਾਂ ਮਿਲੇਗਾ ਨਹੀਂ। ਡਾਕਟਰ ਵਾਲੀ ਸਲਾਹ ਮੰਨਣ ਵਿੱਚ ਹੀ ਲਾਭ ਹੈ। ਬੱਚੇ ਵਿੱਚ ਮੇਰੇ ਜੀਨਜ਼ ਤਾਂ ਹੋਣਗੇ। ਡਾਕਟਰ ਸ਼ਰੀਫ ਹੈ, ਸੁਹਣੀ ਐ, ਅਮੀਰ ਐ, ਚੰਗੀ ਹੀ ਰਹੇਗੀ। ਵਿਚਾਰੀ ਸਹਾਰਾ ਹੀ ਤਾਂ ਮੰਗਦੀ ਐ ਪਰਦੇਸ ਬੈਠੀ। ਆਪਾਂ ਦੋਸਤੀ ਦੀ ਭੁਮਿਕਾ ਤਾਂ ਨਿਭਾ ਹੀ ਸਕਦੇ ਆਂ।”
“ ਠੀਕ, ਠੀਕ। ਇਹ ਕਿਉਂ ਨਹੀਂ ਕਹਿੰਦੇ ਕੇ ਡਾਕਟਰਨੀ ਨੇ ਡੋਰੇ ਪਾ ਹੀ ਲਏ ਹਨ। ਉਸਦੀ ਮਾਇਆ ਨੇ ਵੀ ਖਿੱਚ ਲਿਆ। ਕੈਂਨਟੀਨ ਵਿੱਚ ਕਿੰਨੀਆਂ ਕੁ, ਕਦੋਂ ਤੋਂ ਹੋ ਰਹੀਆਂ ਨੇ ਗੁਪਤ ਮੁਲਾਕਾਤਾਂ? ਇਰਾਦੇ ਮੈਨੂੰ ਖਤਰਨਾਕ ਹੀ ਲਗਦੇ ਨੇ। ਸਾਨੂੰ ਨਹੀਂ ਚਾਹੀਦੀ ਔਲਾਦ। ਇੱਕ ਤਾਂ ਦੇਸ਼ ਜਾ ਬੈਠਾ। ਹੁਣ ਤੁਹਾਡੀ ਵਾਰੀ ਐ ਝੁੱਗਾ ਚੌੜ ਕਰਨ ਦੀ। ਭੁੱਲੋ ਨਾ, ਮਾਇਆ ਦੀ ਚਮਕ ਬੁਰੀ ਐ। ਡਾਕਟਰਨੀ ਦੇ ਪਹਿਲੇ ਵਾਂਗ ਘਰ ਤੋਂ ਵੀ ਜਾਓਗੇ ਅਤੇ ਘਾਟ ਤੋਂ ਵੀ ਫਿਸਲੋਗੇ।” ਸ਼ਿਲਪਾ ਨਰਾਜ਼ ਹੋ ਗਈ।
“ ਗਲਤ ਨਹੀਂ ਸੋਚੀਦਾ। ਸ਼ਰੀਫ ਵੀ ਤੇ ਇਸੇ ਦੁਨੀਆਂ ਵਿੱਚ ਹੀ ਵਸਦੇ ਨੇ। ਸ਼ੱਕ ਦਾ ਸ਼ਿਕਾਰ ਹੋਣਾ ਜ਼ਰੂਰੀ ਤਾਂ ਨਹੀਂ। ਛੋਟੀ ਛੋਟੀ ਗੱਲਾਂ ਤੇ ਮੂੰਹ ਨਾ ਸੁਜਾਇਆ ਕਰ। ਪਿਆਰ ਫਿੱਕਾ ਪੈ ਜਾਂਦਾ ਐ। ਕੁੱਖ ਦੀ ਭੁੱਖ ਤਾਂ ਹੈ ਹੀ।” ਹਰੀ ਮੋਹਨ ਬੀਵੀ ਦੀ ਨਾਂਹ ਤੋਂ ਪ੍ਰੇਸ਼ਾਨ ਹੋ, ਲੰਚ ਅਧੂਰਾ ਛੱਡ ਚਲਾ ਗਿਆ।
“ ਫਿੱਕਾ ਤਾਂ ਪੈ ਗਿਆ ਲਗਦਾ ਐ। ਮੈਂ ਸਭ ਸਮਝਦੀ ਆਂ ਤੁਹਾਨੂੰ ਕਿਹੜੀ ਕੁੱਖ ਦੀ ਭੁੱਖ ਸਤਾ ਰਹੀ ਐ।” ਸ਼ਿਲਪਾ ਪਲੇਟਾਂ ਚੁੱਕ ਸਿੰਕ ਵਿੱਚ ਸੁੱਟਣ ਲਗ ਪਈ। ਪਲੇਟਾਂ ਦੇ ਭੇੜ ਨਾਲ਼ ਘਰ ਟਣਕ ਰਿਹਾ ਸੀ।
Raj