ਅੰਮ੍ਰਿਤਸਰ – ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਵਿਖੇ 21 ਅਗਸਤ ਨੂੰ ਹੋਣ ਜਾ ਰਹੀ ਕਾਂਗਰਸ ਦੀ ਇਤਿਹਾਸਕ ਵਿਸ਼ਾਲ ਸਿਆਸੀ ਕਾਨਫਰੰਸ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲ ਕੇ ਰਖ ਦੇਵੇਗੀ। ਉਕਤ ਦਾਅਵਾ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਮਾਝਾ ਜ਼ੋਨ ਦੇ ਇੰਚਾਰਜ ਸ੍ਰੀ ਓ ਪੀ ਸੋਨੀ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ ) ਦੇ ਇੰਚਾਰਜ ਸ: ਫ਼ਤਿਹ ਜੰਗ ਸਿੰਘ ਬਾਜਵਾ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਪ੍ਰਧਾਨ ਸ: ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਸ: ਸਰਦੂਲ ਸਿੰਘ ਬੰਡਾਲਾ, ਹਲਕਾ ਇੰਚਾਰਜ ਸ: ਰਣਜੀਤ ਸਿੰਘ ਛੱਜਲੱਵਡੀ, ਸਾਬਕਾ ਵਿਧਾਇਕ ਸ: ਜਸਬੀਰ ਸਿੰਘ ਡਿੰਪਾ ਨੇ ਇੱਕ ਸਾਂਝੇ ਬਿਆਨ ਰਾਹੀ ਦੱਸਿਆ ਕਿ ਬਾਬਾ ਬਕਾਲਾ ਵਿਖੇ ਕਾਂਗਰਸ ਦੀ ਇੱਕ ਹੀ ਥਾਂ ਕਾਨਫਰੰਸ ਕੀਤੀ ਜਾ ਰਹੀ ਹੈ।
ਸ੍ਰੀ ਸੋਨੀ ਅਤੇ ਸ: ਫਤਿਹ ਬਾਜਵਾ ਨੇ ਦੱਸਿਆ ਕਿ ਕਾਂਗਰਸ ਵਿੱਚ ਕਿਸੇ ਤਰਾਂ ਦੀ ਗੁੱਟਬਾਜੀ ਜਾਂ ਧੜੇਬੰਦੀ ਨਹੀਂ ਹੈ। ਉਹਨਾਂ ਕਿਹਾ ਕਿ ਸ: ਜਸਬੀਰ ਸਿੰਘ ਡਿੰਪਾ ਅਤੇ ਸ: ਰਣਜੀਤ ਸਿੰਘ ਛਜਲਵਡੀ ਦਰਮਿਆਨ ਕੁੱਝ ਗਲਤਫਹਿਮੀਆਂ ਸਨ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਦੂਰ ਕਰਦਿਆਂ ਦੋਹਾਂ ਨੂੰ ਬਾਬਾ ਬਕਾਲਾ ਦੀ ਸਿਆਸੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਇੱਕਜੁੱਟ ਹੋ ਜਾਣ ਦੀ ਹਦਾਇਤ ਦਿੱਤੀ ਹੈ। ਉਹਨਾਂ ਦੱਸਿਆ ਕਿ ਕਾਨਫਰੰਸ ਨੂੰ ਕਾਮਯਾਬ ਤੇ ਇਤਿਹਾਸਕ ਬਣਾਉਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਚਲ ਰਹੀਆਂ ਹਨ । ਕਾਂਗਰਸ ਵਰਕਰਾਂ ਤੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤਿਆਂ ਗਈ ਹਨ ਤੇ ਉਹਨਾਂ ਨੂੰ ਕਾਂਗਰਸ ਦੀਆਂ ਨੀਤੀਆਂ ਦਾ ਪਿੰਡ ਪਿੰਡ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ। ਉਹਨਾਂ ਦੱਸਿਆ ਕਿ ਕਾਂਗਰਸ ਦੀ ਕਾਨਫਰੰਸ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਨੂੰ ਦੇਖਦਿਆਂ ਕਾਂਗਰਸ ਨੇ ਇੱਕ ਵੱਡਾ ਤੇ ਵਿਸ਼ਾਲ ਪੰਡਾਲ ਲਗਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਕਾਨਫਰੰਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਬਾਦਲ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਬਾਰੇ ਕੱਚੇ ਚਿੱਠੇ ਖੋਲੇ ਜਾਣਗੇ।
ਕਾਂਗਰਸ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਗ੍ਰਿਫ਼ਤ ਢਿੱਲੀ ਪੈ ਚੁੱਕੀ ਹੈ ਤੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀਆਂ ਨੀਤੀਆਂ ਲੋਕ ਵਿਰੋਧੀ ਸਿੱਧ ਹੋ ਰਹੀਆਂ ਹਨ । ਉਹਨਾਂ ਦੋਸ਼ ਲਾਇਆ ਬਾਦਲ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਮਾਫੀਆ ਗਰੁੱਪਾਂ ਨੂੰ ਸ਼ਹਿ ਦੇਣ ਕਾਰਨ ਅੱਜ ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੈ। 50 ਲਖ ਨੌਜਵਾਨ ਬੇਰੁਜ਼ਗਾਰ ਹਨ ਤੇ ਰੁਜ਼ਗਾਰ ਦੇਣ ਜਾਂ ਬੇਰੁਜ਼ਗਾਰੀ ਭੱਤਾ ਦੇਣ ਵਿੱਚ ਸਰਕਾਰ ਫੇਲ੍ਹ ਹੋ ਚੁੱਕੀ ਹੈ। ਸ਼ਗਨ ਸਕੀਮਾਂ, ਪੈਨਸ਼ਨਾਂ ਆਦਿ ਸਹੂਲਤਾਂ ਦੇਣ ਦੀ ਥਾਂ ਭਾਰੀ ਟੈਕਸਾਂ ਅਤੇ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਨਾਮ ’ਤੇ ਲੋਕਾਂ ਦਾ ਪਹਿਲਾਂ ਹੀ ਜਿਊਣਾ ਮੁਹਾਲ ਕੀਤਾ ਹੋਇਆ ਹੈ ਉੱਥੇ ਬਾਦਲ ਸਰਕਾਰ ਬਸ ਕਿਰਾਇਆਂ ਵਿੱਚ ਵਾਧਾ ਕਰ ਕੇ ਆਮ ਅਤੇ ਗਰੀਬ ਲੋਕਾਂ ਦਾ ਬਾਕੀ ਰਹਿੰਦਾ ਖੂਨ ਵੀ ਚੂਸਣ ਵਿੱਚ ਜੁਟ ਗਈ ਹੈ।
ਉਹਨਾਂ ਦੱਸਿਆ ਕਿ ਲੋਕਾਂ ਵਿੱਚ ਆ ਚੁੱਕੀ ਜਾਗ੍ਰਿਤੀ ਕਾਰਨ ਹੁਣ ਬਾਦਲ ਸਰਕਾਰ ਟਿਕ ਨਹੀਂ ਸਕੇਗੀ। ਉਹਨਾਂ ਦੱਸਿਆ ਕਿ ਭਾਰੀ ਗਿਣਤੀ ਵਿੱਚ ਲੋਕ ਕਾਂਗਰਸ ਦੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਜਾ ਰਹੀ ਹੈ।