ਅੰਮ੍ਰਿਤਸਰ:- ਮੋਗਾ ਜਿਲੇ ਦੇ ਪਿੰਡ ਵੱਡਾ ਅਤੇ ਛੋਟਾ ਘਰ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚੋਂ ਚਾਰ ਪੱਤਰੇ ਪਾੜਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰ ਦਾ ਪਤਾ ਲਗਾ ਕੇ ਉਸ ਨੂੰ ਕਾਨੂੰਨ ਮੁਤਾਬਕ ਸਜਾ ਦੇਣੀ ਚਾਹੀਦੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਹਰ ਵਾਰ ਗਰਮੀਆਂ ਦੇ ਮੌਸਮ ‘ਚ ਸ਼ਾਟ ਸਰਕਟ ਹੋਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਅੰਗ ਪਾੜਨ ਦੀਆਂ ਹਿਰਦੇ ਵੇਦਕ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾ ਕੇ ਸਭਾ-ਸੁਸਾਇਟੀਆਂ, ਗੁਰਦੁਆਰਾ ਦੇ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਸੂਚਿਤ (ਜਾਗਰੂਕ) ਕੀਤਾ ਜਾਂਦਾ ਹੈ, ਪ੍ਰੰਤੂ ਫਿਰ ਵੀ ਗੁਰਦੁਆਰਾ ਸਾਹਿਬ ਦੀਆਂ ਸਭਾ-ਸੁਸਾਇਟੀਆਂ, ਗੁਰਦੁਆਰਾ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘ ਪਤਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸਬੰਧੀ ਏਨਾ ਅਵੇਸਲਾਪਨ ਕਿਉਂ ਦਿਖਾਉਂਦੇ ਹਨ ਤੇ ਇਸ ਅਵੇਸਲੇਪਨ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਅਜਿਹੀਆਂ ਹਿਰਦੇਵੇਦਕ, ਅਤਿ ਨਿੰਦਣਯੋਗ ਘਟਨਾਵਾਂ ਵਾਪਰਦੀਆਂ ਹਨ ਜੇਕਰ ਗ੍ਰੰਥੀ ਸਿੰਘਾਂ ਵੱਲੋਂ ਬਣਦਾ ਫਰਜ ਸਹੀ ਨਿਭਾਇਆ ਜਾਂਦਾ ਹੋਵੇ ਤਾਂ ਇਹ ਘਟਨਾਵਾਂ ਕਾਫੀ ਹੱਦ ਤੱਕ ਰੁਕ ਸਕਦੀਆਂ ਹਨ। ਸੋ ਹਰ ਵਾਰ ਇਸ ਗੱਲ ਤੇ ਜੋਰ ਦਿੱਤਾ ਜਾਂਦਾ ਹੈ ਕਿ ਨਿਤਨੇਮ ਕਰਨ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨ ਤੋਂ ਇਲਾਵਾ ਬਾਕੀ ਸਮਾਂ ਵੀ ਪ੍ਰਬੰਧਕ ਮੈਂਬਰਾਂ, ਗ੍ਰੰਥੀ ਸਿੰਘਾਂ ਨੂੰ ਚਾਹੀਦਾ ਹੈ ਕਿ ਗੁਰੂ-ਘਰ ‘ਚ ਇੱਕ ਜਾਂ ਦੋ ਮੈਂਬਰ ਹਾਜ਼ਰ ਰਹਿਣ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰ ਸਕਣ।