ਫਤਹਿਗੜ੍ਹ ਸਾਹਿਬ -“ਨਾਮਧਾਰੀ ਸੰਪਰਦਾ ਦੇ ਮੁੱਖੀ ਠਾਕੁਰ ਊਦੇ ਸਿੰਘ ਉਤੇ ਲੰਡਨ ਵਿਚ ਹੋਏ ਹਮਲੇ ਉਤੇ ਡੁੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਬਿਆਨ ਵਿਚ ਕਿਹਾ ਕਿ ਨਾਮਧਾਰੀ ਸੰਪਰਦਾ ਦੇ ਬਾਨੀ ਮੁੱਖੀ ਬਾਬਾ ਰਾਮ ਸਿੰਘ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਨਹੀ ਕਹਾਇਆ ਸੀ । ਬਲਕਿ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ, ਇਕ ਅਕਾਲ ਪੁਰਖ ਵਿਚ ਪੂਰਨ ਭਰੋਸਾ ਰੱਖਦੇ ਹੋਏ ਸਿੱਖਾਂ ਨੂੰ ਆਪਣੇ ਜੀਵਨ ਕਾਲ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ । ਜਦੋ ਤੋ ਨਾਮਧਾਰੀ ਸੰਪਰਦਾ ਦੇਹਧਾਰੀ ਗੁਰੂ ਦੇ ਵਰਤਾਰੇ ਵਿਚ ਉਲਝ ਗਈ, ਉਦੋ ਤੋ ਇਸ ਸੰਪਰਦਾ ਵਿਚ ਗੱਦੀ ਨਸੀਨੀ ਨੂੰ ਲੈਕੇ ਆਪਣੀ ਝਟਪਾ ਅਤੇ ਖੂਨੀ ਹਮਲੇ ਹੋਣੇ ਸੁਰੂ ਹੋ ਗਏ ਜੋਕਿ ਦੁੱਖਦਾਂਇਕ ਅਮਲ ਹਨ । ਉਹਨਾਂ ਕਿਹਾ ਕਿ ਅਸੀ ਤਾ ਪਹਿਲੇ ਵੀ ਇਸ ਨਾਮਧਾਰੀ ਸੰਪਰਦਾ ਦੇ ਦੋਵਾ ਗਰੁੱਪਾ ਨੂੰ ਸੰਜ਼ੀਦਗੀ ਭਰੀ ਅਪੀਲ ਕੀਤੀ ਸੀ ਕਿ ਉਹ ਬਾਬਾ ਰਾਮ ਸਿੰਘ ਜੀ ਦੇ ਪਾਏ ਪੂਰਨਿਆ ਤੇ ਚੱਲਕੇ ਇਕ ਅਕਾਲ ਪੁਰਖ ਅਤੇ ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਹੋਣ ਤੇ ਦੇਹਧਾਰੀ ਗੁਰੂ ਦੇ ਚੱਲ ਰਹੇ ਸਿੱਖ ਕੌਮ ਵਿਰੋਧੀ ਅਮਲਾਂ ਨੂੰ ਅਲਵਿਦਾ ਕਹਿਕੇ “ਖ਼ਾਲਸਾ ਪੰਥ” ਵਿਚ ਸ਼ਾਮਿਲ ਹੋ ਜਾਣ ਅਤੇ ਆਪਣੀ ਭਰਾਮਾਰੂ ਜੰਗ ਖ਼ਤਮ ਕਰਕੇ ਇਕੱਤਰ ਹੋਕੇ ਮਨੁੱਖਤਾ ਦੀ ਬਹਿਤਰੀ ਲਈ ਯਤਨਸੀਲ ਹੋਣ ।”
ਉਹਨਾਂ ਕਿਹਾ ਕਿ ਨਾਮਧਾਰੀ ਸੰਪਰਦਾ ਖ਼ਾਲਸਾ ਪੰਥ ਦਾ ਹੀ ਇਕ ਹਿੱਸਾ ਹੈ । ਇਸ ਲਈ ਜਦੋ ਵੀ ਇਸ ਸੰਪਰਦਾ ਵਿਚ ਭਰਾਮਾਰੂ ਜੰਗ ਜਾਂ ਗੱਦੀ ਨਸੀਨੀ ਦੀ ਸਵਾਰਥੀ ਸੋਚ ਅਧੀਨ ਖੂਨੀ ਝਪਟਾ ਦੇ ਅਮਲ ਹੁੰਦੇ ਹਨ ਤਾਂ ਇਸ ਦਾ ਸੰਪਰਦਾ ਦੇ ਪੈਰੋਕਾਰਾਂ ਦੇ ਉਤੇ ਤਾ ਮਾੜਾ ਪ੍ਰਭਾਵ ਪੈਣਾ ਹੀ ਹੁੰਦਾ ਹੈ, ਇਸ ਨਾਲ ਖ਼ਾਲਸਾ ਪੰਥ ਉਤੇ ਵੀ ਵੱਡਾ ਬੋਝ ਬਣ ਜਾਂਦਾ ਹੈ । ਇਸ ਲਈ ਅਸੀ ਫਿਰ ਇਸ ਸੰਪਰਦਾ ਦੇ ਦੋਵੇ ਧੜਿਆਂ ਨੂੰ ਫਿਰ ਹਾਰਦਿਕ ਅਪੀਲ ਕਰਦੇ ਹਾਂ ਕਿ ਉਹ “ਹੋਇ ਇਕੱਤਰ ਮਿਲਹੁ ਮੇਰੇ ਭਾਇ, ਦੁਬਿਧਾ ਦੂਰਿ ਕਰੋ ਲਿਵ ਲਾਇ॥” ਦੇ ਮਾਹਵਾਂਕ ਅਨੁਸਾਰ ਉਹ ਪੂਰੀ ਤਰ੍ਹਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਅਤੇ ਇਕ ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਗੱਦੀ ਨਸੀਨੀ ਵਾਲੀਆਂ ਦੁਨਿਆਵੀ ਚੌਧਰਾਂ ਤੋ ਉਪਰ ਉੱਠਕੇ ਮਨੁੱਖਤਾ ਲਈ ਅੱਗੇ ਆਉਣ । ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਦਾਸ ਦੀਆਂ ਸੇਵਾਵਾਂ ਦੀ ਨਾਮਧਾਰੀ ਸੰਪਰਦਾ ਨੂੰ ਇਕੱਠੇ ਹੋਣ ਲਈ ਲੋੜ ਮਹਿਸੂਸ ਹੋਵੇ, ਤਾਂ ਜਥੇਬੰਦੀ ਅਤੇ ਦਾਸ ਬਿਨ੍ਹਾਂ ਕਿਸੇ ਝਿਜਕ ਤੋ ਇਸ ਕੰਮ ਲਈ ਆਪਣੀ ਕੌਮੀ ਤੇ ਪੰਥਕ ਜਿੰਮੇਵਾਰੀ ਪੂਰੀ ਕਰਨ ਲਈ ਤਿਆਰ ਹਨ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਨਾਮਧਾਰੀ ਸੰਪਰਦਾ ਦੇਹਾਧਾਰੀ ਵਾਲੀ ਸੋਚ ਨੂੰ ਸਦਾ ਲਈ ਅਲਵਿਦਾ ਕਹਿਕੇ, ਭਰਾਮਾਰੂ ਜੰਗ ਦੇ ਇਸ ਮੁੱਖ ਕਾਰਨ ਨੂੰ ਖ਼ਤਮ ਕਰਕੇ ਖ਼ਾਲਸਾ ਪੰਥ ਵਿਚ ਬਾਬਾ ਰਾਮ ਸਿੰਘ ਜੀ ਦੀ ਤਰ੍ਹਾਂ ਸਮੂਲੀਅਤ ਕਰ ਲਵੇਗੀ ਅਤੇ ਇਕੱਤਰ ਹੋਕੇ ਸਮਾਜਿਕ ਬੁਰਾਈਆ ਵਿਰੁੱਧ ਜਹਾਦ ਛੇੜਨ ਵਿਚ ਯੋਗਦਾਨ ਪਾਵੇਗੀ ।