ਗੁਰਦਾਸਪੁਰ – ਗੁਜਰਾਤ ਵਿੱਚੋਂ ਪੰਜਾਬੀ ਕਿਸਾਨਾਂ ਨੂੰ ਉਜਾੜਨ ’ਤੇ ਤੁਲੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਬਚਾਅ ਲਈ ਉੱਤਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਕਤ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉ ਸੰਬੰਧੀ ਬਿਆਨਾਂ ਦੀ ਅੱਜ ਪੰਜਾਬ ਕਾਂਗਰਸ ਨੇ ਸਖ਼ਤ ਆਲੋਚਨਾ ਕੀਤੀ ਹੈ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਮਸਲਾ ਤਾਂ ਸਿਰਫ਼ ਕਿਸਾਨਾਂ ਨੂੰ ਉਜਾੜੇ ਤੋਂ ਬਚਾਉਣ ਲਈ ਮੋਦੀ ਤੋਂ ਗੁਜਰਾਤ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਸਪੈਸ਼ਲ ਲੀਵ ਪਟੀਸ਼ਨ ਵਾਪਸ ਕਰਾਉਣ ਦਾ ਹੈ। ਪਰ ਬਾਦਲ ਅਜਿਹਾ ਕਰਨ ਦੀ ਥਾਂ ਗੁਮਰਾਹਕੁਨ ਬਿਆਨਾਂ ਰਾਹੀਂ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲੀ ਗਲ ਤਾਂ ਇਹ ਕਿ ਕਿਸਾਨ ਹਾਈਕੋਰਟ ਵਿੱਚੋਂ ਕੇਸ ਜਿੱਤ ਚੁੱਕੇ ਹਨ ਅਤੇ ਜੇ ਕੋਈ ਹੋਰ ਕਾਨੂੰਨੀ ਅੜਚਣ ਹੈ ਵੀ ਤਾਂ ਉਸ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਗੁਜਰਾਤ ਸਰਕਾਰ ਸੋਧ ਕਰ ਸਕਦੀ ਹੈ।
ਵਰਕਰਾਂ ਦੀ ਮੀਟਿੰਗ ਉਪਰੰਤ ਉਹਨਾਂ ਕਿਹਾ ਕਿ ਉਕਤ ਮਸਲੇ ਲਈ ਸ: ਬਾਦਲ ਵੱਲੋਂ ਰਾਜਨਾਥ ਸਿੰਘ ਨੂੰ ਮਿਲਣ ਅਤੇ ਸੁਖਬੀਰ ਬਾਦਲ ਵੱਲੋਂ ਪੀੜਤਾਂ ਨੂੰ ਕਾਨੂੰਨੀ ਸਾਹਿੱਤ ਦੇਣ ਦੀ ਪੇਸ਼ਕਸ਼ ਨੂੰ ‘‘ਬਾਂਦਰ ਟਪੂਸੀਆਂ’’ ਨਾਲ ਤੁਲਣਾ ਦਿੰਦਿਆਂ ਕਿਹਾ ਕਿ ਇੱਕ ਗਲ ਤਾਂ ਸਪਸ਼ਟ ਹੋ ਗਿਆ ਹੈ ਕਿ ਬਾਦਲਾਂ ਨੂੰ ਵੀ ਭਾਜਪਾ ਅਤੇ ਐਨਡੀਏ ਵੱਲੋਂ ਆਗਾਮੀ ਪ੍ਰਧਾਨ ਮੰਤਰੀ ਲਈ ਉਮੀਦਵਾਰ ਨਰਿੰਦਰ ਮੋਦੀ ਤੋਂ ਇਨਸਾਫ਼ ਦੀ ਕੋਈ ਆਸ ਨਹੀਂ ਰਹੀ ਹੈ। ਉਹਨਾਂ ਸਵਾਲ ਕੀਤਾ ਕਿ ਬਾਦਲਾਂ ਨੂੰ ਮੋਦੀ ’ਤੇ ਭਰੋਸਾ ਅਤੇ ਇਨਸਾਫ਼ ਦੀ ਅੱਜ ਹੀ ਆਸ ਨਹੀਂ ਤਾਂ ਫਿਰ ਕਿਉਂ ਉਸ ਦੀ ਹਮਾਇਤ ਕਰ ਕੇ ਪੰਜਾਬ ਦੇ ਵੋਟਰਾਂ ਨੂੰ ਧੋਖਾ ਦੇ ਰਹੇ ਹਨ।
ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਪਾਏ ਗਏ ਦਬਾਅ ਦੇ ਚਲਦਿਆਂ ਮੋਦੀ ਵੱਲੋਂ ਕੋਰਟ ’ਚੋ ਕੇਸ ਵਾਪਸ ਲੈਣ ਦੀ ਥਾਂ ਕਿਸਾਨਾਂ ਨੂੰ ਨਾ ਉਜਾੜਨ ਸੰਬੰਧੀ ਦਿੱਤਾ ਗਿਆ ਭਰੋਸਾ ਸਿਆਸਤ ਤੋਂ ਪ੍ਰੇਰਿਤ, ਝੂਠਾ, ਗੁਮਰਾਹਕੁਨ ਅਤੇ ਸਿਰਫ਼ ਤੇ ਸਿਰਫ਼ ਮਾਮਲੇ ਨੂੰ ਲਟਕਾਉਣ ਦਾ ਇੱਕ ਢਕਵੰਜ ਹੈ।
ਉਹਨਾਂ ਕਿਹਾ ਕਿ ਗੁਜਰਾਤ ਦੰਗਿਆਂ ਅਤੇ ਹੁਣ ਸਿੱਖ ਕਿਸਾਨਾਂ ਨੂੰ ਉਜਾੜਨ ਲਈ ਕਮਰ ਕਸਾ ਕਰ ਲੈਣ ਨਾਲ ਮੋਦੀ ਦਾ ਘਟ ਗਿਣਤੀ ਭਾਈਚਾਰਿਆਂ ਪ੍ਰਤੀ ਨਫ਼ਰਤ ਵਾਲਾ ਰਵਈਆ ਪੂਰੀ ਤਰਾਂ ਜਗ ਜ਼ਾਹਿਰ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਮੋਦੀ ਦਾ ਉਕਤ ਕਦਮ ਦੇਸ਼ ਦੀ ਏਕਤਾ ਅਖੰਡਤਾ ਲਈ ਵੀ ਖਤਰਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਮੋਦੀ ਗੁਜਰਾਤ ’ਚ ਵਿਦੇਸ਼ੀ ਪੂਜੀ ਨਿਵੇਸ਼ ਲਈ ਵਿਦੇਸ਼ੀਆਂ ਨੂੰ ਸਦਾ ਦੇ ਰਿਹਾ ਹੈ ਤਾਂ ਦੂਜੇ ਪਾਸੇ ਆਪਣੇ ਦੇਸ਼ ਦੇ ਹੀ ਮਿਹਨਤਕਸ਼ ਬਾਸ਼ਿੰਦਿਆਂ ਨੂੰ ਧੱਕੇ ਨਾਲ ਗੁਜਰਾਤ ਤੋਂ ਭਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਭਾਜਪਾ ਅਗਵਾਈ ਵਾਲੀ ਐਨਡੀਏ ਦੀ ਵਾਜਪਾਈ ਸਰਕਾਰ ਵੱਲੋਂ 2003 ਦੌਰਾਨ ਦਿੱਤੇ ਗਏ ਉਦਯੋਗਿਕ ਪੈਕੇਜ ਨੇ ਪੰਜਾਬ ਦੀ ਉਦਯੋਗਿਕ ਤੇ ਵਿੱਤੀ ਵਿਵਸਥਾ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਜਿਸ ਪੈਕੇਜ ’ਤੇ ਬਤੌਰ ਕੇਂਦਰੀ ਮੰਤਰੀ ਸੁਖਬੀਰ ਬਾਦਲ ਨੇ ਮੋਹਰ ਲਗਾਈ ਸੀ । ਪਰ ਪਤਾ ਨਹੀਂ ਸ: ਬਾਦਲ ਹੁਣ ਫਿਰ ਪੰਜਾਬ ਦਾ ਕੀ ਕੁੱਝ ਲੁਟਾਉਣ ਦੀ ਤਾਕ ਵਿੱਚ ਹਨ , ਜਦ ਕਿ ਹੁਣ ਪੰਜਾਬ ’ਚ ਅਕਾਲੀਆਂ ਦੀ ਲੁਟ ਤੋਂ ਬਾਅਦ ਕੁੱਝ ਵੀ ਬਾਕੀ ਨਹੀਂ ਬਚਿਆ ਹੈ।
ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਬਹੁਤੀ ਇੰਡਸਟਰੀ ਤਾਂ ਗੁਆਂਢੀ ਰਾਜਾਂ ਵਿੱਚ ਜਾ ਚੁੱਕੀ ਹੈ ਤੇ ਹੁਣ ਲੁਧਿਆਣੇ ਦਾ ਇੱਕ ਬਹੁਤ ਵੱਡਾ ਉਦਯੋਗਿਕ ਘਰਾਣਾ ਬਿਹਾਰ ਨੂੰ ਕੂਚ ਕਰ ਰਿਹਾ ਹੈ ਜਿਸ ਨਾਲ ਕਈ ਸਹਾਇਕ ਲਘੂ ਇਕਾਈਆਂ ਵੀ ਪੰਜਾਬ ਤੋਂ ਬਾਹਰ ਜਾ ਰਹੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਇਹ ਸਭ ਕੁੱਝ ਬਾਦਲਕਿਆਂ ਦੀ ਵੋਟ ਰਾਜਨੀਤੀ ਦਾ ਹਿੱਸਾ ਹਨ ਤੇ ਉਹ ਜਾਣ ਦੇ ਹਨ ਕਿ ਉਦਯੋਗਿਕ ਘਰਾਣਿਆਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਨੇ ਕਦੀ ਅਕਾਲੀ ਦਲ ਨੂੰ ਵੋਟ ਨਹੀਂ ਦਿੱਤੀ ।
ਉਹਨਾਂ ਦੱਸਿਆ ਕਿ ਪੰਜਾਬ ਦੀ ਸਨਅਤੀ ਵਿਕਾਸ ਲਈ ਕਾਂਗਰਸ ਵੱਲੋਂ ਜੋ ਸ: ਪ੍ਰਤਾਪ ਸਿੰਘ ਕੈਰੋਂ ਸਰਕਾਰ ਅਤੇ ਬੇਅੰਤ ਸਿੰਘ ਸਰਕਾਰ ਵੱਲੋਂ ਕੀਤੇ ਗਏ ਯਤਨ ਮੁੜ ਦੇਖਣ ਵਿੱਚ ਨਹੀਂ ਆਏ। ਉਹਨਾਂ ਕਿਹਾ ਕਿ 2007 ਦੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਕਿਸਾਨ ਲਈ ਖੁਸ਼ਹਾਲੀ ਦਾ ਦੌਰ ਰਿਹਾ । ਐਨ ਆਰ ਆਈ ਅਤੇ ਪੂੰਜੀ ਨਿਵੇਸ਼ਕਾਂ ਨੇ ਪੰਜਾਬ ਵਿੱਚ ਵੱਡੀ ਪੂੰਜੀ ਨਿਵੇਸ਼ ਕੀਤੀ। ਜਦ ਕਿ ਅੱਜ ਅਕਾਲੀ ਭਾਜਪਾ ਸਰਕਾਰ ਨਿਵੇਸ਼ਕਾਂ ਨੂੰ ਰਾਜ ਵਿੱਚੋਂ ਭਜਾਉਣ ਤੇ ਤੁਲੇ ਹੋਏ ਹਨ। ਉਹਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ’ਤੇ ਅਮਲ ਕਰਨ ਵਾਲੇ ਅਕਾਲੀ ਭਾਜਪਾਈਆਂ ਨੂੰ ਲੋਕ ਸਬਕ ਸਿਖਾਉਣ ਲਈ ਉਤਾਵਲੇ ਹਨ ਤੇ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ।
ਇਸ ਮੌਕੇ ਫਤਿਹ ਬਾਜਵਾ ਨਾਲ ਬਲਵਿੰਦਰ ਸਿੰਘ ਲਾਡੀ, ਭੁਪਿੰਦਰਪਾਲ ਸਿੰਘ ਵਿਟੀ ਭਗਤੂਪੁਰ, ਸਵਾਮੀਪਾਲ , ਸਾਹਿਬ ਸਿੰਘ ਮੰਡ ਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ ।